
ਹਾਦਸੇ ਤੋਂ ਬਾਅਦ ਝੂਲਾ ਚਾਲਕ ਮੌਕੇ ਤੋਂ ਫ਼ਰਾਰ
ਚੰਡੀਗੜ੍ਹ ਦੇ ਸੈਕਟਰ-10 ਸਥਿਤ ਲੇਜ਼ਰ ਵੈਲੀ 'ਚ ਸ਼ੁੱਕਰਵਾਰ ਰਾਤ ਹਾਦਸਾ ਵਾਪਰ ਗਿਆ। ਇੱਥੇ ਲਗਾਏ ਗਏ ਝੂਲੇ ਦੀ ਸੀਟ ਬੈਲਟ ਅਚਾਨਕ ਟੁੱਟ ਗਈ ਅਤੇ ਉਸ ਵਿੱਚ ਬੈਠਾ ਬਿਲਡਰ ਵਿਕਾਸ ਕੁਮਾਰ ਝੂਲੇ ਦੇ ਅੰਦਰ ਜਾ ਡਿੱਗਿਆ। ਇਸ ਦੌਰਾਨ ਝੂਲਾ ਤੇਜ਼ ਰਫਤਾਰ ਨਾਲ ਚੱਲਦਾ ਰਿਹਾ ਅਤੇ ਵਿਕਾਸ ਸੀਟ ਤੋਂ ਬਾਹਰ ਆ ਕੇ ਇਧਰ-ਉਧਰ ਡਿੱਗਦਾ ਰਿਹਾ। ਉਸ ਨੂੰ ਬੜੀ ਮੁਸ਼ਕਲ ਨਾਲ ਬਚਾਇਆ ਜਾ ਸਕਿਆ। ਹਾਦਸੇ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਇਸ ਦੌਰਾਨ ਝੂਲਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਮਾਮਲੇ 'ਚ ਪੁਲਿਸ 'ਤੇ ਵੀ ਸਵਾਲ ਉੱਠ ਰਹੇ ਹਨ।
ਜਾਣਕਾਰੀ ਅਨੁਸਾਰ ਰਾਏਪੁਰ ਖੁਰਦ ਦਾ ਰਹਿਣ ਵਾਲਾ ਵਿਕਾਸ ਕੁਮਾਰ ਬਿਲਡਰ ਹੈ। ਸ਼ੁੱਕਰਵਾਰ ਦੇਰ ਸ਼ਾਮ ਉਹ ਆਪਣੇ ਪਰਿਵਾਰ ਨਾਲ ਲੇਜ਼ਰ ਵੈਲੀ, ਸੈਕਟਰ 10 ਚੰਡੀਗੜ੍ਹ ਆਇਆ ਸੀ। ਇਸ ਦੌਰਾਨ ਉਹ ਆਪਣੇ ਪਰਿਵਾਰ ਨਾਲ ਉੱਚੇ ਝੂਲੇ 'ਤੇ ਬੈਠ ਗਿਆ। ਇਸ ਦੌਰਾਨ ਝੂਲੇ ਦੀ ਸੀਟ ਬੈਲਟ ਉਚਾਈ 'ਤੇ ਟੁੱਟ ਗਈ। ਜਦੋਂ ਉਹ ਹੇਠਾਂ ਡਿੱਗਿਆ ਤਾਂ ਝੂਲੇ 'ਚ ਮੌਜੂਦ ਉਸ ਦੇ ਭਰਾ ਅਤੇ ਹੋਰ ਲੋਕਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਝੂਲੇ ਦੀ ਰਫ਼ਤਾਰ ਤੇਜ਼ ਹੋਣ ਕਾਰਨ ਉਹ ਉਸ ਨੂੰ ਫੜ ਨਹੀਂ ਸਕੇ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਿਕਾਸ ਝੂਲੇ ਨੂੰ ਬੰਦ ਕਰਨ ਲਈ ਰੌਲਾ ਪਾਉਂਦਾ ਰਿਹਾ ਪਰ ਚਾਲਕ ਨੇ ਉਸ ਨੂੰ ਅਣਗੌਲਿਆ ਕਰ ਦਿੱਤਾ। ਝੂਲਾ ਰੁਕਣ 'ਤੇ ਨੌਜਵਾਨਾਂ ਨੇ ਮੌਕੇ 'ਤੇ ਹੰਗਾਮਾ ਕਰ ਦਿੱਤਾ। ਜ਼ਖ਼ਮੀ ਨੂੰ ਇਲਾਜ ਲਈ ਸੈਕਟਰ-16 ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੇ ਨੱਕ ਅਤੇ ਸਿਰ 'ਤੇ ਵੱਜੀਆਂ ਸੱਟਾਂ ਦਾ ਇਲਾਜ ਕੀਤਾ। ਇਸ ਦੌਰਾਨ ਵਿਕਾਸ ਦੇ ਨਾਲ ਚਚੇਰੇ ਭਰਾ ਅਭਿਸ਼ੇਕ, ਜਸਵਿੰਦਰ ਅਤੇ ਦੋਸਤ ਰਾਜਵੀਰ, ਰਾਹੁਲ ਯਾਦਵ ਅਤੇ ਓਮ ਪ੍ਰਕਾਸ਼ ਵੀ ਮੌਜੂਦ ਸਨ। ਉਨ੍ਹਾਂ ਨੇ ਦੱਸਿਆ ਕਿ ਜੇਕਰ ਕੁਝ ਸਕਿੰਟਾਂ ਬਾਅਦ ਸੀਟ ਬੈਲਟ ਟੁੱਟ ਜਾਂਦੀ ਤਾਂ ਝੂਲੇ ਦੀ ਰਫ਼ਤਾਰ ਬਹੁਤ ਜ਼ਿਆਦਾ ਹੋ ਜਾਂਦੀ ਅਤੇ ਉਸ ਦੀ ਜਾਨ ਵੀ ਜਾ ਸਕਦੀ ਸੀ।
ਅਭਿਸ਼ੇਕ ਨੇ ਦੱਸਿਆ ਕਿ ਝੂਲੇ ਦੇ 3 ਚੱਕਰ ਹੁੰਦੇ ਹਨ ਅਤੇ ਇਹ 360 ਡਿਗਰੀ ਘੁੰਮਦਾ ਹੈ। ਪਹਿਲੇ ਰਾਊਂਡ 'ਚ ਹੀ ਸੀਟ ਬੈਲਟ ਟੁੱਟ ਗਈ, ਜਿਸ ਕਾਰਨ ਵਿਕਾਸ ਸੀਟ ਤੋਂ ਹੇਠਾਂ ਡਿੱਗ ਗਿਆ। ਜਾਂਚ ਕਰਨ 'ਤੇ ਪਤਾ ਲੱਗਾ ਕਿ ਸੀਟ ਬੈਲਟ ਟੇਪ ਦੀ ਮਦਦ ਨਾਲ ਲਗਾਈ ਗਈ ਸੀ, ਯਾਨੀ ਕਿ ਇਹ ਕੰਮ ਪੂਰੀ ਤਰ੍ਹਾਂ ਜੁਗਾੜ ਨਾਲ ਕੀਤਾ ਜਾ ਰਿਹਾ ਸੀ। ਖੁਸ਼ਕਿਸਮਤੀ ਇਹ ਰਹੀ ਕਿ ਝੂਲੇ 'ਚ ਕੈਬਿਨ ਲੱਗਾ ਹੋਇਆ ਸੀ, ਜਿਸ ਕਾਰਨ ਵਿਕਾਸ ਅੰਦਰ ਡਿੱਗ ਗਿਆ। ਜੇਕਰ ਇਹ ਖੁੱਲ੍ਹੇ ਝੂਲੇ 'ਚ ਹੁੰਦਾ ਤਾਂ ਇਹ ਸਿੱਧਾ ਹੇਠਾਂ ਡਿੱਗ ਸਕਦਾ ਸੀ ਅਤੇ ਭਿਆਨਕ ਹਾਦਸਾ ਵਾਪਰ ਸਕਦਾ ਸੀ।