
ਜਿਨ੍ਹਾਂ ਪਾਣੀ ਹਰਿਆਣਾ ਦਾ ਬਣਦਾ ਸੀ ਉਸ ਨੂੰ ਮਿਲ ਚੁੱਕਾ ਹੈ, ਤੁਸੀਂ ਹਰਿਆਣਾ ਦੇ ਮੁੱਖ ਮੰਤਰੀ ਨੂੰ ਸਲਾਹ ਦਿਓ ਕਿ ਉਹ ਪਾਣੀ ਦੀ ਸਹੀ ਤਰੀਕੇ ਨਾਲ ਵਰਤੋਂ ਕਰਨ
Malvinder Kang targets Ravneet Bittu Punjab : ਆਮ ਆਦਮੀ ਪਾਰਟੀ (AAP) ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਪਾਣੀ ਦੇ ਮੁੱਦੇ ‘ਤੇ ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ‘ਤੇ ਪਲਟਵਾਰ ਕੀਤਾ ਹੈ। ਕੰਗ ਨੇ ਸਵਾਲ ਕੀਤਾ ਕਿ ਬਿੱਟੂ ਸਪੱਸ਼ਟ ਕਰਨ ਕਿ ਉਹ ਪੰਜਾਬ ਦੇ ਪੱਖ ਵਿੱਚ ਹਨ ਜਾਂ ਹਰਿਆਣਾ ਦੇ ਪੱਖ ਵਿੱਚ ਅਤੇ ਜੇਕਰ ਉਹ ਪੰਜਾਬ ਦੇ ਪੱਖ ਵਿੱਚ ਹੈ ਤਾਂ ਉਹ ਹਰਿਆਣਾ ਨੂੰ ਪਾਣੀ ਦੇਣ ਬਾਰੇ ਇੰਨਾ ਚਿੰਤਤ ਕਿਉਂ ਹਨ?
ਕੰਗ ਨੇ ਸਵਾਲ ਚੁੱਕਦਿਆਂ ਕਿਹਾ ਕਿ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਾਣੀਆਂ ‘ਤੇ ਸੂਬੇ ਦੇ ਹੱਕ ਦੀ ਗੱਲ ਕੀਤੀ ਤਾਂ ਰਵਨੀਤ ਬਿੱਟੂ ਨੂੰ ਇਸ ਗੱਲ ਤੋਂ ਮਿਰਚਾਂ ਕਿਉਂ ਲਗ ਰਹਿਆਂ ਹਨ ? ਜੇਕਰ ਉਨ੍ਹਾਂ ਨੂੰ ਸਲਾਹ ਦੇਣੀ ਹੀ ਹੈ ਤਾਂ ਉਨ੍ਹਾਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਨੂੰ ਆਪਣੇ ਪਾਣੀ ਦੀ ਵਰਤੋਂ ਸਮਝਦਾਰੀ ਨਾਲ ਕਰਨ ਦੀ ਸਲਾਹ ਦੇਣੀ ਚਾਹੀਦੀ ਹੈ ਕਿਉਂਕਿ ਹਰਿਆਣਾ ਨੂੰ ਪਹਿਲਾਂ ਹੀ ਲੋੜੀਂਦਾ ਸਾਰਾ ਪਾਣੀ ਮਿਲ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਖੁਦ ਪਾਣੀ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ, ਅਸੀਂ ਹਰਿਆਣਾ ਨੂੰ ਪਾਣੀ ਕਿੱਥੋਂ ਦੇਵਾਂਗੇ। ਫਿਰ ਵੀ, ਜੇਕਰ ਤੁਹਾਨੂੰ ਹਰਿਆਣਾ ਦੇ ਲੋਕਾਂ ਦੀ ਇੰਨੀ ਚਿੰਤਾ ਹੈ ਤਾਂ ਉਨ੍ਹਾਂ ਨੂੰ ਸਿੰਚਾਈ ਦੀ ਬਜਾਏ ਪੀਣ ਵਾਲਾ ਪਾਣੀ ਦੇ ਦਿਓ। ਜੇਕਰ ਤੁਸੀਂ ਇਸ ਤੋਂ ਵੱਧ ਪਾਣੀ ਦੇਣਾ ਚਾਹੁੰਦੇ ਹੋ ਤਾਂ ਪਾਕਿਸਤਾਨ ਦਾ ਪਾਣੀ ਜੋ ਰੋਕਿਆ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਕਹਿ ਕੇ ਉਸ ਨੂੰ ਹਰਿਆਣਾ ਨੂੰ ਦੇ ਦਿਓ।
ਕੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਨ ਦੀ ਬਜਾਏ, ਬਿੱਟੂ ਨੂੰ ਆਪਣੀ ਕੇਂਦਰੀ ਲੀਡਰਸ਼ਿਪ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਸਵਾਲ ਕਰਨਾ ਚਾਹੀਦਾ ਹੈ ਕਿ ਕੇਂਦਰ ਸਰਕਾਰ ਬੀਬੀਐਮਬੀ ਦੀ ਨੁਮਾਇੰਦਗੀ ਵਿੱਚ ਪੰਜਾਬ ਦੇ ਅਧਿਕਾਰਾਂ ਨੂੰ ਕਮਜ਼ੋਰ ਕਰਨ ਦੀ ਲਗਾਤਾਰ ਸਾਜ਼ਿਸ਼ ਕਿਉਂ ਰਚ ਰਹੀ ਹੈ?
ਕੰਗ ਨੇ ਦੋਸ਼ ਲਾਇਆ ਕਿ ਅਸਲ ਵਿੱਚ ਰਵਨੀਤ ਬਿੱਟੂ ਨੂੰ ਪੰਜਾਬ ਦੇ ਲੋਕਾਂ ਦੀ ਕੋਈ ਚਿੰਤਾ ਨਹੀਂ ਹੈ, ਉਨ੍ਹਾਂ ਨੂੰ ਸਿਰਫ਼ ਆਪਣੀ ਕੁਰਸੀ ਦੀ ਚਿੰਤਾ ਹੈ। ਉਹ ਸਿਰਫ਼ ਆਪਣਾ ਮੰਤਰੀ ਦਾ ਅਹੁਦਾ ਬਚਾਉਣ ਲਈ ਪੰਜਾਬ ਦੇ ਹੱਕਾਂ ਦੇ ਵਿਰੁੱਧ ਬੋਲਦੇ ਹਨ, ਭਾਵੇਂ ਕੇਂਦਰ ਪੰਜਾਬ ਨੂੰ ਕਮਜ਼ੋਰ ਕਰਨ ਦੀ ਕਿੰਨੀ ਵੀ ਕੋਸ਼ਿਸ਼ ਕਰ ਲਵੇ ਜਾਂ ਸੂਬੇ ਦੇ ਹੱਕਾਂ ‘ਤੇ ਡਾਕਾ ਮਾਰ ਲਵੇ। ਉਨ੍ਹਾਂ ਨੂੰ ਇਨ੍ਹਾਂ ਮੁੱਦਿਆਂ ਤੋਂ ਕੋਈ ਲੈਣਾ ਨਹੀਂ ਹੈ।
ਪਰ ਮੈਂ ਬਿੱਟੂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਿੰਨਾ ਚਿਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਭਗਵੰਤ ਮਾਨ ਮੁੱਖ ਮੰਤਰੀ ਹਨ, ਅਸੀਂ ਪੰਜਾਬ ਦੇ ਹੱਕਾਂ ਲਈ ਲੜਾਂਗੇ ਅਤੇ ਜੋ ਵੀ ਪੰਜਾਬ ਵਿਰੁੱਧ ਕੰਮ ਕਰੇਗਾ, ਉਨ੍ਹਾਂ ਦਾ ਸਖ਼ਤ ਵਿਰੋਧ ਕਰਾਂਗੇ।
( For more news apart from, 'Malvinder Kang targets Ravneet Bittu News' Stay tuned to Rozana Spokesman)