ਦੋਵੇਂ ਧਿਰਾਂ ਨੂੰ 27 ਨਵੰਬਰ ਤੱਕ ਜਵਾਬ ਦਾਖਲ ਕਰਨ ਦਾ ਦਿੱਤਾ ਹੁੁਕਮ
ਕੋਟਾ : ਰਾਜਸਥਾਨ ਦੀ ਕੋਟਾ ਖਪਤਕਾਰ ਅਦਾਲਤ ਨੇ ਫ਼ਿਲਮ ਅਦਾਕਾਰ ਸਲਮਾਨ ਖਾਨ ਅਤੇ ਰਾਜਸ੍ਰੀ ਪਾਨ ਮਸਾਲਾ ਕੰਪਨੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਇਸ ਸਬੰਧੀ ਭਾਰਤੀ ਜਨਤਾ ਪਾਰਟੀ ਦੇ ਆਗੂ ਇੰਦਰ ਮੋਹਨ ਨੇ ਕੋਟਾ ਦੀ ਖਪਤਕਾਰ ਅਦਾਲਤ ’ਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਨ੍ਹਾਂ ਆਰੋਪ ਲਗਾਇਆ ਕਿ ਫ਼ਿਲਮ ਅਦਾਕਾਰ ਸਲਮਾਨ ਖਾਨ ਤੇ ਰਾਜਸ੍ਰੀ ਪਾਨ ਮਸਾਲਾ ਕੰਪਨੀ ਨੇ ‘ਇਲਾਇਚੀ ਯੁਕਤ ਕੇਸਰ’ ਪਾਨ ਮਸਾਲੇ ਦਾ ਇਸ਼ਤਿਹਾਰ ਕਰਕੇ ਗੁੰਮਰਾਹੁਕੰਨ ਪ੍ਰਚਾਰ ਕਰ ਰਹੇ ਹਨ। ਅਦਾਲਤ ’ਚ ਇਸ ਮਾਮਲੇ ਦੀ ਅਗਲੀ ਸੁਣਵਾਈ 27 ਨਵੰਬਰ ਨੂੰ ਹੋਵੇਗੀ ਅਤੇ ਦੋਵੇਂ ਧਿਰਾਂ ਨੂੰ ਜਵਾਬ ਦਾਖਲ ਕਰਨ ਦਾ ਹੁਕਮ ਦਿੱਤਾ ਹੈ।
ਸ਼ਿਕਾਇਤ ਕਰਤਾ ਵੱਲੋਂ ਆਰੋਪ ਲਗਾਇਆ ਗਿਆ ਹੈ ਕਿ ਕੰਪਨੀ ਵੱਲੋਂ ਪੰਜ ਰੁਪਏ ਦੇ ਪਾਊਚ ਵਿਚ ਅਸਲੀ ਕੇਸਰ ਹੋਣ ਦਾ ਦਾਅਵਾ ਕੀਤਾ ਹੈ ਜਦਕਿ ਕੇਸਰ ਬਹੁਤ ਮਹਿੰਗੀ ਹੁੰਦੀ ਹੈ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਅਸਲੀ ਕੇਸਰ ਦੀ ਕੀਮਤ ਲਗਭਗ 4 ਲੱਖ ਰੁਪਏ ਪ੍ਰਤੀ ਕਿਲੋ ਹੁੰਦੀ ਹੈ, ਜਿਸ ਦੇ ਚਲਦਿਆਂ ਪੰਜ ਰੁਪਏ ਦੇ ਪਾਊਚ ਵਿਚ ਅਸਲੀ ਕੇਸਰ ਪਾਉਣ ਸੰਭਵ ਨਹੀਂ ਹੈ।
