
ਰਾਜਪਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਲੱਖਣ ਦ੍ਰਿਸ਼ਟੀਕੋਣ ਨੇ ਟੀਬੀ ਮੁਕਤ ਭਾਰਤ ਦੇ ਸੁਪਨੇ ਨੂੰ ਇਕ ਨਵੀਂ ਦਿਸ਼ਾ ਦਿਤੀ ਹੈ
Chandigarh News: ‘ਐਸੋਚੈਮ’ ਵਲੋਂ ‘ਸਿਹਤ, ਸੁੰਦਰਤਾ ਅਤੇ ਤੰਦਰੁਸਤੀ ਸਿੰਪੋਜ਼ੀਅਮ’ ਮੌਕੇ ‘ਟੀਬੀ ਮੁਕਤ ਭਾਰਤ’ ਪਹਿਲਕਦਮੀ ਤਹਿਤ ਇਕ ਸਮਾਗਮ ਕਰਵਾਇਆ। ਸਮਾਗਮ ਵਿਚ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਇਸ ਮੌਕੇ ਉਨ੍ਹਾਂ ਅਪਣੇ ਸੰਬੋਧਨ ਵਿਚ ਐਸੋਚੈਮ ਦੇ ਨਵੀਨਤਾਕਾਰੀ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਦਯੋਗ, ਨੀਤੀ ਘਾੜਿਆਂ, ਡਾਕਟਰੀ ਮਾਹਰਾਂ ਅਤੇ ਸਮਾਜਕ ਸੰਗਠਨਾਂ ਦੇ ਸਹਿਯੋਗ ਤੋਂ ਬਿਨਾਂ ਟੀ.ਬੀ. ਵਰਗੀਆਂ ਸਿਹਤ ਚੁਣੌਤੀਆਂ ਨਾਲ ਨਜਿੱਠਣਾ ਸੰਭਵ ਨਹੀਂ ਹੈ।
ਉਨ੍ਹਾਂ ਐਸੋਚੈਮ ਦੇ 50 ਟੀਬੀ ਮਰੀਜ਼ਾਂ ਨੂੰ ਗੋਦ ਲੈਣ ਦੇ ਯਤਨਾਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਜਿਸ ਰਾਹੀਂ ਮਰੀਜ਼ਾਂ ਨੂੰ ਨਾ ਸਿਰਫ਼ ਲੋੜੀਂਦੀ ਡਾਕਟਰੀ ਸਹਾਇਤਾ ਮਿਲੇਗੀ ਬਲਕਿ ਪੋਸ਼ਣ, ਮਨੋਬਲ ਅਤੇ ਸਮਾਜਕ ਸਹਾਇਤਾ ਵੀ ਦਿਤੀ ਜਾਵੇਗੀ।
ਰਾਜਪਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਲੱਖਣ ਦ੍ਰਿਸ਼ਟੀਕੋਣ ਨੇ ਟੀਬੀ ਮੁਕਤ ਭਾਰਤ ਦੇ ਸੁਪਨੇ ਨੂੰ ਇਕ ਨਵੀਂ ਦਿਸ਼ਾ ਦਿਤੀ ਹੈ। ਉਨ੍ਹਾਂ ਦੀ ਅਗਵਾਈ ਵਿਚ ਸਰਕਾਰ ਨੇ 2025 ਤਕ ਟੀਬੀ ਨੂੰ ਖਤਮ ਕਰਨ ਲਈ ਵਿਆਪਕ ਯੋਜਨਾਵਾਂ ਅਤੇ ਠੋਸ ਕਦਮ ਚੁੱਕੇ ਹਨ। ਇਸ ਸਮਾਗਮ ਵਿਚ ਸਿਹਤ ਵਿਭਾਗ ਦੇ ਸਕੱਤਰ ਅਜੈ ਚਗਤੀ ਅਤੇ ਐਸੋਚੈਮ ਦੇ ਮੈਂਬਰ ਵੀ ਮੌਜੂਦ ਸਨ।