ਚੰਡੀਗੜ੍ਹ ਹਵਾਈ ਅੱਡੇ ’ਤੇ ਸੁਰੱਖਿਆ ਯੰਤਰ ਪ੍ਰਯੋਗਸ਼ਾਲਾ ਬਣਾਉਣ ਦੀਆਂ ਤਿਆਰੀਆਂ ਹੋਈਆਂ ਸ਼ੁਰੂ
ਚੰਡੀਗੜ੍ਹ : ਦੇਸ਼ ਭਰ ਦੇ ਹਵਾਈ ਅੱਡਿਆਂ ’ਤੇ ਵਰਤੇ ਜਾਣ ਵਾਲੇ ਯੰਤਰਾਂ ਨੂੰ ਹੋਲਮਾਰਕ ਲਾਉਣ ਲਈ ਹੁਣ ਯੂਰਪ ਭੇਜਣ ਦੀ ਲੋੜ ਨਹੀਂ ਪਵੇਗੀ। ਇਨ੍ਹਾਂ ਯੰਤਰਾਂ ’ਤੇ ਹੋਲਮਾਰਕ ਲਾਉਣ ਲਈ ਏਅਰਪੋਰਟ ਅਥਾਰਟੀ ਆਫ ਇੰਡੀਆ (ਏ. ਏ. ਆਈ.) ਨੇ ਚੰਡੀਗੜ੍ਹ ਦੇ ਪੁਰਾਣੇ ਹਵਾਈ ਅੱਡੇ ’ਤੇ ਹਵਾਈ ਅੱਡਾ ਸੁਰੱਖਿਆ ਯੰਤਰ ਪ੍ਰਯੋਗਸ਼ਾਲਾ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਜਾਣਕਾਰੀ ਮੁਤਾਬਕ ਹਵਾਈ ਅੱਡੇ ’ਤੇ ਵਰਤੇ ਜਾਣ ਵਾਲੇ ਸੁਰੱਖਿਆ ਯੰਤਰ ਬਣਾਏ ਤਾਂ ਭਾਰਤ ’ਚ ਜਾਂਦੇ ਹਨ ਪਰ ਇਨ੍ਹਾਂ ਨੂੰ ਗੁਣਵੱਤਾ ਦੀ ਜਾਂਚ ਲਈ ਯੂਰਪ ਭੇਜਿਆ ਜਾਂਦਾ ਹੈ। ਇਸ ਸਬੰਧੀ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਚੰਡੀਗੜ੍ਹ ਦੇ ਸੀ. ਈ. ਓ. ਅਜੇ ਵਰਮਾ ਨੇ ਦੱਸਿਆ ਕਿ ਇਕ ਮਤਾ ਤਿਆਰ ਕਰਕੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਭੇਜਿਆ ਗਿਆ ਸੀ। ਹੁਣ ਮੰਤਰਾਲੇ ਵੱਲੋਂ ਇਸ ਮਤੇ ਨੂੰ ਮਨਜ਼ੂਰੀ ਮਿਲ ਗਈ ਹੈ। ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਜਲਦੀ ਹੀ ਇਸ ਪ੍ਰਾਜੈਕਟ ’ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
