
ਕਿਹਾ, ਸਰਕਾਰ ਦੇ ਅੰਕੜੇ ਲੈ ਕੇ ਹੀ ਬਹਿਸ ਲਈ ਆਏ ਸੀ
Farmers News: ਚੰਡੀਗੜ੍ਹ - ਕਿਸਾਨ ਮਜ਼ਦੂਰ ਮੋਰਚੇ ਅਤੇ ਐੱਸ.ਕੇ.ਐੱਮ. (ਗੈਰ ਰਾਜਨੀਤਕ) ਦੀ ਅਗਵਾਈ ਵਿੱਚ ਚੱਲ ਰਹੇ ਕਿਸਾਨ ਅੰਦੋਲਨ 2.0 ਨੂੰ ਅੱਜ 70 ਦਿਨ ਪੂਰੇ ਹੋ ਗਏ ਹਨ। ਗ੍ਰਿਫ਼ਤਾਰ ਕਿਸਾਨਾਂ ਦੀ ਰਿਹਾਈ ਲਈ ਸ਼ੰਭੂ ਟਰੈਕ ਉੱਤੇ ਲੱਗੇ ਮੋਰਚੇ ਦਾ ਅੱਜ 7ਵਾਂ ਦਿਨ ਸੀ। ਅੱਜ 23/04/24 ਕਿਸਾਨਾਂ ਵੱਲੋਂ ਭਾਜਪਾ ਦੇ ਕੇਂਦਰੀ ਤੇ ਸੂਬਾਈ ਆਗੂਆਂ ਨੂੰ ਕਿਸਾਨੀ ਮੰਗਾਂ ਬਾਰੇ ਖੁੱਲੀ ਚਰਚਾ ਤੇ ਬਹਿਸ ਦਾ ਸੱਦਾ ਦਿੱਤਾ ਗਿਆ। ਪਿਛਲੀ ਦਿਨੀਂ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਪ੍ਰੈੱਸ ਨੂੰ ਸੰਬੋਧਨ ਹੁੰਦਿਆਂ ਕਿਸਾਨਾਂ ਨੂੰ ਕਿਸਾਨੀ ਮੰਗਾਂ ਬਾਰੇ ਬਹਿਸ ਕਰਨ ਲਈ ਵੰਗਾਰਿਆ ਸੀ।
ਸੁਨੀਲ ਜਾਖੜ ਦਾਅਵਾ ਕਰ ਰਹੇ ਸਨ ਕਿ ਭਾਜਪਾ ਸਰਕਾਰ ਨੇ ਦੇਸ ਦੇ ਕਿਸਾਨਾਂ ਦੇ ਹਿੱਤ ਵਿੱਚ ਬਹੁਤ ਕੰਮ ਕੀਤਾ ਹੈ। ਭਾਜਪਾ ਪ੍ਰਧਾਨ ਵੱਲੋਂ ਕਿਸਾਨਾਂ ਨੂੰ ਕੀਤੇ ਚੈਲੇਂਜ ਨੂੰ ਕਿਸਾਨ ਲੀਡਸ਼ਿਪ ਨੇ ਕਬੂਲ ਕਰ ਲਿਆ ਗਿਆ ਸੀ। ਭਾਜਪਾ ਆਗੂਆਂ ਵੱਲੋਂ ਚਰਚਾ ਜਾਂ ਬਹਿਸ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਉਸ ਤੋਂ ਬਾਅਦ ਕਿਸਾਨ ਮਜਦੂਰ ਮੋਰਚੇ ਅਤੇ ਐੱਸ.ਕੇ.ਐੱਮ. ਗੈਰ ਰਾਜਨੀਤਕ ਵੱਲੋਂ ਅੱਜ 23/04/24 ਨੂੰ ਕਿਸਾਨ ਭਵਨ ਵਿਖੇ ਸਵੇਰ ਦੇ 11 ਵਜੇ ਤੋਂ 3 ਵਜੇ ਤੱਕ ਲਈ ਖੁੱਲੀ ਚਰਚਾ ਤੇ ਬਹਿਸ ਦਾ ਪ੍ਰਬੰਧ ਕੀਤਾ ਗਿਆ ਅਤੇ ਭਾਜਪਾ ਦੀ ਸੂਬਾਈ ਤੇ ਕੇਂਦਰੀ ਲੀਡਰਸ਼ਿਪ ਨੂੰ ਖੁੱਲਾ ਸੱਦਾ ਦਿੱਤਾ ਗਿਆ।
ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਚੈਲੇਂਜ ਨੂੰ ਕਬੂਲ ਕਰਨ ਦਾ ਮਕਸਦ ਇਹ ਸੀ ਕਿ ਭਾਜਪਾ ਦੇ ਝੂਠੇ ਪ੍ਰਚਾਰ ਦੀ ਪੋਲ ਖੋਲੀ ਜਾ ਸਕੇ ਅਤੇ ਮੋਦੀ ਸਰਕਾਰ ਦਾ ਕਿਸਾਨ ਮਜ਼ਦੂਰ ਚਿਹਰਾ ਨੰਗਾ ਕੀਤਾ ਜਾ ਸਕੇ। ਕਿਸਾਨ ਆਗੂ ਸਮੇਂ ਸਿਰ ਕਿਸਾਨ ਭਵਨ ਪਹੁੰਚ ਗਏ ਸਨ ਅਤੇ ਵੱਡੀ ਗਿਣਤੀ ਵਿਚ ਮੀਡੀਆ ਕਰਮੀ ਵੀ ਮੌਜੂਦ ਰਹੇ। ਪਰ ਭਾਜਪਾ ਆਗੂਆਂ ਵਿੱਚੋਂ ਕੋਈ ਇੱਕ ਵੀ ਨਹੀਂ ਪਹੁੰਚਿਆ। ਭਾਜਪਾ ਆਗੂਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਜੇਪੀ ਨੱਢਾ ਤੇ ਸੁਨੀਲ ਜਾਖੜ ਲਈ ਰਾਖਵੀਆਂ ਰੱਖੀਆਂ ਗਈਆਂ ਕੁਰਸੀਆਂ ਖਾਲੀ ਪਈਆਂ ਰਹੀਆਂ।
ਭਾਜਪਾ ਆਗੂਆਂ ਦਾ ਖੁ਼ਦ ਹੀ ਕਿਸਾਨਾਂ ਨੂੰ ਬਹਿਸ ਲਈ ਵੰਗਾਰ ਕੇ ਅੱਜ ਦੀ ਖੁੱਲੀ ਚਰਚਾ ਵਿੱਚ ਨਾ ਆਉਣਾ ਇਹ ਸਾਬਤ ਕਰਦਾ ਹੈ ਕਿ ਭਾਜਪਾ ਸਰਕਾਰ ਦਾ ਕਿਸਾਨਾਂ ਮਜ਼ਦੂਰਾਂ ਦੇ ਸਵਾਲਾਂ ਦਾ ਸਾਹਮਣਾ ਕਰਨ ਦਾ ਮਾਦਾ ਨਹੀਂ ਹੈ। ਮੋਦੀ ਸਰਕਾਰ ਦੀ 10 ਸਾਲ ਦੀ ਕਾਰਗੁਜ਼ਾਰੀ ਦੌਰਾਨ ਕਿਸਾਨਾਂ ਮਜਦੂਰਾਂ ਦੇ ਖਿਲਾਫ਼ ਲਗਾਤਾਰ ਫ਼ੈਸਲੇ ਲਏ ਗਏ ਜਿਸ ਕਰਕੇ ਅੱਜ ਚੋਣਾਂ ਚ ਭਾਜਪਾ ਆਗੂ ਸਵਾਲਾਂ ਤੋਂ ਲਗਾਤਾਰ ਭੱਜ ਰਹੇ ਹਨ। ਜਦ ਸ਼ਹਿਰਾਂ ਪਿੰਡਾਂ ਚ ਕਿਸਾਨ ਸਵਾਲ ਕਰਦੇ ਹਨ ਉਸ ਸਮੇਂ ਵੀ ਭਾਜਪਾ ਆਗੂ ਇਹ ਕਹਿ ਕੇ ਸਵਾਲਾਂ ਤੋਂ ਭੱਜਦੇ ਹਨ ਕਿ ਇਹ ਨੀਤੀ ਦੇ ਮਾਮਲੇ ਉਪਰ ਦੀ ਲੀਡਰਸ਼ਿਪ ਨਾਲ ਜੁੜੇ ਹੋਏ ਹਨ। ਅੱਜ ਜਦੋਂ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਨੂੰ ਬਹਿਸ ਲਈ ਸੱਦਾ ਦਿੱਤਾ ਗਿਆ ਤਾਂ ਉਹ ਵੀ ਕਿਸਾਨਾਂ ਦੇ ਸਵਾਲਾਂ ਤੋਂ ਭੱਜਦੇ ਹੋਏ ਗੈਰ ਹਾਜ਼ਰ ਰਹੇ।
ਕਿਸਾਨ ਕਦੇ ਵੀ ਸਰਕਾਰ ਨਾਲ ਗੱਲਬਾਤ, ਚਰਚਾ ਜਾਂ ਬਹਿਸ ਕਰਨ ਤੋਂ ਪਿੱਛੇ ਨਹੀਂ ਹਟੇ। ਜਦ ਕਿ ਮੋਦੀ ਸਰਕਾਰ ਨੇ ਐੱਮ.ਐੱਸ.ਪੀ. ਕਾਨੂੰਨੀ ਗਰੰਟੀ, ਲਖੀਮਪੁਰ ਦੇ ਕਿਸਾਨਾਂ ਨੂੰ ਇਨਸਾਫ ਦਿਵਾਉਣ ਵਰਗੀਆਂ ਮੰਗਾਂ ਮੰਨ ਕੇ ਵੀ ਪਿੱਛੇ ਹਟੀ ਹੋਈ ਹੈ। ਇਸ ਅੰਦੋਲਨ ਦੌਰਾਨ ਸਰਕਾਰ ਹਰਿਆਣਾ ਦੇ ਕਿਸਾਨਾਂ ਦੀ ਰਿਹਾਈ ਦੀ ਮੰਗ ਵੀ ਮੰਨ ਕੇ ਮੁਕਰ ਗਈ। ਅੱਜ ਬਹਿਸ ਦਾ ਚੈਲੇਂਜ ਕਰਕੇ ਪਿੱਛੇ ਹਟ ਗਏ। ਵਾਅਦਾ ਖਿਲਾਫ਼ੀ ਕਰਨਾ, ਬਹਿਸ ਜਾਂ ਚਰਚਾ ਤੋਂ ਭੱਜਣਾ ਭਾਜਪਾ ਸਰਕਾਰ ਦੀ ਫਿਤਰਤ ਬਣ ਚੁੱਕੀ ਹੈ।
ਪ੍ਰੈੱਸ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂਆਂ ਸੁਰਜੀਤ ਸਿੰਘ ਫੁੱਲ, ਜਗਜੀਤ ਸਿੰਘ ਡੱਲੇਵਾਲ, ਮਨਜੀਤ ਸਿੰਘ ਰਾਏ, ਗੁਰ ਅਮਨੀਤ ਸਿੰਘ ਮਾਂਗਟ, ਅਭਿਮਨਯੂ ਕੋਹਾੜ ਅਤੇ ਸੁਖਜੀਤ ਸਿੰਘ ਖਹਿਰਾ ਨੇ ਪ੍ਰੈੱਸ ਕਾਨਫਰੰਸ ਵਿਚ ਐਲਾਨ ਕੀਤਾ ਕਿ 22 ਮਈ ਨੂੰ ਕਿਸਾਨ ਅੰਦੋਲਨ 2.0 ਦੇ 100 ਦਿਨ ਪੂਰੇ ਹੋ ਰਹੇ ਹਨ ਅਤੇ ਇਸ ਦਿਨ ਦੋਵੇਂ ਬਾਰਡਰਾਂ ਉੱਤੇ ਵੱਡੇ ਇਕੱਠ ਕੀਤੇ ਜਾਣਗੇ। ਇਸ ਤੋਂ ਇਲਾਵਾ ਐਲਾਨ ਕੀਤਾ ਗਿਆ ਕਿ 1 ਮਈ ਨੂੰ ਦੋਵੇਂ ਮੋਰਚਿਆਂ ਤੇ ਮਜ਼ਦੂਰ ਦਿਹਾੜਾ ਮਨਾਇਆ ਜਾਵੇਗਾ।