
Chandigarh News : ਪਿਛਲੇ ਅਰਸੇ ਦੌਰਾਨ ਨੁਕਸਾਨੀਆਂ ਗਈਆਂ 94 ਸੰਵੇਦਨਸ਼ੀਲ ਥਾਵਾਂ 'ਤੇ ਅਧਿਕਾਰੀਆਂ ਨੂੰ ਨਿਰੰਤਰ ਨਿਗਰਾਨੀ ਰੱਖਣ ਦੇ ਹੁਕਮ
Chandigarh News in Punjabi : ਚੰਡੀਗੜ੍ਹ ’ਚ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਅਹਿਮ ਮੁੱਦਿਆਂ 'ਤੇ ਪ੍ਰੈੱਸ ਕਾਨਫਰੰਸ ਕੀਤੀ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬਰਸਾਤਾਂ ਦੇ ਮੌਸਮ ਦੇ ਮੱਦੇਨਜ਼ਰ ਸੂਬੇ ਦੀਆਂ ਡਰੇਨਾਂ ਦੀ ਸਫ਼ਾਈ ਦਾ ਕੰਮ ਮੁਕੰਮਲ ਕਰ ਲਿਆ ਹੈ ਅਤੇ ਬੰਨ੍ਹਾਂ ਨੂੰ ਮਜ਼ਬੂਤ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਪੰਜਾਬ ਭਵਨ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦਿੱਤੀ।
ਇੱਥੇ ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਜਲ ਸਰੋਤ ਵਿਭਾਗ ਵੱਲੋਂ ਕੀਤੇ ਗਏ ਪ੍ਰਬੰਧਾਂ ਦਾ ਉਚ ਪੱਧਰੀ ਮੀਟਿੰਗ ਦੌਰਾਨ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨੂੰ ਮੁਖ਼ਾਤਿਬ ਹੁੰਦਿਆਂ ਸ੍ਰੀ ਗੋਇਲ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਹੜ੍ਹਾਂ ਜਿਹੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ 276 ਕਰੋੜ ਰੁਪਏ ਨਾਲ 1220 ਕਾਰਜ ਨੇਪਰੇ ਚਾੜ੍ਹੇ ਗਏ ਹਨ, ਜਿਨ੍ਹਾਂ ਵਿਚ ਦਰਿਆਵਾਂ ਦੀ ਰਿਬੈਟਮੈਂਟ, ਸਟੱਡ ਲਾਉਣਾ, ਮਜ਼ਬੂਤੀਕਰਨ ਅਤੇ ਡਰੇਨਾਂ ਦੀ ਡੀਸਿੰਲਟਿੰਗ/ਸਫ਼ਾਈ ਆਦਿ ਦੇ ਕੰਮ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 600 ਚੈੱਕ ਡੈਮ ਬਣਾਏ ਗਏ ਹਨ ਅਤੇ 1104 ਹੋਰ ਚੈੱਕ ਡੈਮ ਉਸਾਰੀ ਅਧੀਨ ਹੈ। ਇਸ ਦੇ ਨਾਲ ਹੀ 3905 ਸੋਕ ਪਿੱਟ ਬਣਾਏ ਜਾ ਰਹੇ ਹਨ, 53400 ਤੋਂ ਵੱਧ ਬਾਂਸ ਦੇ ਬੂਟੇ ਲਗਾਏ ਹਨ ਅਤੇ 226 ਕਿਲੋਮੀਟਰ ਵੈਟੀਵਰ ਘਾਹ ਲਗਾਇਆ ਗਿਆ ਹੈ ।
ਉਨ੍ਹਾਂ ਦੱਸਿਆ ਕਿ ਸੂਬੇ ਦੀਆਂ 850 ਡਰੇਨਾਂ ਵਿਚੋਂ 601 ਡਰੇਨਾਂ ਦੀ ਇਸ ਸਾਲ ਸਫ਼ਾਈ ਦੀ ਜ਼ਰੂਰਤ ਸੀ, ਜੋ ਕਰਵਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 4766 ਕਿਲੋਮੀਟਰ ਡਰੇਨਾਂ ਦੀ ਸਫ਼ਾਈ ਕਰਵਾਈ ਗਈ ਹੈ।
ਸ੍ਰੀ ਗੋਇਲ ਨੇ ਦੱਸਿਆ ਕਿ ਵਿਭਾਗ ਵੱਲੋਂ ਡ੍ਰੇਨਾਂ ਦੀ ਡੀਸਿਲਟਿੰਗ/ਸਫਾਈ ਦੇ ਕਾਰਜ ਵਿਭਾਗੀ ਮਸ਼ੀਨਰੀ ਨਾਲ ਨੇਪਰੇ ਚਾੜ੍ਹੇ ਗਏ ਹਨ। ਮੰਤਰੀ ਨੇ ਦੱਸਿਆ ਕਿ ਵਿਭਾਗੀ ਮਸ਼ੀਨਾਂ ਨਾਲ ਠੇਕੇਦਾਰ ਦੇ ਕੰਮ ਦੇ ਮੁਕਾਬਲੇ ਲਾਗਤ ਵਿੱਚ 65 ਫ਼ੀਸਦੀ ਬੱਚਤ ਹੋਈ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਕੋਲ ਮੌਜੂਦਾ ਸਮੇਂ 15 ਮਸ਼ੀਨਾਂ ਹਨ ਅਤੇ 3 ਹੋਰ ਮਸ਼ੀਨਾਂ ਛੇਤੀ ਹੀ ਵਿਭਾਗ ਦੇ ਬੇੜੇ ਵਿੱਚ ਸ਼ਾਮਲ ਹੋ ਜਾਣਗੀਆਂ।
ਜਲ ਸਰੋਤ ਮੰਤਰੀ ਨੇ ਦੱਸਿਆ ਕਿ ਵਿਭਾਗੀ ਮਸ਼ੀਨਰੀ ਨਾਲ ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ, ਫ਼ਾਜ਼ਿਲਕਾ, ਅੰਮ੍ਰਿਤਸਰ, ਗੁਰਦਾਸਪੁਰ, ਰੋਪੜ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਚ 110 ਥਾਵਾਂ 'ਤੇ ਡੀਸਿਲਟਿੰਗ/ਸਫ਼ਾਈ ਦਾ ਕੰਮ ਚਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਥਾਵਾਂ 'ਤੇ ਬੀਤੇ ਵਰ੍ਹਿਆਂ ਦੌਰਾਨ ਬੰਨ੍ਹ ਟੁੱਟੇ ਸਨ, ਉਨ੍ਹਾਂ ਥਾਵਾਂ ਨੂੰ ਵਿਸ਼ੇਸ਼ ਤੌਰ 'ਤੇ ਮਜ਼ਬੂਤ ਕੀਤਾ ਗਿਆ ਹੈ ਅਤੇ ਸੂਬੇ ਦੀਆਂ 94 ਥਾਵਾਂ 'ਤੇ ਇਹਤਿਆਤ ਵਜੋਂ ਸੈਂਡ ਬੈਗ ਰਖਵਾ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਅਧੀਨ ਖੇਤਰਾਂ ਵਿਚ ਲਗਾਤਾਰ ਨਿਗਰਾਨੀ ਕਰਨ ਅਤੇ ਨਾਲ ਹੀ ਰੋਜ਼ਾਨਾ ਦੀ ਰਿਪੋਰਟ ਵੀ ਮੁੱਖ ਦਫ਼ਤਰ ਨੂੰ ਭੇਜਣ। ਇਸ ਦੇ ਨਾਲ ਇਹ ਵੀ ਯਕੀਨੀ ਬਣਾਉਣ ਕਿ ਉਹ ਆਪਣਾ ਹੈੱਡਕੁਆਰਟਰ ਨਾ ਛੱਡਣ।
ਜਲ ਸਰੋਤ ਮੰਤਰੀ ਨੇ ਸਥਾਨਕ ਸਰਕਾਰਾਂ ਤੇ ਪੇਂਡੂ ਵਿਕਾਸ ਵਿਭਾਗਾਂ ਦੇ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਅਧੀਨ ਖੇਤਰਾਂ ਵਿਚ ਗੁਜ਼ਰਦੀਆਂ ਡਰੇਨਾਂ ਅਤੇ ਨਾਲਿਆਂ ਦੀ ਸਫਾਈ ਦਾ ਕੰਮ ਯਕੀਨੀ ਬਣਾਉਣ ਅਤੇ ਨਿਰੰਤਰ ਨਿਗਰਾਨੀ ਰੱਖਣ।
ਉਨ੍ਹਾਂ ਦੱਸਿਆ ਕਿ ਵਿਭਾਗ ਨੇ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਕਈ ਰਣਨੀਤਕ ਉਪਾਅ ਕੀਤੇ ਹਨ, ਜਿਨ੍ਹਾਂ ਤਹਿਤ 8.76 ਲੱਖ ਸੈਂਡ ਬੈਗ ਖਰੀਦੇ ਗਏ ਹਨ ਅਤੇ ਰਣਨੀਤਕ ਤੌਰ 'ਤੇ ਸੰਵੇਦਨਸ਼ੀਲ ਥਾਵਾਂ 'ਤੇ ਰੱਖੇ ਗਏ ਹਨ। ਇਨ੍ਹਾਂ ਵਿੱਚੋਂ 3.24 ਲੱਖ ਬੈਗ ਭਰ ਕੇ ਰੱਖ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਐਮਰਜੈਂਸੀ ਦੌਰਾਨ ਤੇਜ਼ੀ ਨਾਲ ਕਾਰਵਾਈ ਕਰਨ ਲਈ ਰੇਤ ਦੀਆਂ ਬੋਰੀਆਂ ਦੇ ਸਥਾਨਾਂ ਦੀ ਜਾਣਕਾਰੀ ਭੂਗੋਲਿਕ ਇਨਫ਼ਰਮੇਸ਼ਨ ਸਿਸਟਮ (ਜੀ.ਆਈ.ਐਸ) 'ਤੇ ਅਪਲੋਡ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਵਿਭਾਗ ਨੇ 10,300 ਜੰਬੋ ਬੈਗ ਖਰੀਦੇ ਹਨ ਤਾਂ ਜੋ ਪਾੜ ਨੂੰ ਜਲਦੀ ਭਰਿਆ ਜਾ ਸਕੇ।
ਡੈਮਾਂ ਵਿੱਚ ਪਾਣੀ ਦੇ ਪੱਧਰ ਬਾਰੇ ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਨੇ ਦੱਸਿਆ ਕਿ ਸਾਰੇ ਵੱਡੇ ਡੈਮਾਂ ਦੇ ਪੱਧਰ ਸੁਰੱਖਿਅਤ ਸੀਮਾਵਾਂ ਦੇ ਅੰਦਰ ਹਨ ਅਤੇ ਚਿੰਤਾ ਦਾ ਕੋਈ ਵਿਸ਼ਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਭਾਖੜਾ ਡੈਮ ਇਸ ਵੇਲੇ 1618.38 ਫੁੱਟ 'ਤੇ ਹੈ, ਜੋ ਪਿਛਲੇ 20 ਸਾਲਾਂ ਦੀ ਔਸਤ ਲੋੜ ਨਾਲ ਮੇਲ ਖਾਂਦਾ ਹੈ। ਉਨ੍ਹਾਂ ਦੱਸਿਆ ਕਿ ਵੱਧ ਤੋਂ ਵੱਧ 1680 ਫੁੱਟ ਸਮਰੱਥਾ ਵਾਲੇ ਭਾਖੜਾ ਡੈਮ ਦਾ ਪੱਧਰ 2023 ਦੇ ਹੜ੍ਹ ਦੇ ਪੱਧਰ ਦੇ ਮੁਕਾਬਲੇ ਹੁਣ 47 ਫੁੱਟ ਹੇਠਾਂ ਹੈ। ਇਸੇ ਤਰ੍ਹਾਂ ਵੱਧ ਤੋਂ ਵੱਧ 1390 ਫੁੱਟ ਦੀ ਸਮਰੱਥਾ ਵਾਲੇ ਪੌਂਗ ਡੈਮ ਦਾ ਪੱਧਰ 1346.15 ਫੁੱਟ 'ਤੇ ਹੈ, ਜੋ 2023 ਦੇ ਹੜ੍ਹਾਂ ਦੇ ਪੱਧਰ ਤੋਂ 30.78 ਫੁੱਟ ਘੱਟ ਹੈ। ਉਨ੍ਹਾਂ ਦੱਸਿਆ ਕਿ ਰਣਜੀਤ ਸਾਗਰ ਡੈਮ, ਜਿਸ ਦੀ ਵੱਧ ਤੋਂ ਵੱਧ ਸਮਰੱਥਾ 1731.55 ਫੁੱਟ ਹੈ, ਇਸ ਵੇਲੇ 1664.72 ਫੁੱਟ 'ਤੇ ਹੈ, ਜੋ 20 ਸਾਲਾਂ ਦੀ ਔਸਤ ਤੋਂ 5.49 ਫੁੱਟ ਘੱਟ ਹੈ ਅਤੇ ਹੜ੍ਹਾਂ ਵਾਲੇ ਸਾਲ 2023 ਦੇ ਪੱਧਰ ਤੋਂ 54 ਫੁੱਟ ਘੱਟ ਹੈ।
ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਨਿਯੰਤਰਿਤ ਪਾਣੀ ਦੇ ਪੱਧਰ ਨਾਲ ਸਿੰਚਾਈ ਲਈ ਕਾਫ਼ੀ ਲਾਭ ਹੋਵੇਗਾ ਕਿਉਂਕਿ ਵਧੇਰੇ ਖੇਤੀਬਾੜੀ ਖੇਤਰਾਂ ਨੂੰ ਨਹਿਰੀ ਸਿੰਚਾਈ ਪ੍ਰਣਾਲੀਆਂ ਅਧੀਨ ਲਿਆਂਦਾ ਜਾ ਰਿਹਾ ਹੈ।
(For more news apart from Bhakra Dam assessed after rains: Water Resources Minister Barinder Kumar Goyal News in Punjabi, stay tuned to Rozana Spokesman)