
ਪਟੀਸ਼ਨ ਵਿਚ ਸੀ.ਸੀ.ਟੀ.ਵੀ. ਫੁਟੇਜ ਨੂੰ ਸੁਰੱਖਿਅਤ ਰੱਖਣ ਦਾ ਹੁਕਮ ਦੇਣ ਦੀ ਮੰਗ ਕੀਤੀ ਗਈ
ਮੋਹਾਲੀ : ਮੋਹਾਲੀ ਦੇ ਮਟੌਰ ਥਾਣੇ ’ਚ ਕਾਨੂੰਨ ਦੇ ਵਿਦਿਆਰਥੀ ਨੂੰ ਬੇਰਹਿਮੀ ਨਾਲ ਕੁੱਟਣ ਅਤੇ ਉਸ ਦਾ ਹੱਥ ਤੋੜਨ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹੁੰਚ ਗਿਆ ਹੈ। ਵਿਦਿਆਰਥੀ ਨੇ ਮੰਗ ਕੀਤੀ ਹੈ ਕਿ ਸੀ.ਸੀ.ਟੀ.ਵੀ. ਫੁਟੇਜ ਨੂੰ ਸੁਰੱਖਿਅਤ ਰੱਖਿਆ ਜਾਵੇ ਅਤੇ ਮਾਮਲੇ ਦੀ ਸੁਤੰਤਰ ਜਾਂਚ ਕੀਤੀ ਜਾਵੇ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸੁਣਵਾਈ ਦੀ ਅਗਲੀ ਤਰੀਕ ਉਤੇ ਸਟੇਟਸ ਰੀਪੋਰਟ ਦਾਇਰ ਕਰਨ ਦੇ ਹੁਕਮ ਦਿਤੇ ਹਨ।
ਚੰਡੀਗੜ੍ਹ ਦੇ ਵਸਨੀਕ ਜਪਜੋਤ ਸਿੰਘ ਨੇ ਅਪਣੀ ਪਟੀਸ਼ਨ ਵਿਚ ਹਾਈ ਕੋਰਟ ਨੂੰ ਦਸਿਆ ਕਿ 6 ਜੂਨ ਨੂੰ ਉਸ ਦੀ ਟੀ.ਯੂ.ਵੀ. ਮਾਰੂਤੀ ਸਵਿਫਟ ਨਾਲ ਟਕਰਾ ਗਈ ਸੀ। ਇਸ ਤੋਂ ਬਾਅਦ ਦੋਹਾਂ ਗੱਡੀਆਂ ਦੇ ਡਰਾਈਵਰਾਂ ’ਚ ਵੀ ਸਮਝੌਤਾ ਹੋ ਗਿਆ। ਉਹ ਅਪਣੀ ਗੱਡੀ ਲੈਣ ਲਈ ਮਟੌਰ ਥਾਣੇ ਪਹੁੰਚਿਆ। ਪਟੀਸ਼ਨ ਅਨੁਸਾਰ, ‘‘ਇਸ ਦੌਰਾਨ ਉੱਥੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਉਸ ਨਾਲ ਬੁਰਾ ਵਿਵਹਾਰ ਕਰਨਾ ਸ਼ੁਰੂ ਕਰ ਦਿਤਾ। ਫਿਰ ਉਹ ਉਸ ਨੂੰ ਰੀਕਾਰਡ ਰੂਮ ਵਿਚ ਖਿੱਚ ਕੇ ਲੈ ਗਏ ਅਤੇ ਬੈਲਟਾਂ ਅਤੇ ਡੰਡਿਆਂ ਨਾਲ ਉਸ ਨੂੰ ਬੇਰਹਿਮੀ ਨਾਲ ਕੁੱਟਿਆ। ਉਹ ਰਹਿਮ ਦੀ ਭੀਖ ਮੰਗਦਾ ਰਿਹਾ, ਪਰ ਪੁਲਿਸ ਵਾਲੇ ਨਹੀਂ ਰੁਕੇ। ਇਸ ਤੋਂ ਬਾਅਦ ਦੇਰ ਸ਼ਾਮ ਉਸ ਦੇ ਪਿਤਾ ਥਾਣੇ ਪਹੁੰਚੇ ਅਤੇ ਉਨ੍ਹਾਂ ਨੂੰ ਦਸਿਆ ਗਿਆ ਕਿ ਪਟੀਸ਼ਨਕਰਤਾ ਨੇ ਪੁਲਿਸ ਅਧਿਕਾਰੀਆਂ ਦੀ ਵਰਦੀ ਪਾੜ ਦਿਤੀ ਹੈ। ਉਸ ਦੇ ਪਿਤਾ ਦੀਆਂ ਸਾਰੀਆਂ ਕੋਸ਼ਿਸ਼ਾਂ ਅਤੇ ਲਿਖਤੀ ਸ਼ਿਕਾਇਤ ਤੋਂ ਬਾਅਦ, ਸਿਰਫ ਡੀ.ਡੀ.ਆਰ. ਦਰਜ ਕੀਤੀ ਗਈ ਸੀ। ਇਸ ਮਾਮਲੇ ’ਚ ਉਨ੍ਹਾਂ ਦੀ ਮੈਡੀਕਲ ਰੀਪੋਰਟ ਅਜੇ ਨਹੀਂ ਮਿਲੀ ਹੈ।’’
ਪਟੀਸ਼ਨਕਰਤਾ ਨੇ ਕਿਹਾ ਕਿ ਇਸ ਮਾਮਲੇ ਵਿਚ ਪੁਲਿਸ ਅਧਿਕਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹੀ ਸਥਿਤੀ ’ਚ, ਘਟਨਾ ਵਾਲੇ ਦਿਨ ਦੀ ਸੀ.ਸੀ.ਟੀ.ਵੀ. ਫੁਟੇਜ ਨੂੰ ਸੁਰੱਖਿਅਤ ਰੱਖਣ ਦਾ ਹੁਕਮ ਜਾਰੀ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਜਾਂਚ ਕਿਸੇ ਨਿਰਪੱਖ ਅਧਿਕਾਰੀ ਨੂੰ ਸੌਂਪੀ ਜਾਣੀ ਚਾਹੀਦੀ ਹੈ ਤਾਂ ਜੋ ਦੋਸ਼ੀਆਂ ਨੂੰ ਸਜ਼ਾ ਦਿਤੀ ਜਾ ਸਕੇ।