
America News: ਜੇਕਰ ਕੋਈ ਯੂਨੀਵਰਸਿਟੀ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਹੈ ਤਾਂ ਉਸ ਨੂੰ ਸਰਕਾਰੀ ਫ਼ੰਡਿੰਗ ਅਤੇ ਗ੍ਰਾਂਟਾਂ ਨਹੀਂ ਮਿਲਣਗੀਆਂ।
Trump sets conditions for top universities America News: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਯੂਨੀਵਰਸਿਟੀ ਨੀਤੀਆਂ ’ਚ ਬਦਲਾਅ ਦੀ ਮੰਗ ਕਰਦੇ ਹੋਏ 10-ਨੁਕਾਤੀ ਮੀਮੋ ਜਾਰੀ ਕੀਤਾ ਹੈ। ਇਸ ਵਿਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਜੇਕਰ ਯੂਨੀਵਰਸਿਟੀਆਂ ਸਰਕਾਰੀ ਫ਼ੰਡਿੰਗ ਚਾਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਸਰਕਾਰੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਮੀਮੋ ਵਿਦੇਸ਼ੀ ਵਿਦਿਆਰਥੀਆਂ ਦੇ ਦਾਖ਼ਲੇ, ਦਾਖ਼ਲਾ ਪ੍ਰਕਿਰਿਆਵਾਂ, ਟਿਊਸ਼ਨ ਫ਼ੀਸਾਂ ਅਤੇ ਵਿਚਾਰਧਾਰਾ ਨੂੰ ਨਿਸ਼ਾਨਾ ਬਣਾਉਂਦਾ ਹੈ।
ਇਸ ਨਵੇਂ ਮੀਮੋ ਵਿਚ ਕੁੱਲ ਨੌਂ ਯੂਨੀਵਰਸਿਟੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਨ੍ਹਾਂ ਯੂਨੀਵਰਸਿਟੀਆਂ ਵਿਚ ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ, ਡਾਰਟਮਾਊਥ, ਯੂਨੀਵਰਸਿਟੀ ਆਫ਼ ਪੈਨਸਿਲਵੇਨੀਆ, ਯੂਨੀਵਰਸਿਟੀ ਆਫ਼ ਸਾਊਦਰਨ ਕੈਲੀਫੋਰਨੀਆ, ਯੂਨੀਵਰਸਿਟੀ ਆਫ਼ ਟੈਕਸਾਸ, ਬ੍ਰਾਊਨ ਯੂਨੀਵਰਸਿਟੀ, ਵੈਂਡਰਬਿਲਟ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਐਰੀਜ਼ੋਨਾ ਅਤੇ ਯੂਨੀਵਰਸਿਟੀ ਆਫ਼ ਵਰਜੀਨੀਆ ਸ਼ਾਮਲ ਹਨ। ਸਰਕਾਰ ਨੇ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਜੇਕਰ ਕੋਈ ਯੂਨੀਵਰਸਿਟੀ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਹੈ ਤਾਂ ਉਸ ਨੂੰ ਸਰਕਾਰੀ ਫ਼ੰਡਿੰਗ ਅਤੇ ਗ੍ਰਾਂਟਾਂ ਨਹੀਂ ਮਿਲਣਗੀਆਂ। ਇਸ ਦੀ ਨਿਗਰਾਨੀ ਅਮਰੀਕੀ ਨਿਆਂ ਵਿਭਾਗ ਦੁਆਰਾ ਵੀ ਕੀਤੀ ਜਾਵੇਗੀ। ਉੱਪਰ ਦੱਸੀਆਂ ਗਈਆਂ ਯੂਨੀਵਰਸਿਟੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅੰਡਰਗ੍ਰੈਜੂਏਟ ਕੋਰਸਾਂ ਦੀ ਪੜ੍ਹਾਈ ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 15 ਫ਼ੀ ਸਦੀ ਤੋਂ ਵੱਧ ਨਾ ਹੋਵੇ।
ਇਸਦਾ ਉਦੇਸ਼ ਵਿਦੇਸ਼ੀ ਵਿਦਿਆਰਥੀਆਂ ’ਤੇ ਨਿਰਭਰਤਾ ਘਟਾਉਣਾ ਹੈ, ਜੋ ਉੱਚ ਟਿਊਸ਼ਨ ਫ਼ੀਸਾਂ ਵੀ ਦਿੰਦੇ ਹਨ। ਆਲੋਚਕਾਂ ਦਾ ਕਹਿਣਾ ਹੈ ਕਿ ਇਸ ਨਾਲ ਅਕਾਦਮਿਕ ਵਿਭਿੰਨਤਾ ’ਤੇ ਅਸਰ ਪਵੇਗਾ। ਮੀਮੋ ਵਿਚ ਕਿਹਾ ਗਿਆ ਹੈ ਕਿ ਕਿਸੇ ਵੀ ਇਕ ਦੇਸ਼ ਦੇ ਵਿਦਿਆਰਥੀਆਂ ਨੂੰ ਕਿਸੇ ਵੀ ਇਕ ਯੂਨੀਵਰਸਿਟੀ ਵਿਚ 5 ਫ਼ੀ ਸਦੀ ਤੋਂ ਵੱਧ ਨਹੀਂ ਹੋਣਾ ਚਾਹੀਦਾ। ਇਸ ਦਾ ਉਦੇਸ਼ ਯੂਨੀਵਰਸਿਟੀ ਦੇ ਅੰਦਰ ਵਿਭਿੰਨਤਾ ਵਧਾਉਣਾ ਅਤੇ ਕਿਸੇ ਵੀ ਇਕ ਦੇਸ਼ ’ਤੇ ਨਿਰਭਰਤਾ ਘਟਾਉਣਾ ਹੈ। (ਏਜੰਸੀ)