
ਉਪ ਕੁਲਪਤੀ ਵੱਲੋਂ ਚਾਂਸਲਰ, UGC ਅਤੇ UT ਪ੍ਰਸ਼ਾਸਨ ਦਾ ਧਨਵਾਦ
Chandigarh News: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬੁਨਿਆਦੀ ਢਾਂਚੇ ਉੱਤੇ ਕੰਮ ਕਰਨ ਲਈ ਪਹਿਲਾਂ ਤੋਂ ਹੀ ਜਾਣੀ ਜਾਂਦੀ ਹੈ। ਕਿਉਂਕਿ ਇਸ ਨੂੰ ਜਿੱਥੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਗਰਾਂਟਾਂ ਮਿਲਦੀਆਂ ਹਨ ਉੱਥੇ ਹੀ ਕੁਝ ਹੋਰ ਸੰਵਿਧਾਨਕ ਅਦਾਰੇ ਵੀ ਇਸ ਨੂੰ ਗਰਾਂਟਾਂ ਪ੍ਰਦਾਨ ਕਰਵਾਉਂਦੇ ਹਨ।
ਹੁਣ ਇਸੇ ਕੜੀ ਵਿਚ ਪੰਜਾਬ ਯੂਨੀਵਰਸਿਟੀ ਨੂੰ ਰਾਸ਼ਟਰੀ ਉੱਚਤਰ ਸ਼ਿਕਸ਼ਾ ਅਭਿਆਨ (ਰੂਸਾ) ਤਹਿਤ 10.5 ਕਰੋੜ ਰੁਪਏ ਦੀ ਗਰਾਂਟ ਪ੍ਰਾਪਤ ਹੋਈ ਹੈ। ਪੀਯੂ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਨੇ ਫੈਕਲਟੀ ਲਈ 10.5 ਕਰੋੜ ਰੂਸਾ ਗ੍ਰਾਂਟ ਅਤੇ 7ਵੇਂ ਤਨਖ਼ਾਹ ਕਮਿਸ਼ਨ ਦੇ ਬਕਾਏ ਲਈ ਚਾਂਸਲਰ ਜਗਦੀਪ ਧਨਖੜ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ।
ਪ੍ਰੋ. ਵਿੱਗ ਇਸ ਸਬੰਧੀ ਇੱਕ ਰਸਮੀ ਸੂਚਨਾ ਪ੍ਰਾਪਤ ਹੋਣ ਮਗਰੋਂ ਪੀਯੂ ਕੈਂਪਸ ਵਿੱਚ ਫੈਕਲਟੀ ਮੈਂਬਰਾਂ ਦੇ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਡੀਨ ਯੂਨੀਵਰਸਿਟੀ ਇੰਸਟਰੱਕਸ਼ਨ ਪ੍ਰੋ. ਰੁਮੀਨਾ ਸੇਠੀ, ਖੋਜ ਅਤੇ ਵਿਕਾਸ ਸੈੱਲ ਦੀ ਡਾਇਰੈਕਟਰ, ਪ੍ਰੋ. ਯੋਜਨਾ ਰਾਵਤ ਅਤੇ ਰਜਿਸਟਰਾਰ, ਪ੍ਰੋ. ਵਾਈ.ਪੀ. ਵਰਮਾ ਵੀ ਮੌਜੂਦ ਸਨ।
ਵਾਈਸ ਚਾਂਸਲਰ ਨੇ ਦੱਸਿਆ ਕਿ ਯੂਨੀਵਰਸਿਟੀ ਨੂੰ ਉੱਚ ਸਿੱਖਿਆ ਖੋਜ ਲਈ ਰੂਸਾ ਗ੍ਰਾਂਟ ਤਹਿਤ 10.5 ਕਰੋੜ ਦੀ ਰਕਮ ਪ੍ਰਾਪਤ ਹੋਈ ਹੈ, ਜਿਸ ਵਿੱਚ ਇਕੁਇਟੀ ਪਹਿਲ ਲਈ 1.25 ਕਰੋੜ, ਫੈਕਲਟੀ ਸੁਧਾਰ ਲਈ 1.75 ਕਰੋੜ ਜਦਕਿ ਰਿਸਰਚ ਅਤੇ ਗੁਣਵੱਤਾ ਸੁਧਾਰ ਲਈ 7.5 ਕਰੋੜ ਦੀ ਵੰਡ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਹ ਯਤਨ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਕਾਬਲ ਬਣਾਉਣ ਵਿੱਚ ਅਹਿਮ ਸੁਧਾਰ ਕਰਨਗੇ। ਪ੍ਰੋ. ਵਿੱਗ ਨੇ ਪੀਯੂ ਚਾਂਸਲਰ ਜਗਦੀਪ ਧਨਖੜ, ਕੇਂਦਰੀ ਸਿੱਖਿਆ ਮੰਤਰਾਲੇ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਅਤੇ ਯੂਟੀ ਪ੍ਰਸ਼ਾਸਨ ਦਾ ਇਨ੍ਹਾਂ ਫੰਡਾਂ ਨੂੰ ਪ੍ਰਾਪਤ ਕਰਨ ਵਿੱਚ ਉਨ੍ਹਾਂ ਦੇ ਸਮਰਥਨ ਲਈ ਧਨਵਾਦ ਕੀਤਾ।