
ਪਟੀਸ਼ਨਕਰਤਾ ਹਰਿੰਦਰਪਾਲ ਸਿੰਘ ਈਸ਼ਰ ਵੱਲੋਂ ਹਰਿਆਣਾ ਦੇ ਵਕੀਲ ਪ੍ਰਦੀਪ ਰਾਪੜੀਆ ਸੁਪਰੀਮ ਕੋਰਟ ਵਿਚ ਪੇਸ਼ ਹੋਏ
Farmers Protest: ਹਰਿਆਣਾ - ਕਿਸਾਨ ਅੰਦੋਲਨ 2.0 ਦੌਰਾਨ ਖਨੌਰੀ ਬਾਰਡਰ 'ਤੇ ਪ੍ਰਦਰਸ਼ਨ ਦੌਰਾਨ ਪੰਜਾਬ ਦੇ ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਦਾ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ। ਇਸ ਮਾਮਲੇ 'ਚ ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਹਰਿਆਣਾ ਸਰਕਾਰ ਨੂੰ ਝਟਕਾ ਦਿੱਤਾ ਹੈ। ਸੁਪਰੀਮ ਕੋਰਟ ਨੇ ਸ਼ੁਭਕਰਨ ਦੀ ਮੌਤ ਦੀ ਹਾਈ ਕੋਰਟ ਦੀ ਨਿਆਂਇਕ ਜਾਂਚ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ।
ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜਾਂਚ ਰਿਪੋਰਟ ਆਉਣ ਦਿਓ, ਰਿਪੋਰਟ 'ਤੇ ਬਾਅਦ 'ਚ ਵਿਚਾਰ ਕੀਤਾ ਜਾਵੇਗਾ। ਹਰਿਆਣਾ ਸਰਕਾਰ ਨੇ ਹਾਈ ਕੋਰਟ ਦੇ ਸੇਵਾਮੁਕਤ ਜੱਜ ਵੱਲੋਂ ਪੁਲਿਸ ਨਾਲ ਝੜਪ ਵਿਚ ਜਾਨ ਗਵਾਉਣ ਵਾਲੇ 22 ਸਾਲਾ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਸਬੰਧੀ ਹਾਈ ਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਹੈ।
ਪਟੀਸ਼ਨਕਰਤਾ ਹਰਿੰਦਰਪਾਲ ਸਿੰਘ ਈਸ਼ਰ ਵੱਲੋਂ ਹਰਿਆਣਾ ਦੇ ਵਕੀਲ ਪ੍ਰਦੀਪ ਰਾਪੜੀਆ ਸੁਪਰੀਮ ਕੋਰਟ ਵਿਚ ਪੇਸ਼ ਹੋਏ। ਜਿਸ ਦੀ ਪਟੀਸ਼ਨ 'ਤੇ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਗਏ ਸਨ। ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ ਦੇ ਹੁਕਮਾਂ 'ਤੇ ਰੋਕ ਲਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਸੁਪਰੀਮ ਕੋਰਟ ਨੇ ਕਿਹਾ ਕਿ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਪ੍ਰਧਾਨਗੀ ਹੇਠ ਬਣਾਈ ਗਈ ਕਮੇਟੀ ਵਿਚ ਹਰਿਆਣਾ ਅਤੇ ਪੰਜਾਬ ਦੋਵਾਂ ਦੇ ਏਡੀਜੀਪੀ ਰੈਂਕ ਦੇ ਅਧਿਕਾਰੀ ਵੀ ਸ਼ਾਮਲ ਹਨ, ਜਿਸ ਨਾਲ ਕਾਨੂੰਨ ਵਿਵਸਥਾ ਵਿਚ ਲੋਕਾਂ ਦਾ ਵਿਸ਼ਵਾਸ ਮਜ਼ਬੂਤ ਹੋਵੇਗਾ।
ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਇਹ ਮਾਮਲਾ ਅਜੇ ਹਾਈ ਕੋਰਟ ਵਿਚ ਵਿਚਾਰ ਅਧੀਨ ਹੈ। ਜਿਸ ਦੀ ਸੁਣਵਾਈ 10 ਅਪ੍ਰੈਲ ਨੂੰ ਹੋਣੀ ਹੈ ਅਤੇ ਰਿਪੋਰਟ ਵੀ ਅਦਾਲਤ ਵਿਚ ਪੇਸ਼ ਨਹੀਂ ਕੀਤੀ ਗਈ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਮਾਮਲਾ ਵਿਚਾਰਿਆ ਜਾ ਸਕਦਾ ਹੈ। ਅਜਿਹੇ 'ਚ ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ 19 ਅਪ੍ਰੈਲ ਨੂੰ ਤੈਅ ਕੀਤੀ ਹੈ।
ਕਿਸਾਨ ਅੰਦੋਲਨ ਦੇ 9ਵੇਂ ਦਿਨ ਯਾਨੀ 21 ਫਰਵਰੀ ਨੂੰ ਪੰਜਾਬ ਅਤੇ ਹਰਿਆਣਾ ਦੀ ਖਨੌਰੀ ਸਰਹੱਦ 'ਤੇ ਕਿਸਾਨ ਸ਼ੁਭਕਰਨ ਦੀ ਮੌਤ ਹੋ ਗਈ ਸੀ। ਸ਼ੁਭਕਰਨ ਬਠਿੰਡਾ ਦੇ ਰਾਮਪੁਰਾ ਇਲਾਕੇ ਦੇ ਪਿੰਡ ਬੱਲੋ ਦਾ ਰਹਿਣ ਵਾਲਾ ਸੀ। ਉਸ ਦੇ ਸਿਰ ਦੇ ਪਿਛਲੇ ਪਾਸੇ ਗੋਲੀ ਵਰਗਾ ਨਿਸ਼ਾਨ ਪਾਇਆ ਗਿਆ। ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਦਾਦੀ ਸੁਖਜੀਤ ਕੌਰ ਨੇ ਤਿੰਨਾਂ ਭੈਣਾਂ-ਭਰਾਵਾਂ ਦੀ ਪਰਵਰਿਸ਼ ਕੀਤੀ ਜਦੋਂ 13 ਸਾਲ ਪਹਿਲਾਂ ਉਸ ਦੀ ਮਾਂ ਪਰਿਵਾਰ ਨੂੰ ਛੱਡ ਕੇ ਆਪਣੇ ਨਾਨਕੇ ਘਰ ਚਲੀ ਗਈ ਸੀ।
ਸ਼ੁਭਕਰਨ ਦੇ ਚਚੇਰੇ ਭਰਾ ਨਿਰਭੈ ਸਿੰਘ ਅਨੁਸਾਰ ਉਸ ਦੇ ਚਾਚਾ ਚਰਨਜੀਤ ਸਿੰਘ ਬੱਲੋ ਪਿੰਡ ਵਿਚ ਡੇਢ ਕਿੱਲੇ ਜ਼ਮੀਨ ਦੇ ਮਾਲਕ ਹਨ। ਉਹ ਇਸ ਜ਼ਮੀਨ 'ਤੇ ਖੇਤੀ ਕਰ ਕੇ ਆਪਣਾ ਗੁਜ਼ਾਰਾ ਕਰਦਾ ਹੈ। ਸ਼ੁਭਕਰਨ ਆਪਣੇ ਪਿਤਾ ਦੀ ਖੇਤੀ ਵਿੱਚ ਮਦਦ ਕਰਦਾ ਸੀ ਅਤੇ ਉਸ ਦਾ ਪਰਿਵਾਰ ਕੱਚੇ ਘਰ ਵਿੱਚ ਰਹਿੰਦਾ ਹੈ।