ਹਾਦਸੇ ਤੋਂ ਬਾਅਦ ਮਾਤਾ ਸੁਦੀਕਸ਼ਾ ਸੁਰੱਖਿਅਤ, ਹਰਿਆਣਾ ਦੇ ਪਾਣੀਪਤ ਨੇੜੇ ਵਾਪਰਿਆ ਹਾਦਸਾ
ਪਾਣੀਪਤ : ਹਰਿਆਣੇ ਦੇ ਸੋਨੀਪਤ ਜ਼ਿਲ੍ਹੇ ਵਿੱਚ ਰਾਸ਼ਟਰੀ ਹਾਈਵੇ-44 ਉੱਤੇ ਮੁਰਥਲ ਫਲਾਈਓਵਰ ਦੇ ਉੱਪਰ ਨਿਰੰਕਾਰੀ ਮਿਸ਼ਨ ਦੀ ਮੁਖੀ ਮਾਤਾ ਸੁਦੀਕਸ਼ਾ ਦੀ ਗੱਡੀ ਨਾਲ ਇੱਕ ਗੰਭੀਰ ਹਾਦਸਾ ਵਾਪਰਿਆ ਹੈ। ਦਿੱਲੀ ਤੋਂ ਸਮਾਲਖਾ ਹੁੰਦੇ ਹੋਏ ਪਾਣੀਪਤ ਵੱਲ ਜਾਂਦੇ ਸਮੇਂ ਉਨ੍ਹਾਂ ਦੀ ਗੱਡੀ ਨੂੰ ਪਿੱਛੇ ਤੋਂ ਆਏ ਇੱਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਇਲਜ਼ਾਮ ਹੈ ਕਿ ਇਹ ਟੱਕਰ ਜਾਣਬੁੱਝ ਕੇ ਮਾਰੀ ਗਈ। ਹਾਦਸੇ ਵਿੱਚ ਗੱਡੀ ਦੇ ਖੱਬੇ ਪਾਸੇ ਨੂੰ ਨੁਕਸਾਨ ਪਹੁੰਚਿਆ ਅਤੇ ਅੰਦਰ ਬੈਠੀ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੂੰ ਵੀ ਜ਼ੋਰ ਦਾ ਝਟਕਾ ਲੱਗਾ। ਘਟਨਾ ਤੋਂ ਬਾਅਦ ਦੋਸ਼ੀ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਣ ਤੇ ਥਾਣਾ ਮੁਰਥਲ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਸ਼ਰਧਾਲੂਆਂ ਅਤੇ ਮਿਸ਼ਨ ਨਾਲ ਜੁੜੇ ਲੋਕਾਂ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ।
ਕਰਨਲ ਹਰਵਿੰਦਰ ਸਿੰਘ ਗੁਲੇਰੀਆ (ਸੇਵਾਮੁਕਤ) ਜੋ ਸੰਤ ਨਿਰੰਕਾਰੀ ਮੰਡਲ ਵਿੱਚ ਮੁੱਖ ਸੁਰੱਖਿਆ ਅਧਿਕਾਰੀ ਦੇ ਅਹੁਦੇ ਉੱਤੇ ਤਾਇਨਾਤ ਹਨ, ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 1 ਜਨਵਰੀ 2026 ਦੀ ਰਾਤ ਕਰੀਬ 9:45 ਵਜੇ ਉਹ ਮਾਤਾ ਸੁਦੀਕਸ਼ਾ ਜੀ ਮਹਾਰਾਜ ਨਾਲ ਦਿੱਲੀ ਤੋਂ ਭਗਤੀ ਨਿਵਾਸ ਸਮਾਲਖਾ, ਪਾਣੀਪਤ ਲਈ ਰਵਾਨਾ ਹੋਏ ਸਨ। ਰਾਤ ਕਰੀਬ 10:13 ਵਜੇ ਜਦੋਂ ਉਨ੍ਹਾਂ ਦਾ ਕਾਫਲਾ ਮੁਰਥਲ ਫਲਾਈਓਵਰ ਉੱਤੇ ਪਹੁੰਚਿਆ, ਤਦ ਪਿੱਛੇ ਤੋਂ ਆਈ ਇੱਕ ਕਾਲੇ ਰੰਗ ਦੀ ਸਕਾਰਪੀਓ-ਐੱਨ ਨੇ ਉਨ੍ਹਾਂ ਦੀ ਗੱਡੀ ਨੂੰ ਖੱਬੇ ਪਾਸੇ ਤੋਂ ਟੱਕਰ ਮਾਰ ਦਿੱਤੀ। ਜਦਕਿ ਮਾਤਾ ਸੁਦੀਕਸ਼ਾ ਜੀ ਬਿਲਕੁਲ ਸੁਰੱਖਿਅਤ ਹਨ ਅਤੇ ਮਾਮਲੇ ਦੀ ਪੁਲਿਸ ਵੰਲੋਂ ਜਾਂਚ ਕੀਤੀ ਜਾ ਰਹੀ ਹੈ।
