ਰਾਸ਼ਟਰਪਤੀ ਟਰੰਪ ਨੇ ਅਮਰੀਕੀ ਨੂੰ ਤੁਰੰਤ ਮੱਧ ਪੂਰਬ ਨੂੰ ਛੱਡਣ ਦਾ ਦਿੱਤਾ ਹੁਕਮ
ਤੇਲ ਅਵੀਵ : ਇਜ਼ਰਾਈਲ-ਅਮਰੀਕਾ ਅਤੇ ਇਰਾਨ ਵਿਚਕਾਰ ਸ਼ੂਰੂ ਹੋਈ ਜੰਗ ਦਾ ਅੱਜ ਚੌਥਾ ਦਿਨ ਹੈ। ਇਸੇ ਦੌਰਾਨ ਇਰਾਨ ਤੋਂ ਆਏ ਦੋ ਡਰੋਨਾਂ ਨੇ ਸਾਊਦੀ ਅਰਬ ਦੇ ਰਿਆਧ ਵਿੱਚ ਅਮਰੀਕੀ ਦੂਤਾਵਾਸ 'ਤੇ ਹਮਲਾ ਕੀਤਾ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀਆਂ ਨੂੰ ਮੱਧ ਪੂਰਬ ਨੂੰ ਜਲਦੀ ਤੋਂ ਜਲਦੀ ਛੱਡਣ ਲਈ ਕਿਹਾ ਹੈ। ਟਰੰਪ ਨੇ ਕਿਹਾ ਹੈ ਕਿ ਇਰਾਨ 'ਤੇ ਸਭ ਤੋਂ ਵੱਡਾ ਹਮਲਾ ਅਜੇ ਹੋਣਾ ਬਾਕੀ ਹੈ ।
ਵ੍ਹਾਈਟ ਹਾਊਸ ਵਿੱਚ ਦਿੱਤੇ ਇੱਕ ਬਿਆਨ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਰਾਨ ਨਾਲ ਜੰਗ 4-5 ਹਫ਼ਤੇ ਚੱਲ ਸਕਦੀ ਹੈ, ਪਰ ਜੇਕਰ ਲੋੜ ਪਈ ਤਾਂ ਇਹ ਮੁਹਿੰਮ ਇਸ ਤੋਂ ਵੱਧ ਸਮੇਂ ਤੱਕ ਜਾਰੀ ਰਹੇਗੀ। ਟਰੰਪ ਦੇ ਅਨੁਸਾਰ ਅਮਰੀਕੀ ਫੌਜ ਇਸ ਸਮੇਂ ਇਰਾਨ ਵਿੱਚ ਵੱਡੇ ਪੱਧਰ 'ਤੇ ਫੌਜੀ ਕਾਰਵਾਈ ਕਰ ਰਹੀ ਹੈ। ਅਮਰੀਕਾ ਕੋਲ ਦੁਨੀਆ ਦੀ ਸਭ ਤੋਂ ਵੱਡੀ ਫੌਜ ਹੈ ਅਤੇ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ । ਟਰੰਪ ਨੇ ਕਿਹਾ ਹੈ ਕਿ ਇਰਾਨ ਨੇ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਮੁੜ ਸ਼ੁਰੂ ਨਾ ਕਰਨ ਦੀਆਂ ਅਮਰੀਕੀ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕੀਤਾ ਅਤੇ ਕਿਹਾ ਕਿ ਇਰਾਨ ਦਾ ਪ੍ਰਮਾਣੂ ਪ੍ਰੋਗਰਾਮ ਇੱਕ ਖ਼ਤਰਾ ਬਣਦਾ ਜਾ ਰਿਹਾ ਹੈ।
