
ਮਾਮਲੇ ਦੀ ਅਗਲੀ ਸੁਣਵਾਈ 25 ਸਤੰਬਰ ਨੂੰ ਹੋਵੇਗੀ
ਪੰਚਕੂਲਾ : ਸੌਦਾ ਸਾਧ ਨੂੰ ਸਾਧੂਆਂ ਨੂੰ ਖੁਸਰੇ ਬਣਾਉਣ ਨਾਲ ਸਬੰਧਤ ਮਾਮਲੇ ’ਚ ਪੰਚਕੂਲਾ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਹੋਣ ਤੋਂ ਛੋਟ ਮਿਲ ਗਈ ਹੈ। ਸੌਦਾ ਸਾਧ ਦੇ ਵਕੀਲ ਨੇ ਨਿੱਜੀ ਪੇਸ਼ੀ ਤੋਂ ਛੋਟ ਲਈ ਅਦਾਲਤ ਵਿੱਚ ਅਰਜ਼ੀ ਦਿੱਤੀ ਸੀ ਜਿਸਨੂੰ ਅਦਾਲਤ ਨੇ ਸਵੀਕਾਰ ਕਰ ਲਿਆ। ਹੁਣ ਉਸ ਨੂੰ ਇਸ ਮਾਮਲੇ ’ਚ ਅਦਾਲਤ ਵਿਚ ਨਿੱਜੀ ਤੌਰ ’ਤੇ ਪੇਸ਼ ਹੋਣ ਤੋਂ ਛੋਟ ਮਿਲ ਗਈ ਹੈ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ 25 ਸਤੰਬਰ ਨੂੰ ਹੋਵੇਗੀ।
ਸੌਦਾ ਸਾਧ ਦੇ ਵਕੀਲ ਨੇ ਦਲੀਲ ਦਿੱਤੀ ਹੈ ਕਿ ਸੌਦਾ ਸਾਧ 4 ਅਗਸਤ ਤੋਂ 40 ਦਿਨਾਂ ਦੀ ਪੈਰੋਲ ’ਤੇ ਹੈ ਅਤੇ ਸਮਰੱਥ ਅਧਿਕਾਰੀ ਨੇ ਉਨ੍ਹਾਂ ਦੀ ਆਵਾਜਾਈ ’ਤੇ ਪਾਬੰਦੀ ਲਗਾ ਦਿੱਤੀ ਹੈ। ਜਿਸ ਦੇ ਚਲਦਿਆਂ ਉਹ ਅਦਾਲਤ ਵਿਚ ਪੇਸ਼ ਨਹੀਂ ਹੋ ਸਕਦੇ। ਵਕੀਲ ਨੇ ਇਹ ਵੀ ਦੱਸਿਆ ਕਿ ਉਸ ਦੀ ਗੈਰਹਾਜ਼ਰੀ ਵਿਚ ਕਾਰਵਾਈ ਦਰਜ ਕਰਨ ’ਤੇ ਕੋਈ ਇਤਰਾਜ਼ ਨਹੀਂ ਹੈ। ਸੁਣਵਾਈ ਦੌਰਾਨ ਇੱਕ ਸਰਕਾਰੀ ਗਵਾਹ ਦਾ ਬਿਆਨ ਦਰਜ ਕੀਤਾ ਗਿਆ। ਬਚਾਅ ਪੱਖ ਨੇ ਅਦਾਲਤ ਨੂੰ ਅਗਲੀ ਤਰੀਕ ਵਿੱਚ ਦੇਰੀ ਨਾ ਕਰਨ ਦੀ ਅਪੀਲ ਕੀਤੀ ਕਿਉਂਕਿ ਇਹ ਅਦਾਲਤ ਦਾ ਸਭ ਤੋਂ ਪੁਰਾਣਾ ਮਾਮਲਾ ਹੈ। ਅਦਾਲਤ ਨੇ ਹੁਕਮ ਦਿੱਤਾ ਕਿ ਅਗਲੀ ਤਰੀਕ ’ਤੇ ਇੱਕ ਹੋਰ ਸਰਕਾਰੀ ਗਵਾਹ ਯਾਨੀ ਪੀੜਤ ਨੂੰ ਬੁਲਾਇਆ ਜਾਵੇ।