
ਦਰਦ ਤੋਂ ਲੈ ਕੇ ਸਫ਼ਲ ਹੋਣ ਤਕ ਦੀ ਕਹਾਣੀ
ਅਸੀਂ ਦੇਖਦੇ ਹਾਂ ਕਿ ਹਰ ਇਨਸਾਨ ਦਾ ਜੀਵਨ ਉਤਾਰ ਚੜ੍ਹਾਅ ਨਾਲ ਭਰਿਆ ਹੁੰਦਾ ਹੈ। ਹਰ ਇਕ ਇਕ ਇਨਸਾਨ ਨੂੰ ਇਸ ਮਨੁੱਖੀ ਜੀਵਨ ਵਿਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਜੇ ਪਰਵਾਰ ਦੇ ਕਿਸੇ ਬੱਚੇ ਜਾਂ ਕਿਸੇ ਹੋਰ ਪਰਵਾਰਕ ਮੈਂਬਰ ’ਤੇ ਕੋਈ ਸਮੱਸਿਆ ਆ ਜਾਵੇ ਤਾਂ ਉਹ ਸਾਡੇ ਲਈ ਇਕ ਚੁਣੌਤੀ ਬਣ ਜਾਂਦੀ ਹੈ, ਖ਼ਾਸ ਕਰ ਕੇ ਜੇ ਕੋਈ ਪਰਵਾਰਕ ਮੈਂਬਰ ਬੀਮਾਰੀ ’ਚੋਂ ਲੰਘ ਰਿਹਾ ਹੋਵੇ ਤਾਂ ਹੋਰ ਵੀ ਮੁਸ਼ਕਲ ਹੋ ਜਾਂਦੀ ਹੈ।
Photo
ਪਰ ਸਾਡੇ ਸੰਸਾਰ ਵਿਚ ਮਾਂ ਨੂੰ ਇਕ ਵੱਡਾ ਦਰਜਾ ਪ੍ਰਾਪਤ ਹੈ ਜੋ ਕਦੇ ਹਾਰ ਨਹੀਂ ਮੰਨਦੀ। ਕਹਿੰਦੇ ਨੇ ਮਾਂ ਆਪਣੇ ਬੱਚੇ ਲਈ ਕੁੱਝ ਵੀ ਕਰ ਸਕਦੀ ਹੈ। ਇਸੇ ਤਰ੍ਹਾਂ ਇਕ ਮਾਂ ਤੇ ਉਸ ਦੀ ਧੀ ਦੀ ਕਹਾਣੀ ਹੈ ਜੋ ਸਾਨੂੰ ਸੋਚਣ ਲਈ ਮਜਬੂਰ ਕਰ ਦੇਵੇਗੀ। ਸਪੋਸਕਮੈਨ ਦੀ ਟੀਮ ਇਸੇ ਤਰ੍ਹਾਂ ਦੀ ਘਟਨਾ ਦਾ ਸ਼ਿਕਾਰ ਹੋਏ ਪਰਵਾਰ ਨੂੰ ਮਿਲਣ ਪਹੁੰਚੀ, ਜਿੱਥੇ ਤੇਜਸਵਨੀ ਸ਼ਰਮਾ ਨਾਂ ਦੀ ਲੜਕੀ ਤੇ ਉਸ ਦੀ ਮਾਂ ਹਰਸ਼ ਸ਼ਰਮਾ ਨੇ ਆਪਣੀ ਚੁਣੌਤੀਆਂ ਨਾਲ ਭਰੀ ਜ਼ਿੰਦਗੀ ਬਾਰੇ ਗੱਲਬਾਤ ਕੀਤੀ।
ਉਨ੍ਹਾਂ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧਨਵਾਦ ਕੀਤਾ ਜਿਨ੍ਹਾਂ ਨੇ ਅਪਾਹਜ ਬੱਚਿਆਂ ਲਈ ਇਕ ਮੁਹਿੰਮ ਚਲਾਈ ਤੇ ਦੂਜਾ ਨੱਢਾ ਮੈਡਮ ਜੋ ਸਪੈਸ਼ਲ ਉਲੰਪਿਕ ਭਾਰਤ ਦੀ ਪ੍ਰੈਜੀਡੈਂਟ, ਚੇਅਰਮੈਨ ਹਨ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਬਹੁਤ ਬਹੁਤ ਧਨਵਾਦੀ ਹਾਂ। ਉਨ੍ਹਾਂ ਕਿਹਾ ਕਿ ਮੈਂ ਤਾਂ ਇਕ ਬੱਚੇ ਦੀ ਮਾਂ ਹਾਂ ਪਰ ਨੱਢਾ ਮੈਡਮ ਤਾਂ ਲੱਖਾਂ ਬੱਚਿਆਂ ਦੀ ਮਾਂ ਹੈ ਜੋ ਸੰਸਾਰ ਦੇ ਕਿੰਨੇ ਬੱਚਿਆਂ ਨੂੰ ਪ੍ਰਮੋਟ ਕਰ ਰਹੇ ਹਨ।
ਹਰਸ਼ ਸ਼ਰਮਾ ਨੇ ਆਪਣੀ ਧੀ ਤੇਜਸਵਨੀ ਸ਼ਰਮਾ ਬਾਰੇ ਗੱਲ ਕਰਦਿਆਂ ਦਸਿਆ ਉਨ੍ਹਾਂ ਦੀ ਧੀ ਦਾ ਜਨਮ ਤਾਂ ਠੀਕ ਠਾਕ ਹੋਇਆ ਸੀ ਪਰ ਤਿੰਨ ਦਿਨਾਂ ਬਾਅਦ ਉਨ੍ਹਾਂ ਦੀ ਧੀ ਨੇ ਫ਼ੀਡ ਲੈਣੀ ਬੰਦ ਕਰ ਦਿਤੀ ਸੀ ਤੇ ਡਾਕਟਰਾਂ ਨੇ ਪੀਜੀਆਈ ਰੈਫ਼ਰ ਕਰ ਦਿਤਾ ਤੇ ਸੱਤਵੇਂ ਦਿਨ ਅੰਦਰੂਨੀ ਬਲਾਕੇਜ਼ ਹੋਣ ਕਾਰਨ ਸਾਡੀ ਧੀ ਦੀ ਸਰਜਰੀ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਦੀ ਧੀ ਦੇ ਵਾਰ-ਵਾਰ ਅੰਦਰੁਨੀ ਇੰਫ਼ੈਕਸ਼ਨ ਹੋ ਜਾਣ ਕਾਰਨ ਪੰਜ ਸਾਲ ਤੇਜਸਵਨੀ ਨੂੰ ਪੀਜੀਆਈ ਦਾਖ਼ਲ ਕਰਵਾ ਕੇ ਰਖਣਾ ਪਿਆ ਤੇ ਇਸੇ ਦੌਰਾਨ ਸਾਡੇ ਧੀ ਨੂੰ ਦੋ ਵਾਰ ਮ੍ਰਿਤਕ ਵੀ ਐਲਾਨ ਦਿਤਾ ਗਿਆ, ਵੈਂਟੀਲੇਟਰ ’ਤੇ ਵੀ ਰਖਿਆ ਗਿਆ।
ਉਨ੍ਹਾਂ ਕਿਹਾ ਕਿ ਡਾਕਟਰਾਂ ਨੇ ਸਾਨੂੰ ਦਸਿਆ ਕਿ ਤੁਹਾਡੇ ਬੱਚੇ ਦਾ ਦਿਮਾਗ਼ 20 ਸਾਲ ਦੀ ਉਮਰ ’ਚ ਵੀ ਇਕ ਡੇਢ ਸਾਲ ਦੇ ਬੱਚੇ ਵਰਗਾ ਰਹੇਗਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸਾਡੀ ਧੀ ਨੂੰ ਅਧਰੰਘ ਦੇ ਅਟੈਕ ਵੀ ਆਏ ਤੇ ਕਈ ਵਾਰ ਮਿਰਗੀ ਦੇ ਦੌਰੇ ਪੈਣ ਲੱਗ ਪਏ। ਇਕ ਬੀਮਾਰੀ ਤੋਂ ਬਾਅਦ ਦੂਜੀ ਬੀਮਾਰੀ ਸ਼ੁਰੂ ਹੋ ਜਾਂਦੀ ਸੀ ਜਿਨ੍ਹਾਂ ਦਾ ਅੰਤ ਹੋਣ ਮੁਸ਼ਕਲ ਲੱਗ ਰਿਹਾ ਸੀ। ਉਨ੍ਹਾਂ ਦਸਿਆ ਕਿ ਸਾਡੀ ਧੀ ਸਾਨੂੰ ਸਿਰਫ਼ ਸਾਡੀ ਆਵਾਜ਼ ਤੋਂ ਪਛਾਣਦੀ ਸੀ, ਉਨ੍ਹਾਂ ਕਿਹਾ ਕਿ ਅਸੀਂ ਅਪਣੀ ਧੀ ਦੇ ਆਲੇ ਦੁਆਲੇ ਜਿੰਨਾ ਮਰਜ਼ੀ ਘੁੰਮੀ ਜਾਂਦੇ, ਉਸ ਨੂੰ ਕੁੱਝ ਨਹੀਂ ਪਤਾ ਲਗਦਾ ਸੀ।
ਉਨ੍ਹਾਂ ਕਿਹਾ ਕਿ ਡਾਕਟਰਾਂ ਨੇ ਸਾਨੂੰ ਦਸਿਆ ਕਿ ਤੁਹਾਡੇ ਬੱਚੇ ਦੀਆਂ ਅੱਖਾਂ ਠੀਕ ਕਰਨ ਲਈ ਤੁਹਾਨੂੰ ਇਸ ਦੀ ਐਕਸਰਸਾਈਜ਼ ਕਰਵਾਉਣੀ ਪਵੇਗੀ। ਉਨ੍ਹਾਂ ਦਸਿਆ ਕਿ ਮੈਂ ਆਪਣੀ ਧੀ ਦੀ ਅੱਖਾਂ ਠੀਕ ਕਰਨ ਲਈ ਹਨੇਰੇ ਵਿਚ ਚਾਰ-ਚਾਰ ਘੰਟੇ ਮੋਮਬਤੀ ਜਗਾ ਕੇ, ਮੋਮਬਤੀ ਦੇਖਣ ਲਈ ਕਹਿੰਦੀ ਸੀ। ਉਨ੍ਹਾਂ ਕਿਹਾ ਕਿ ਸਾਡੀ ਧੀ ਨੂੰ ਕੋਈ ਅਜਿਹੀ ਦਿਕਤ ਨਹੀਂ ਸੀ ਜੋ ਉਸ ਨੂੰ ਨਾ ਹੋਈ ਹੋਵੇ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਨੇ ਸਾਨੂੰ ਬਹੁਤ ਸਹਾਰਾ ਦਿਤਾ, ਸਹਿਣ-ਸ਼ਕਤੀ, ਹਿੰਮਤ ਬਖ਼ਸੀ ਜਿਸ ਕਰ ਕੇ ਹੀ ਅਸੀਂ ਆਪਣੀ ਧੀ ਦੀ ਦੇਖਭਾਲ ਕਰ ਸਕੇ।
ਉਨ੍ਹਾਂ ਕਿਹਾ ਕਿ ਸਾਡੀ ਧੀ 9-10 ਸਾਲ ਦੀ ਉਮਰ ਤੱਕ ਤਾਂ ਚੀਨੀ ਤੇ ਨਮਕ ਦੇ ਘੋਲ ਦੇ ਸਹਾਰੇ ਹੀ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਧੀ ਨੂੰ ਕੁੱਝ ਵੀ ਖੁਆਉਂਦੇ ਸੀ ਤਾਂ ਉਸ ਨੂੰ ਉਲਟੀ ਆ ਜਾਂਦੀ ਸੀ। ਉਨ੍ਹਾਂ ਕਿਹਾ ਕਿ ਪਰਮਾਤਮਾ ਦੀ ਕਿਰਪਾ ਕਰ ਕੇ ਹੁਣ ਸਾਡੀ ਧੀ ਠੀਕ ਹੈ ਤੇ ਉਸ ਨੂੰ ਯੂ.ਐਨ.ਓ. ਵਲੋਂ ਪ੍ਰੈਜੀਡੈਂਟ ਐਵਾਰਡ ਮਿਲਿਆ। ਉਨ੍ਹਾਂ ਦਸਿਆ ਕਿ ਸਾਡੀ ਧੀ ’ਤੇ ਪਰਮਾਤਮਾ ਦੀ ਕਿਰਪਾ ਹੈ ਜਿਸ ਕਰ ਕੇ ਭਾਰਤ ਦੇ ਵੱਡੇ-ਵੱਡੇ ਸੰਤਾਂ ਨਾਲ ਸਾਡੀ ਧੀ ਨੇ ਭਜਨ ਗਾਏ ਹਨ। ਉਨ੍ਹਾਂ ਦਸਿਆ ਕਿ 8 ਮਾਰਚ 2025 ਨੂੰ ਮਹਿਲਾ ਦਿਵਸ ’ਤੇ ਇੰਸਟੀਚਿਊਟ ਬੈਲੇਰੀਨਾ ਨੇ ਸਾਨੂੰ ਸਨਮਾਨਤ ਕਰਨ ਲਈ ਪੱਤਰ ਭੇਜਿਆ ਹੈ।