
ਚੰਨੀ ਨੇ ਕਰਮਜੀਤ ਕੌਰ ਦੇ ਭਾਜਪਾ ਵਿਚ ਜਾਣ ਬਾਅਦ ਵਿਕਰਮਜੀਤ ਦੀ ਤੁਲਨਾ ‘ਦੁਰਯੋਧਨ’ ਨਾਲ ਕੀਤੀ ਸੀ
ਚੰਡੀਗੜ੍ਹ (ਭੁੱਲਰ) : ਪੰਜਾਬ ਦੇ ਆਗੂ ਜਿਥੇ ਸਿਧਾਂਤਾਂ ਨੂੰ ਪਾਸੇ ਰੱਖ ਕੇ ਸਿਰਫ਼ ਸੱਤਾ ਦੀ ਭੁੱਖ ਵਿਚ ਇਧਰ ਉਧਰ ਜਾਣ ਦੇ ਰੀਕਾਰਡ ਬਣਾ ਰਹੇ ਹਨ, ਉਥੇ ਪ੍ਰਮੁੱਖ ਪਾਰਟੀਆਂ ਦੇ ਸੀਨੀਅਰ ਆਗੂ ਲੋਕਾਂ ਦੇ ਅਸਲੀ ਮੁੱਦਿਆਂ ਦੀ ਗੱਲ ਕਰਨ ਦੀ ਥਾਂ ਇਕ ਦੂਜੇ ਵਿਰੁਧ ਨੀਵੇਂ ਪੱਧਰ ਦੀ ਮਾੜੀ ਤੋਹਮਤਬਾਜ਼ੀ ਵੀ ਕਰ ਰਹੇ ਹਨ।
ਬੀਤੇ ਦਿਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹੇ ਅਤੇ ਜਲੰਧਰ ਲੋਕ ਸਭਾ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਕਰਮਜੀਤ ਕੌਰ ਦੇ ਕਾਂਗਰਸ ਛੱਡ ਕੇ ਭਾਜਪਾ ਵਿਚ ਜਾਣ ਤੋਂ ਬਾਅਦ ਉਨ੍ਹਾਂ ਦੇ ਵਿਧਾਇਕ ਬੇਟੇ ਵਿਕਰਮਜੀਤ ਚੌਧਰੀ ਵਿਰੁਧ ਤਲਖ਼ ਟਿਪਣੀਆਂ ਕੀਤੀਆਂ ਸਨ ਜਿਸ ਭਾਸ਼ਾ ਵਿਚ ਚੰਨੀ ਨੇ ਟਿਪਣੀਆਂ ਕੀਤੀਆਂ ਸਨ, ਹੁਣ ਵਿਕਰਮਜੀਤ ਚੌਧਰੀ ਨੇ ਵੀ ਉਸੇ ਭਾਸ਼ਾ ਵਿਚ ਹੀ ਜਵਾਬ ਦਿਤਾ ਹੈ। ਚੰਨੀ ਨੇ ਵਿਕਰਮ ਚੌਧਰੀ ਵਿਰੁਧ ਟਿਪਣੀ ਕਰਦੇ ਹੋਏ ਉਨ੍ਹਾਂ ਦੀ ਤੁਲਨਾ ਮਹਾਂਭਾਰਤ ਦੇ ਦੁਰਯੋਜਨ ਨਾਲ ਕਰ ਦਿਤੀ ਸੀ।
ਅੱਜ ਵਿਕਰਮਜੀਤ ਚੌਧਰੀ ਜੋ ਹਾਲੇ ਵੀ ਕਾਂਗਰਸ ਦੇ ਵਿਧਾਇਕ ਹਨ ਭਾਵੇਂ ਕਿ ਉਨ੍ਹਾਂ ਦੀ ਮਾਤਾ ਕਰਮਜੀਤ ਕੌਰ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਹਨ, ਨੇ ਚੰਨੀ ’ਤੇ ਪਲਟਵਾਰ ਕਰਦਿਆਂ ਉਨ੍ਹਾਂ ਨੂੰ ਸ਼ਕੁਨੀ ਮਾਮਾ ਦਸਿਆ ਹੈ। ਉਨ੍ਹਾਂ ਕਿਹਾ ਕਿ ਖ਼ੁਦ ਨੂੰ ਸੁਦਾਮਾ ਦਸਣ ਵਾਲੇ ਚੰਨੀ ਦੇ ਘਰੋਂ ਈ.ਡੀ. ਨੂੰ 10 ਕਰੋੜ ਰੁਪਏ ਮਿਲੇ ਸਨ। ਇਸਲਈ ਚੰਨੀ ਦੇ ਮੂੰਹੋਂ ਅਜਿਹੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਉਹ ਰਮਾਇਣ, ਮਹਾਂਭਾਰਤ ਦੀ ਗੱਲ ਕਰਦੇ ਹੋਏ ਅਪਣੇ ਆਪ ਨੂੰ ਸੁਦਾਮਾ ਬਣ ਕੇ ਜਲੰਧਰ ਆਉਣ ਅਤੇ ਜਲੰਧਰ ਦੀ ਜਨਤਾ ਨੂੰ ਸ੍ਰੀ ਕ੍ਰਿਸ਼ਨ ਦਸਦੇ ਹਨ।
ਚੌਧਰੀ ਨੇ ਕਿਹਾ ਕਿ ਚੰਨੀ ਨੂੰ ਸੁਦਾਮਾ ਦਾ ਨਾਂ ਸਹੀ ਨਹੀਂ ਬੈਠਦਾ ਬਲਕਿ ਉਨ੍ਹਾਂ ਨੇ ਤਾਂ ‘ਸ਼ਕੁਨੀ ਮਾਮਾ’ ਵਾਲਾ ਕੰਮ ਕੀਤਾ ਹੈ। ਚੌਧਰੀ ਨੇ ਚੰਨੀ ਬਾਰੇ ਇਕ ਹੋਰ ਟਿਪਣੀ ਕਰਦਿਆਂ ਕਿਹਾ ਕਿ ਉਹ ਔਰਤਾਂ ਦਾ ਵੀ ਸਤਿਕਾਰ ਨਹੀਂ ਕਰਦੇ। ਮੰਤਰੀ ਰਹਿੰਦੇ ਹੋਏ ਇਕ ਮਹਿਲਾ ਆਈ.ਏ.ਐਸ. ਅਫ਼ਸਰ ਨੂੰ ਗ਼ਲਤ ਮੈਸੇਜ ਭੇਜੇ ਸਨ ਅਤੇ ਬਾਅਦ ਵਿਚ ਮਾਫ਼ੀ ਮੰਗੀ ਸੀ। ਮਾਮਲਾ ਮਹਿਲਾ ਕਮਿਸ਼ਨ ਤਕ ਪਹੁੰਚਿਆ ਸੀ। ਉਨ੍ਹਾਂ ਅਪਣੀ ਮਾਤਾ ਦੇ ਭਾਜਪਾ ਵਿਚ ਜਾਣ ਨੂੰ ਵੀ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਮੇਰੇ ਪਿਤਾ ਸਵਰਗੀ ਚੌਧਰੀ ਸੰਤੋਖ ਸਿੰਘ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿਚ ਜਾਨ ਗਵਾਈ ਸੀ ਅਤੇ ਜੇ ਫਿਰ ਵੀ ਲੰਮੀਸੇਵਾ ਦੇ ਬਾਵਜੂਦ ਕਾਂਗਰਸ ਦੇ ਵਫ਼ਾਦਾਰ ਪ੍ਰਵਾਰ ਨੂੰ ਪਹਿਚਾਣ ਤੇ ਸਨਮਾਨ ਨਾ ਮਿਲੇ ਤਾਂ ਫਿਰ ਉਹ ਕੀ ਕਰੇਗਾ?
ਇਸ ਬਾਰੇ ਕਾਂਗਰਸ ਨੂੰ ਗੰਭੀਰ ਚਿੰਤਨ ਕਰਨ ਦੀ ਲੋੜ ਹੈ। ਚੰਨੀ ਨੇ ਚੌਧਰੀ ਪ੍ਰਵਾਰ ਬਾਰੇ ਬੀਤੇ ਦਿਨ ਟਿਪਣੀ ਕਰਦੇ ਹੋਏ ਕਿਹਾ ਸੀ ਕਿ ਕਰਮਜੀਤ ਕੌਰ ਨੇ ਭਾਜਪਾ ਵਿਚ ਜਾ ਕੇ ਅਪਣੇ ਪ੍ਰਵਾਰ ਦਾ ਨੁਕਸਾਨ ਹੀ ਕਰਵਾਇਆ ਹੈ ਅਤੇ ਕਾਂਗਰਸ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਚੌਧਰੀ ਸੰਤੋਖ ਸਿੰਘ ਦੀ ਉਸ ਸਮੇਂ ਮੌਤ ਨਹੀਂ ਸੀ ਹੋਈ ਬਲਕਿ ਅੱਜ ਉਨ੍ਹਾਂ ਦੀ ਮੌਤ ਹੋਈ ਹੈ, ਜਦ ਪ੍ਰਵਾਰ ਨੇ ਉਨ੍ਹਾਂ ਦੀ ਸੋਚ ਛੱਡ ਦਿਤੀ ਹੈ। ਉਨ੍ਹਾਂ ਇਥੋਂ ਤਕ ਵੀ ਕਿਹਾ ਕਿ ਹੁਣ ਕਰਮਜੀਤ ਕੌਰ ਦੀ ਉਮਰ ਹੋ ਗਈ ਹੈ ਅਤੇ ਉਨ੍ਹਾਂ ਨੂੰ ਸਬਰ ਕਰਨਾ ਚਾਹੀਦਾ ਹੈ।
ਪ੍ਰਗਟ ਸਿੰਘ ਨੇ ਵਿਕਰਮਜੀਤ ਚੌਧਰੀ ਨੂੰ ਦਿਤੀ ਵਿਧਾਇਕ ਅਹੁਦਾ ਛੱਡਣ ਦੀ ਚੁਨੌਤੀ
ਉਧਰ ਜਲੰਧਰ ਤੋਂ ਹੀ ਕਾਂਗਰਸ ਵਿਧਾਇਕ ਅਤੇ ਪਾਰਟੀ ਦੇ ਸੀਨੀਅਰ ਆਗੂ ਪ੍ਰਗਟ ਸਿੰਘ ਵੀ ਚੰਨੀ ਤੇ ਵਿਕਰਮਜੀਤ ਦੀ ਬਹਿਸਬਾਜ਼ੀ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਚੁਨੌਤੀ ਦਿੰਦੇ ਹੋਏ ਕਿਹਾ ਕਿ ਮਾਤਾ ਦੇ ਭਾਜਪਾ ਵਿਚ ਜਾਣ ਬਾਅਦ ਜੇ ਉਹ ਸਹੀ ਅਰਥਾਂ ਵਿਚ ਬੰਦੇ ਦੇ ਪੁੱਤ ਹਨ ਤਾਂ ਕਾਂਗਰਸ ਦੇ ਵਿਧਾਇਕ ਅਹੁਦੇ ਤੋਂ ਅਸਤੀਫ਼ਾ ਦੇਣ। ਉਨ੍ਹਾਂ ਕਿਹਾ ਕਿ ਇਹ ਹੀ ਨੈਤਿਕਤਾ ਹੋਵੇਗੀ। ਵਿਧਾਇਕ ਅਹੁਦੇ ਤੋਂ ਅਸਤੀਫ਼ਾ ਦੇ ਕੇ ਉਹ ਮੈਦਾਨ ਵਿਚ ਆਉਣ ਤਾਂ ਉਨ੍ਹਾਂ ਨੂੰ ਸਹੀ ਮੰਨਿਆ ਜਾਵੇਗਾ ਨਹੀਂ ਤਾਂ ਇਹ ਦੋਗਲਾ ਸਟੈਂਡ ਹੀ ਹੈ।