ਕਿਹਾ : ਹੁਣ ਸਮੁੱਚੇ ਪੰਜਾਬ ’ਚ ਹਾਈ ਕੋਰਟ ਦੀ ਆਗਿਆ ਤੋਂ ਬਿਨਾ ਨਹੀਂ ਕੱਟੇ ਜਾ ਸਕਣਗੇ ਦਰਖਤ
ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮੁਹਾਲੀ ਦੇ ਏਅਰਪੋਰਟ ਰੋਡ 'ਤੇ ਰਾਊਂਡ-ਅਬਾਊਟ (ਚੌਂਕ) ਬਣਾਉਣ ਲਈ ਕੱਟੇ ਜਾ ਰਹੇ 251 ਦਰੱਖਤਾਂ ਦੇ ਮਾਮਲੇ ਵਿੱਚ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਤੁਰੰਤ ਪ੍ਰਭਾਵ ਨਾਲ ਇਨ੍ਹਾਂ ਦਰੱਖਤਾਂ ਦੀ ਕਟਾਈ 'ਤੇ ਸਟੇਅ (ਰੋਕ) ਲਗਾ ਦਿੱਤੀ ਹੈ।
ਅਦਾਲਤ ਨੇ ਸਾਫ਼ ਕਰ ਦਿੱਤਾ ਹੈ ਕਿ ਹਾਈਕੋਰਟ ਦੀ ਇਜਾਜ਼ਤ ਤੋਂ ਬਿਨਾਂ ਹੁਣ ਪੰਜਾਬ ਵਿੱਚ ਕਿਤੇ ਵੀ ਦਰੱਖਤ ਨਹੀਂ ਕੱਟੇ ਜਾਣਗੇ। ਇਹ ਜਨਹਿੱਤ ਪਟੀਸ਼ਨ ਯੂਥ ਕਾਂਗਰਸ ਮੁਹਾਲੀ ਦੇ ਪ੍ਰਧਾਨ ਸ਼ੁਭਮ ਸਿੰਘ (ਸ਼ੁਭ ਸੇਖੋਂ) ਵੱਲੋਂ ਦਾਇਰ ਕੀਤੀ ਗਈ ਸੀ। ਉਨ੍ਹਾਂ ਦਲੀਲ ਦਿੱਤੀ ਸੀ ਕਿ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਕੁਦਰਤ ਵਿਰੁੱਧ ਅਪਰਾਧ ਹੈ ਅਤੇ ਇਸ ਨਾਲ ਵਾਤਾਵਰਣ 'ਤੇ ਬੁਰਾ ਅਸਰ ਪਵੇਗਾ।
ਗਮਾਡਾ ਵੱਲੋਂ ਏਅਰਪੋਰਟ ਰੋਡ 'ਤੇ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਤਿੰਨ ਨਵੇਂ ਰਾਊਂਡ-ਅਬਾਊਟ ਬਣਾਉਣ ਦੀ ਯੋਜਨਾ ਸੀ। ਇਸ ਪ੍ਰੋਜੈਕਟ ਲਈ ਸੋਹਾਣਾ ਤੋਂ ਸੈਕਟਰ 79-80 ਦੇ ਲਾਈਟ ਪੁਆਇੰਟ ਤੱਕ ਲੱਗੇ 251 ਦਰੱਖਤਾਂ ਨੂੰ ਕੱਟਣ ਲਈ ਨਿਲਾਮੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਸੀ। ਪਟੀਸ਼ਨਕਰਤਾ ਸ਼ੁਭਮ ਸਿੰਘ ਨੇ ਇਸ ਫੈਸਲੇ ਨੂੰ ਵਾਤਾਵਰਣ ਅਤੇ ਆਉਣ ਵਾਲੀ ਪੀੜ੍ਹੀ ਦੀ ਜਿੱਤ ਦੱਸਿਆ ਹੈ ਅਤੇ ਨਾਗਰਿਕਾਂ ਨੂੰ ਇਸ ਲੜਾਈ ਵਿੱਚ ਸਾਥ ਦੇਣ ਦੀ ਅਪੀਲ ਕੀਤੀ ਹੈ।
