
ਉਨ੍ਹਾਂ ਦੀ ਤਨਖਾਹ/ਅਦਾਇਗੀ ਉਨ੍ਹਾਂ ਦਿਨਾਂ ਲਈ ਕੱਟੀ ਜਾਵੇਗੀ ਜਿਨ੍ਹਾਂ ਦਿਨਾਂ ’ਚ ਉਹ ਹੜਤਾਲ ’ਤੇ ਰਹਿਣਗੇ
ਚੰਡੀਗੜ੍ਹ : ਘਰ-ਘਰ ਕੂੜਾ ਇਕੱਠਾ ਕਰਨ ਵਾਲਿਆਂ ਦੇ ਹੜਤਾਲ ’ਚ ਸ਼ਾਮਲ ਹੋਣ ਦਾ ਸਖ਼ਤ ਨੋਟਿਸ ਲੈਂਦਿਆਂ ਨਗਰ ਨਿਗਮ ਚੰਡੀਗੜ੍ਹ ਨੇ ‘ਕੰਮ ਤੋਂ ਬਗ਼ੈਰ ਤਨਖ਼ਾਹ ਨਹੀਂ’ ਦੇ ਸਿਧਾਂਤ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਸ ਅਨੁਸਾਰ, ਜਿਨ੍ਹਾਂ ਘਰ-ਘਰ ਜਾ ਕੇ ਕੂੜਾ ਇਕੱਠਾ ਕਰਨ ਵਾਲਿਆਂ ਨੇ ਹੜਤਾਲ ’ਚ ਹਿੱਸਾ ਲਿਆ ਹੈ, ਉਨ੍ਹਾਂ ਦੀ ਤਨਖਾਹ/ਅਦਾਇਗੀ ਉਨ੍ਹਾਂ ਦਿਨਾਂ ਲਈ ਕੱਟੀ ਜਾਵੇਗੀ ਜਿਨ੍ਹਾਂ ਦਿਨਾਂ ’ਚ ਉਹ ਹੜਤਾਲ ’ਤੇ ਰਹਿਣਗੇ, ਜਿਨ੍ਹਾਂ ’ਚ ਉਹ ਵੀ ਸ਼ਾਮਲ ਹਨ ਜੋ 21.12.2024 ਨੂੰ ਹੜਤਾਲ ’ਤੇ ਸਨ।
ਇਹ ਹੁਕਮ ਜਾਰੀ ਕਰਦਿਆਂ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ, ਆਈ.ਏ.ਐਸ. ਨੇ ਦਸਿਆ ਕਿ ਕਥਿਤ ਤੌਰ ’ਤੇ ਘਰ-ਘਰ ਕੂੜਾ ਇਕੱਠਾ ਕਰਨ ਵਾਲਿਆਂ ਦਾ ਇਕ ਹਿੱਸਾ ਹੜਤਾਲ ’ਤੇ ਚਲਾ ਗਿਆ ਹੈ, ਜਿਸ ਕਾਰਨ ਨਗਰ ਨਿਗਮ ਚੰਡੀਗੜ੍ਹ ਵਲੋਂ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਜ਼ਰੂਰੀ ਸੇਵਾਵਾਂ ’ਚ ਵਿਘਨ ਪਿਆ ਹੈ। ਕੰਮ ’ਤੇ ਵਾਪਸ ਜਾਣ ਦੀ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ, ਹੜਤਾਲ ਜਾਰੀ ਹੈ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਚੰਡੀਗੜ੍ਹ ਨਾਗਰਿਕਾਂ ਨੂੰ ਜ਼ਰੂਰੀ ਸੇਵਾਵਾਂ ਨਿਰਵਿਘਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਸੇਵਾਵਾਂ ਦੀ ਨਿਰੰਤਰਤਾ ਬਣਾਈ ਰੱਖਣ ਲਈ ਵਿਕਲਪਕ ਪ੍ਰਬੰਧ ਕੀਤੇ ਜਾ ਰਹੇ ਹਨ। ਹੜਤਾਲੀ ਕਰਮਚਾਰੀਆਂ ਨੂੰ ਅਪੀਲ ਕਰਦਿਆਂ ਕਮਿਸ਼ਨਰ ਨੇ ਉਨ੍ਹਾਂ ਨੂੰ ਅਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ਅਤੇ ਤੁਰਤ ਕੰਮ ’ਤੇ ਵਾਪਸ ਆਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਚੰਡੀਗੜ੍ਹ ਮਸਲਿਆਂ ਦੇ ਹੱਲ ਲਈ ਉਸਾਰੂ ਗੱਲਬਾਤ ਕਰਨ ਲਈ ਤਿਆਰ ਹੈ ਪਰ ਪਹਿਲਾਂ ਹੜਤਾਲ ਖਤਮ ਕੀਤੀ ਜਾਣੀ ਚਾਹੀਦੀ ਹੈ।
ਕਮਿਸ਼ਨਰ ਨੇ ਚੰਡੀਗੜ੍ਹ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਹੜਤਾਲ ਖਤਮ ਹੋਣ ਤਕ ਅਪਣਾ ਕੂੜਾ ਸਿੱਧਾ ਕੂੜਾ ਇਕੱਠਾ ਕਰਨ ਵਾਲੀਆਂ ਗੱਡੀਆਂ ’ਚ ਵੱਖਰੇ ਤੌਰ ’ਤੇ ਸੌਂਪ ਦੇਣ।