Punjab Weather Update: ਹਿਮਾਚਲ ਵਿਚ 600 ਸੈਲਾਨੀ ਭੁੱਖੇ-ਪਿਆਸੇ ਫਸੇ
ਚੰਡੀਗੜ੍ਹ/ਸ਼ਿਮਲਾ : ਪੰਜਾਬ ਵਿਚ ਜਿਥੇ ਮੀਂਹ ਬਿਜਲੀ-ਪਾਣੀ ਦੀ ਸਪਲਾਈ ਬੰਦ ਹੋ ਗਈ ਹੈ, ਉਥੇ ਹਿਮਾਚਲ ਵਿਚ ਭਾਰੀ ਬਰਫ਼ਬਾਰੀ ਕਾਰਨ ਸੈਂਕੜੇ ਸੈਲਾਨੀ ਫਸੇ ਹੋਏ ਹਨ। ਪੰਜਾਬ ਅਤੇ ਹਰਿਆਣਾ ਵਿਚ ਬਠਿੰਡਾ ਦੋਹਾਂ ਸੂਬਿਆਂ ਵਿਚ ਸੱਭ ਤੋਂ ਠੰਢਾ ਤਾਪਮਾਨ 0.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ 6 ਜ਼ਿਲ੍ਹਿਆਂ ਵਿਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਐਸਏਐਸ ਨਗਰ (ਮੋਹਾਲੀ) ਵਿਚ ਦੋ ਦਿਨਾਂ ਲਈ ਸੰਘਣੀ ਧੁੰਦ ਵੀ ਰਹਿਣ ਦੀ ਉਮੀਦ ਹੈ।
ਪੰਜਾਬ ਵਿਚ ਪਏ ਮੀਂਹ ਮਗਰੋਂ ਹੁਣ ਫਿਰ ਠੰਢ ਨੇ ਜ਼ੋਰ ਫੜ ਲਿਆ ਹੈ। ਬੇਸ਼ੱਕ ਬੀਤੇ ਦਿਨ ਧੁੱਪ ਨਿਕਲਣ ਨਾਲ ਠੰਢ ਤੋਂ ਥੋੜ੍ਹੀ ਰਾਹਤ ਮਹਿਸੂਸ ਕੀਤੀ ਗਈ ਪਰ ਆਉਣ ਵਾਲੇ ਦਿਨਾਂ ਵਿਚ ਫਿਰ ਸੀਤ ਲਹਿਰ ਦਾ ਕਹਿਰ ਵੇਖਣ ਨੂੰ ਮਿਲੇਗਾ। ਮੌਸਮ ਵਿਭਾਗ ਨੇ 28 ਜਨਵਰੀ ਤਕ ਅਜੇ ਹੋਰ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਪੰਜਾਬ ਵਿਚ ਤਾਪਮਾਨ 8.9 ਡਿਗਰੀ ਸੈਲਸੀਅਸ ਤਕ ਡਿੱਗ ਗਿਆ, ਜੋ ਕਿ ਆਮ ਨਾਲੋਂ 4.1 ਡਿਗਰੀ ਘੱਟ ਹੈ।
ਪੰਜਾਬ ਅਤੇ ਚੰਡੀਗੜ੍ਹ ਵਿਚ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ। ਹਾਲਾਂਕਿ ਚੰਡੀਗੜ੍ਹ ਵਿਚ ਸਵੇਰ ਤੋਂ ਹੀ ਮੌਸਮ ਸਾਫ਼ ਅਤੇ ਧੁੱਪ ਵਾਲਾ ਰਿਹਾ, ਪਰ ਸ਼ਨੀਵਾਰ ਸਵੇਰੇ ਸੈਕਟਰ 27 ਵਿਚ ਇਕ ਵਿਅਕਤੀ ਦੀ ਲਾਸ਼ ਬੈਂਚ ’ਤੇ ਪਈ ਮਿਲੀ। ਮੁਢਲੀ ਜਾਂਚ ਤੋਂ ਪਤਾ ਚਲਦਾ ਹੈ ਕਿ ਮੌਤ ਠੰਢ ਕਾਰਨ ਹੋਈ ਹੈ। ਇਸ ਦੌਰਾਨ ਪੰਜਾਬ ਵਿਚ ਹੋਈ ਬਾਰਿਸ਼ ਨੇ ਮੋਹਾਲੀ ਵਿਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਕਰ ਦਿਤੀ। ਕਈ ਇਲਾਕਿਆਂ ਵਿਚ 24 ਘੰਟੇ ਬਿਜਲੀ ਨਹੀਂ ਹੈ। ਬਿਜਲੀ ਬੰਦ ਹੋਣ ਕਾਰਨ ਮੋਬਾਈਲ ਫੋਨ ਅਤੇ ਇਨਵਰਟਰ ਵੀ ਡਾਊਨ ਹੋ ਗਏ। ਪਾਣੀ ਦੀ ਸਪਲਾਈ ਵੀ ਠੱਪ ਹੈ। ਹਿਮਾਚਲ ਪ੍ਰਦੇਸ਼ ਵਿਚ ਸ਼ੁਕਰਵਾਰ ਨੂੰ ਭਾਰੀ ਬਰਫ਼ਬਾਰੀ ਹੋਈ। ਸ਼ਿਮਲਾ ਦੇ ਜਾਖੂ ਜ਼ਿਲ੍ਹੇ ਵਿਚ ਅੱਧਾ ਫੁੱਟ ਬਰਫ਼ਬਾਰੀ ਹੋਈ।
ਕੁਫ਼ਰੀ, ਨਾਰਕੰਡਾ ਅਤੇ ਆਲੇ-ਦੁਆਲੇ ਦੇ ਸੈਰ-ਸਪਾਟਾ ਸਥਾਨਾਂ ਵਿਚ ਇਕ ਫੁੱਟ ਤੋਂ ਵੱਧ ਬਰਫ਼ਬਾਰੀ ਹੋਈ। ਮਨਾਲੀ ਵਿਚ ਵੀ ਅੱਧੇ ਫੁੱਟ ਤੋਂ ਵੱਧ ਬਰਫ਼ਬਾਰੀ ਹੋਈ। ਚੰਬਾ ਅਤੇ ਲਾਹੌਲ-ਸਪੀਤੀ ਦੇ ਕਈ ਇਲਾਕਿਆਂ ਵਿਚ ਵੀ ਭਾਰੀ ਬਰਫ਼ਬਾਰੀ ਹੋਈ। ਸੂਬੇ ਵਿਚ ਭਾਰੀ ਬਰਫ਼ਬਾਰੀ ਕਾਰਨ 600 ਤੋਂ ਵੱਧ ਸੈਲਾਨੀ ਫਸੇ ਹੋਏ ਹਨ। ਮਨਾਲੀ ਵਿਚ ਵੱਡੀ ਗਿਣਤੀ ਵਿਚ ਸੈਲਾਨੀਆਂ ਨੇ ਪੂਰੀ ਰਾਤ ਬਿਨਾਂ ਖਾਣਾ-ਪਾਣੀ ਦੇ ਅਪਣੇ ਵਾਹਨਾਂ ਵਿਚ ਕੱਟੀ। ਜ਼ੀਰੋ ਤੋਂ ਹੇਠਾਂ ਤਾਪਮਾਨ ਦੇ ਬਾਵਜੂਦ ਉਨ੍ਹਾਂ ਕੋਲ ਕੰਬਲਾਂ ਦੀ ਘਾਟ ਸੀ। ਇਸ ਨਾਲ ਬਹੁਤ ਸਾਰੇ ਸੈਲਾਨੀਆਂ ਦੀ ਹਾਲਤ ਵਿਗੜ ਗਈ। ਮਨਾਲੀ ਦੇ ਮੀਲ 16 ਅਤੇ 17 ਦੇ ਨੇੜੇ 100 ਤੋਂ ਵੱਧ ਵਾਹਨ ਫਸੇ ਹੋਏ ਹਨ। ਸੜਕ ’ਤੇ ਭਾਰੀ ਬਰਫ਼ਬਾਰੀ ਨੇ ਵਾਹਨਾਂ ਦੀ ਆਵਾਜਾਈ ਰੋਕ ਦਿਤੀ। ਸ਼ਿਮਲਾ, ਚੰਬਾ, ਕੁੱਲੂ, ਕਿਨੌਰ ਅਤੇ ਲਾਹੌਲ-ਸਪਿਤੀ ਜ਼ਿਲ੍ਹਿਆਂ ਦਾ ਹਿਮਾਚਲ ਨਾਲੋਂ ਸੰਪਰਕ ਟੁੱਟ ਗਿਆ ਹੈ। (ਏਜੰਸੀ)
