
ਮੈਨੂੰ ਇਸ ਲਈ ਕੁੱਟਿਆ ਗਿਆ ਕਿਉਂਕਿ ਰਾਜਕੁਮਾਰ ਪੰਚਾਲ ਉਰਫ ਬਿੱਟੂ ਬਜਰੰਗੀ ਨੂੰ ਲਗਿਆ ਸੀ ਕਿ ਮੈਂ ਮੁਸਲਮਾਨ ਹਾਂ : ਪੀੜਤ
ਫਰੀਦਾਬਾਦ (ਹਰਿਆਣਾ): ਨੂਹ ਹਿੰਸਾ ਦੇ ਮੁਲਜ਼ਮ ਅਤੇ ‘ਗਊ ਰਕਸ਼ਕ’ ਬਿੱਟੂ ਬਜਰੰਗੀ ਦਾ ਇਕ ਵੀਡੀਉ ਵਾਇਰਲ ਹੋਇਆ ਹੈ, ਜਿਸ ’ਚ ਉਹ ਅਤੇ ਉਸ ਦੇ ਸਾਥੀ ਪੁਲਿਸ ਦੀ ਮੌਜੂਦਗੀ ’ਚ ਇਕ ਨੌਜੁਆਨ ਨੂੰ ਬੇਰਹਿਮੀ ਨਾਲ ਕੁੱਟਦੇ ਨਜ਼ਰ ਆ ਰਹੇ ਹਨ। ਪੁਲਿਸ ਬੁਲਾਰੇ ਸੂਬੇ ਸਿੰਘ ਨੇ ਬੁਧਵਾਰ ਨੂੰ ਦਸਿਆ ਕਿ ਸਾਰਨ ਥਾਣੇ ਦੀ ਪੁਲਿਸ ਨੇ ਇਸ ਮਾਮਲੇ ’ਚ ਬਿੱਟੂ ਬਜਰੰਗੀ ਅਤੇ ਹੋਰ ਮੁਲਜ਼ਮਾਂ ਵਿਰੁਧ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਕਿਹਾ ਕਿ ਉਹ ਘਟਨਾ ਦੌਰਾਨ ਮੌਜੂਦ ਪੁਲਿਸ ਮੁਲਾਜ਼ਮ ਨੂੰ ਮੁਅੱਤਲ ਕਰਨ ’ਤੇ ਵਿਚਾਰ ਕਰ ਰਹੇ ਹਨ।
ਅਪਣੀ ਸ਼ਿਕਾਇਤ ਵਿਚ ਪੀੜਤ ਸ਼ਿਆਮੂ ਨੇ ਕਿਹਾ ਕਿ ਉਸ ਨੂੰ ਇਸ ਲਈ ਕੁੱਟਿਆ ਗਿਆ ਕਿਉਂਕਿ ਰਾਜਕੁਮਾਰ ਪੰਚਾਲ ਉਰਫ ਬਿੱਟੂ ਬਜਰੰਗੀ ਨੂੰ ਲਗਿਆ ਸੀ ਕਿ ਉਹ ਮੁਸਲਮਾਨ ਹੈ। ਇੰਟਰਨੈੱਟ ’ਤੇ ਵਾਇਰਲ ਹੋ ਰਹੀ ਵੀਡੀਉ ’ਚ ਕੁੱਝ ਨੌਜੁਆਨ ਪੀੜਤ ਦੇ ਦੋਵੇਂ ਹੱਥ-ਪੈਰ ਫੜਦੇ ਨਜ਼ਰ ਆ ਰਹੇ ਹਨ ਜਦਕਿ ਬਿੱਟੂ ਬਜਰੰਗੀ ਉਸ ਨੂੰ ਡੰਡਿਆਂ ਨਾਲ ਮਾਰਦਾ ਨਜ਼ਰ ਆ ਰਿਹਾ ਹੈ।
ਵਾਇਰਲ ਵੀਡੀਉ ’ਚ ਬਿੱਟੂ ਬਜਰੰਗੀ ਦੇ ਨਾਲ ਵਰਦੀ ਪਹਿਨੇ ਇਕ ਪੁਲਿਸ ਮੁਲਾਜ਼ਮ ਵੀ ਖੜਾ ਨਜ਼ਰ ਆ ਰਿਹਾ ਹੈ। ਫਰੀਦਾਬਾਦ ਦੇ ਸੰਜੇ ਐਨਕਲੇਵ ਦੇ ਰਹਿਣ ਵਾਲੇ ਸ਼ਿਆਮੂ ਸ਼ਿਆਮੂ ਵਲੋਂ ਸਾਰਨ ਥਾਣੇ ’ਚ ਦਰਜ ਕਰਵਾਈ ਸ਼ਿਕਾਇਤ ਮੁਤਾਬਕ ਇਹ ਘਟਨਾ ਸੋਮਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਉਹ ਇਕ ਲੜਕੀ ਨਾਲ ਚਾਕਲੇਟ ਖਰੀਦਣ ਲਈ ਦੁਕਾਨ ’ਤੇ ਜਾ ਰਿਹਾ ਸੀ।
ਸ਼ਿਆਮੂ ਨੇ ਕਿਹਾ ਕਿ ਕੁੱਝ ਲੋਕ ਉਸ ਨੂੰ ਫੜ ਕੇ ਬਜਰੰਗੀ ਦੇ ਘਰ ਲੈ ਗਏ, ਜਿੱਥੇ ਉਸ ਨੇ ਉਸ ਨੂੰ ਕੁੱਟਿਆ, ਡੰਡਿਆਂ ਨਾਲ ਕੁੱਟਿਆ ਅਤੇ ਜਾਨੋਂ ਮਾਰਨ ਦੀ ਧਮਕੀ ਦਿਤੀ। ਉਸ ਨੇ ਸ਼ਿਕਾਇਤ ਵਿਚ ਕਿਹਾ, ‘‘ਲੜਕੀ ਮੇਰੀ ਧੀ ਵਰਗੀ ਹੈ ਪਰ ਕੁੱਝ ਗਲਤਫਹਿਮੀ ਕਾਰਨ ਉਹ ਮੈਨੂੰ ਬਿੱਟੂ ਬਜਰੰਗੀ ਕੋਲ ਲੈ ਗਏ, ਜਿਸ ਨੇ ਬਿਨਾਂ ਕਿਸੇ ਕਾਰਨ ਮੇਰੇ ’ਤੇ ਇਹ ਸੋਚ ਕੇ ਹਮਲਾ ਕੀਤਾ ਕਿ ਮੈਂ ਮੁਸਲਿਮ ਭਾਈਚਾਰੇ ਨਾਲ ਸਬੰਧਤ ਹਾਂ।’’
ਸ਼ਿਕਾਇਤ ਦੇ ਆਧਾਰ ’ਤੇ ਬੁਧਵਾਰ ਨੂੰ ਬਜਰੰਗੀ ਅਤੇ ਉਸ ਦੇ ਸਾਥੀਆਂ ਵਿਰੁਧ ਧਾਰਾ 323 (ਸੱਟ ਪਹੁੰਚਾਉਣਾ), 341 (ਗਲਤ ਤਰੀਕੇ ਨਾਲ ਰੋਕਣਾ), 506 (ਅਪਰਾਧਕ ਧਮਕੀ) ਅਤੇ 34 (ਸਾਂਝੇ ਇਰਾਦੇ ਨਾਲ ਕਈ ਵਿਅਕਤੀਆਂ ਵਲੋਂ ਕੀਤੇ ਗਏ ਕੰਮ) ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਸੀ।
ਐਸ.ਐਚ.ਓ. ਸੰਗਰਾਮ ਦਹੀਆ ਨੇ ਕਿਹਾ, ‘‘ਐਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਪੁਲਿਸ ਮੁਲਾਜ਼ਮ ਨੂੰ ਮੁਅੱਤਲ ਕਰਨ ਦੀ ਸਿਫਾਰਸ਼ ਸੀਨੀਅਰ ਅਧਿਕਾਰੀਆਂ ਨੂੰ ਵੀ ਭੇਜ ਦਿਤੀ ਗਈ ਹੈ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।’’ ਬਜਰੰਗੀ ਨੂੰ ਪਿਛਲੇ ਸਾਲ ਹਰਿਆਣਾ ਦੇ ਨੂਹ ’ਚ ਹੋਈ ਹਿੰਸਾ ਦੇ ਸਬੰਧ ’ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਫਿਲਹਾਲ ਉਹ ਜ਼ਮਾਨਤ ’ਤੇ ਬਾਹਰ ਹੈ।