
ਬਾਇਓਮੈਟ੍ਰਿਕ ਸਿਸਟਮ 'ਚ ਦਰਜ ਨਾ ਹੋਣ 'ਤੇ ਕੱਟੀ ਜਾਵੇਗੀ ਤਨਖਾਹ, ਪ੍ਰਸ਼ਾਸਨ ਨੇ ਜਾਰੀ ਕੀਤੇ ਹੁਕਮ
Chandigarh : ਹੁਣ ਚੰਡੀਗੜ੍ਹ ’ਚ ਸਮੇਂ ਸਿਰ ਡਿਊਟੀ ’ਤੇ ਨਾ ਪਹੁੰਚਣਾ ਕਰਮਚਾਰੀਆਂ ਲਈ ਨੁਕਸਾਨਦੇਹ ਹੋ ਸਕਦਾ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਇੱਕ ਹੁਕਮ ਜਾਰੀ ਕਰਕੇ ਕਿਹਾ ਹੈ ਕਿ ਜੇਕਰ ਕਿਸੇ ਕਰਮਚਾਰੀ ਦੀ ਹਾਜ਼ਰੀ ਬਾਇਓਮੈਟ੍ਰਿਕ ਸਿਸਟਮ ਵਿੱਚ ਦਰਜ ਨਹੀਂ ਹੈ, ਤਾਂ ਉਸਦੀ ਤਨਖਾਹ ਕੱਟ ਲਈ ਜਾਵੇਗੀ।
ਚੰਡੀਗੜ੍ਹ ਪ੍ਰਸ਼ਾਸਨ ਨੇ ਸਾਰੇ ਕਰਮਚਾਰੀਆਂ ਦੀ ਸੂਚੀ ਮੰਗੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਨ੍ਹਾਂ ’ਚੋਂ ਕਿੰਨੇ ਬਾਇਓਮੈਟ੍ਰਿਕ ਨਾਲ ਜੁੜੇ ਹੋਏ ਹਨ ਅਤੇ ਕਿੰਨੇ ਨਹੀਂ। ਜਿਹੜੇ ਕਰਮਚਾਰੀ ਅਜੇ ਤੱਕ ਇਸ ਨਾਲ ਨਹੀਂ, ਉਨ੍ਹਾਂ ਨੂੰ ਵੀ ਜਲਦੀ ਹੀ ਇਸ ਸਿਸਟਮ ਨਾਲ ਜੋੜਿਆ ਜਾਵੇਗਾ। ਹੁਕਮ ਵਿੱਚ ਕਿਹਾ ਗਿਆ ਹੈ ਕਿ ਹਰ ਮਹੀਨੇ ਨਿਰਧਾਰਤ ਸਮੇਂ ਤੋਂ ਪਹਿਲਾਂ ਕਰਮਚਾਰੀਆਂ ਦੀ ਬਾਇਓਮੈਟ੍ਰਿਕ ਹਾਜ਼ਰੀ ਦੀ ਰਿਪੋਰਟ ਭੇਜਣਾ ਲਾਜ਼ਮੀ ਹੋਵੇਗਾ, ਤਾਂ ਜੋ ਤਨਖਾਹ ਬਿੱਲ ਸਮੇਂ ਸਿਰ ਤਿਆਰ ਕੀਤਾ ਜਾ ਸਕੇ।
ਚੰਡੀਗੜ੍ਹ ਪ੍ਰਸ਼ਾਸਨ ਦਾ ਇਹ ਹੁਕਮ ਉਨ੍ਹਾਂ ਕਰਮਚਾਰੀਆਂ ਲਈ ਵੱਡੀ ਸਮੱਸਿਆ ਬਣ ਸਕਦਾ ਹੈ ਜੋ ਸਵੇਰੇ ਡਿਊਟੀ ’ਤੇ ਦੇਰ ਨਾਲ ਆਉਂਦੇ ਹਨ ਅਤੇ ਸ਼ਾਮ ਨੂੰ ਸਮੇਂ ਤੋਂ ਪਹਿਲਾਂ ਦਫ਼ਤਰ ਤੋਂ ਚਲੇ ਜਾਂਦੇ ਹਨ। ਹੁਣ ਅਜਿਹਾ ਨਹੀਂ ਹੋਵੇਗਾ ਕਿਉਂਕਿ ਬਾਇਓਮੈਟ੍ਰਿਕ ਐਂਟਰੀ ਦੱਸੇਗੀ ਕਿ ਕਰਮਚਾਰੀ ਕਦੋਂ ਦਫ਼ਤਰ ਆਇਆ ਅਤੇ ਕਦੋਂ ਚਲਾ ਗਿਆ। ਪਹਿਲਾਂ ਕਰਮਚਾਰੀ ਨੂੰ ਪੂਰੀ ਤਨਖਾਹ ਦਿੱਤੀ ਜਾਂਦੀ ਸੀ ਪਰ ਹੁਣ ਲੇਟ ਆਉਣ ਵਾਲੇ ਅਤੇ ਜਲਦੀ ਜਾਣ ਵਾਲੇ ਕਰਮਚਾਰੀ ਦੀ ਤਨਖਾਹ ਕੱਟ ਲਈ ਜਾਵੇਗੀ।
ਚੰਡੀਗੜ੍ਹ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਵੀ ਬਾਇਓਮੈਟ੍ਰਿਕ ਹਾਜ਼ਰੀ ਦੇ ਆਧਾਰ ’ਤੇ ਹੀ ਤਨਖਾਹ ਮਿਲੇਗੀ। ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਸਪੱਸ਼ਟ ਕੀਤਾ ਹੈ ਕਿ ਜਿਸ ਵਿਅਕਤੀ ਦੀ ਹਾਜ਼ਰੀ ਬਾਇਓਮੈਟ੍ਰਿਕ ਸਿਸਟਮ ਵਿੱਚ ਨਹੀਂ ਹੈ, ਉਸਨੂੰ ਤਨਖਾਹ ਨਹੀਂ ਦਿੱਤੀ ਜਾਵੇਗੀ। ਕਮਿਸ਼ਨਰ ਦਾ ਕਹਿਣਾ ਹੈ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਜਾਅਲੀ ਹਾਜ਼ਰੀ ਲਗਾਉਣ ਵਾਲਿਆਂ ਨੂੰ ਰੋਕਿਆ ਜਾ ਸਕੇ ਅਤੇ ਸਰਕਾਰੀ ਪ੍ਰਣਾਲੀ ਵਿੱਚ ਇਮਾਨਦਾਰੀ ਅਤੇ ਪਾਰਦਰਸ਼ਤਾ ਲਿਆਂਦੀ ਜਾ ਸਕੇ। ਜੋ ਕਰਮਚਾਰੀ ਇਸ ਨਿਯਮ ਦੀ ਪਾਲਣਾ ਨਹੀਂ ਕਰਨਗੇ, ਉਨ੍ਹਾਂ ਨੂੰ ਕੋਈ ਛੋਟ ਨਹੀਂ ਦਿੱਤੀ ਜਾਵੇਗੀ।