
Harbhajan Singh ETO News : ਵਿਧਾਨ ਸਭਾ 'ਚ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਉਠਾਇਆ ਸੀ ਮੁੱਦਾ
Minister Harbhajan Singh ETO's response on the issue of widening of bridges Latest News in Punjabi : ਚੰਡੀਗੜ੍ਹ, ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਦੀ ਅੱਜ ਕਾਰਵਾਈ ਸ਼ੁਰੂ ਹੋ ਚੁਕੀ ਹੈ। ਅੱਜ ਵੀ ਵਿਧਾਨ ਸਭਾ ਸੈਸ਼ਨ ਵਿਚ ਵਿਰੋਧੀ ਧਿਰ ਵਲੋਂ ਹੰਗਾਮੇ ਦੇ ਆਸਾਰ ਲੱਗ ਰਹੇ ਹਨ। ਦੂਜੇ ਦਿਨ ਦੀ ਕਾਰਵਾਈ ਦੌਰਾਨ ਪੰਜਾਬ ਵਿਚ ਪੁਲਾਂ ਨੂੰ ਚੌੜਾ ਕਰਨ ਦਾ ਮਾਮਲਾ ਗੂੰਜਿਆ, ਜਿਸ ਦਾ ਜਵਾਬ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਦਿਤਾ ਹੈ।
ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਫ਼ਰੀਦਕੋਟ-ਕੋਟਕਪੂਰਾ ਵਿਖੇ ਪੁਲਾਂ ਨੂੰ ਚੌੜਾ ਕਰਨ ਨੂੰ ਲੈ ਕੇ ਕਿਹਾ ਕਿ ਪਿਛਲੇ ਦਿਨੀਂ ਇਥੇ ਪੁਲ ਦੀ ਚੌੜਾਈ ਘੱਟ ਹੋਣ ਕਰ ਕੇ ਇਕ ਬੱਸ ਪੁਲ ਤੋਂ ਹੇਠਾਂ ਡਿੱਗ ਗਈ ਸੀ। ਇਸ ਦੇ ਨਾਲ ਹੀ ਸਾਦਿਕ ਰੋਡ 'ਤੇ ਜਿੱਥੇ ਫ਼ਰੀਦਕੋਟ ਦੀ ਛਾਉਣੀ ਹੈ, ਉਥੋਂ ਆਰਮੀ ਦੇ ਬਹੁਤ ਵੱਡੇ ਟੈਂਕ ਲੰਘਦੇ ਹਨ, ਉਥੇ ਵੀ ਪੁਲ ਘੱਟ ਚੌੜੇ ਹਨ ਅਤੇ 50-60 ਸਾਲ ਪੁਰਾਣੇ ਬਣੇ ਹੋਏ ਹਨ।
ਉਨ੍ਹਾਂ ਨੇ ਸ਼ਹਿਰ ਦੇ ਨੇੜੇ ਬਣੇ ਪੁਲਾਂ ਨੂੰ ਚੌੜੇ ਕਰਨ ਦੀ ਮੰਗ ਕੀਤੀ। ਗੁਰਦਿੱਤ ਸਿੰਘ ਸੇਖੋਂ ਵਲੋਂ ਕੀਤੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਜਿਹੜੇ ਪੁਲਾਂ ਦੀ ਗੱਲ ਸੇਖੋਂ ਸਾਬ੍ਹ ਕਰ ਰਹੇ ਹਨ, ਉਨ੍ਹਾਂ ਦੀ ਕੁੱਲ ਗਿਣਤੀ 12 ਹੈ। ਉਨ੍ਹਾਂ ਕਿਹਾ ਕਿ ਜੋ ਪੁਲ ਦੇ ਢਾਂਚੇ ਹਨ, ਉਹ ਆਵਾਜਾਈ ਵਾਸਤੇ ਅਜੇ ਸੁਰੱਖਿਅਤ ਹਨ ਪਰ ਘੱਟ ਚੌੜੇ ਹਨ।
ਮੰਤਰੀ ਨੇ ਕਿਹਾ ਕਿ ਅਸੀਂ ਇਸ ਦੇ ਲਈ ਪੀ.ਸੀ.ਯੂ. (ਪੈਸੈਂਜਰ ਕਾਰ ਯੂਨਿਟੀ) ਦੇ ਅਧਿਕਾਰੀਆਂ ਨੂੰ ਲਾਗੂ ਕਰਕੇ ਪੁਲਾਂ ਦੀ ਮੌਜੂਦਾ ਸਥਿਤੀ ਦੀ ਜਾਂਚ ਕਰਵਾ ਰਹੇ ਹਾਂ। ਜੋ ਵੀ ਰਿਪੋਰਟ ਆਵੇਗੀ, ਉਸ ਦੇ ਮੁਤਾਬਕ ਪੁਲਾਂ ਨੂੰ ਚੌੜਾ ਕਰ ਦਿਤਾ ਜਾਵੇਗਾ।
ਸੇਖੋਂ ਨੇ ਕਿਹਾ ਕਿ ਮੰਤਰੀ ਸਾਬ੍ਹ ਕਹਿੰਦੇ ਹਨ ਕਿ ਸੜਕਾਂ ਦੇ ਬਰਾਬਰ ਪੁਲ ਹਨ ਪਰ ਜਿਹੜਾ ਕੋਟਕਪੂਰਾ ਰੋਡ 'ਤੇ ਪੁਲ ਬਣਿਆ ਹੈ, ਉਹ 7 ਮੀਟਰ ਹੈ ਅਤੇ ਸੜਕ 10 ਮੀਟਰ ਹੈ। ਇਸੇ ਤਰ੍ਹਾਂ ਫ਼ਿਰੋਜ਼ਪੁਰ ਰੋਡ ਦੀ ਵੀ ਸੜਕ ਜ਼ਿਆਦਾ ਚੌੜ੍ਹੀ ਹੈ ਜਦਕਿ ਪੁਲ ਘੱਟ ਚੌੜ੍ਹਾ ਹੈ। ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਚੈਕਿੰਗ ਮਗਰੋਂ ਜੋ ਵੀ ਰਿਪੋਰਟ ਆਵੇਗੀ, ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।