ਹੁਣ ਲੱਗੇਗਾ 13,500 ਰੁਪਏ ਤੱਕ ਲੱਗੇਗਾ ਜੁਰਮਾਨਾ
ਚੰਡੀਗੜ੍ਹ: 'ਸਿਟੀ ਬਿਊਟੀਫੁੱਲ' ਨੂੰ ਹੋਰ ਸਵੱਛ ਬਣਾਉਣ ਲਈ ਨਗਰ ਨਿਗਮ ਨੇ ਹੁਣ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਨਗਰ ਨਿਗਮ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ (IAS) ਨੇ ਅੱਜ ਸਾਫ਼ ਕਰ ਦਿੱਤਾ ਹੈ ਕਿ ਸ਼ਹਿਰ ਵਿੱਚ ਕੂੜੇ ਨੂੰ ਵੱਖ-ਵੱਖ ਕਰਨਾ (Segregation) ਹੁਣ ਲਾਜ਼ਮੀ ਹੋਵੇਗਾ। ਜੇਕਰ ਤੁਸੀਂ ਸੁੱਕਾ ਅਤੇ ਗਿੱਲਾ ਕੂੜਾ ਮਿਲਾ ਕੇ ਦਿੱਤਾ, ਤਾਂ ਨਿਗਮ ਦੀਆਂ ਗੱਡੀਆਂ ਤੁਹਾਡਾ ਕੂੜਾ ਨਹੀਂ ਚੁੱਕਣਗੀਆਂ।
ਨਿਯਮ ਤੋੜਨ ਵਾਲਿਆਂ ਨੂੰ ਪਵੇਗੀ ਮਾਰ:-
ਭਾਰੀ ਜੁਰਮਾਨਾ: ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ 500 ਰੁਪਏ ਤੋਂ ਲੈ ਕੇ 13,500 ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ।
ਰਜਿਸਟਰ 'ਚ ਦਰਜ ਹੋਵੇਗਾ ਨਾਮ: ਕੂੜਾ ਚੁੱਕਣ ਵਾਲੀ ਹਰ ਗੱਡੀ ਦੇ ਡਰਾਈਵਰ ਕੋਲ ਇੱਕ ਵਿਸ਼ੇਸ਼ ਰਜਿਸਟਰ ਹੋਵੇਗਾ। ਜੋ ਵੀ ਘਰ ਜਾਂ ਦੁਕਾਨਦਾਰ ਮਿਲਾਵਟੀ ਕੂੜਾ ਦੇਵੇਗਾ, ਉਸ ਦਾ ਵੇਰਵਾ ਤੁਰੰਤ ਨੋਟ ਕੀਤਾ ਜਾਵੇਗਾ ਅਤੇ ਉਸ ਦਾ ਚਲਾਨ ਕੱਟਿਆ ਜਾਵੇਗਾ।
ਅਧਿਕਾਰੀਆਂ ਦੀ ਤਿੱਖੀ ਨਜ਼ਰ: ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਹਨ ਕਿ ਉੱਚ ਅਧਿਕਾਰੀ ਸ਼ਹਿਰ ਵਿੱਚ ਕਿਸੇ ਵੀ ਸਮੇਂ 'ਸਰਪ੍ਰਾਈਜ਼ ਚੈਕਿੰਗ' ਕਰ ਸਕਦੇ ਹਨ। ਜੇਕਰ ਕੋਈ ਕਰਮਚਾਰੀ ਵੀ ਮਿਲਾਵਟੀ ਕੂੜਾ ਚੁੱਕਦਾ ਪਾਇਆ ਗਿਆ, ਤਾਂ ਉਸ ਵਿਰੁੱਧ ਵੀ ਸਖ਼ਤ ਕਾਰਵਾਈ ਹੋਵੇਗੀ।
ਕੀ ਹੈ ਨਿਗਮ ਦਾ ਮਕਸਦ?
ਨਿਗਮ ਕਮਿਸ਼ਨਰ ਮੁਤਾਬਕ, ਸਿਰਫ਼ ਜਾਗਰੂਕਤਾ ਨਾਲ ਕੰਮ ਨਹੀਂ ਚੱਲੇਗਾ, ਹੁਣ 'ਚਲਾਨ' ਰਾਹੀਂ ਸਖ਼ਤੀ ਕਰਨੀ ਵੀ ਜ਼ਰੂਰੀ ਹੈ। ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਅਤੇ ਵਪਾਰਕ ਅਦਾਰਿਆਂ ਵਿੱਚ ਕੂੜੇ ਨੂੰ ਸਰੋਤ (Source) 'ਤੇ ਹੀ ਵੱਖ-ਵੱਖ ਕਰਨ ਤਾਂ ਜੋ ਚੰਡੀਗੜ੍ਹ ਨੂੰ ਦੇਸ਼ ਦਾ ਸਭ ਤੋਂ ਸਾਫ਼ ਸੁਥਰਾ ਸ਼ਹਿਰ ਬਣਾਇਆ ਜਾ ਸਕੇ।
