ਪਾਂਡਵਾਂ ਨੇ ਮਹਾਭਾਰਤ ’ਚ ਦ੍ਰੌਪਦੀ ਨੂੰ ਦਾਅ
ਗੋਂਡਾ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਬਕਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਕਾਂਗਰਸ ਦੇ ਹੁੱਡਾ ਪਰਵਾਰ ਨੇ ਭਲਵਾਨਾਂ ਨੂੰ ਦਾਅ ’ਤੇ ਲਗਾ ਕੇ ਉਨ੍ਹਾਂ ਵਿਰੁਧ ਸਾਜ਼ਸ਼ ਰਚੀ ਜਿਵੇਂ ਪਾਂਡਵਾਂ ਨੇ ਮਹਾਭਾਰਤ ’ਚ ਦ੍ਰੌਪਦੀ ਨੂੰ ਦਾਅ ’ਤੇ ਲਗਾਇਆ ਸੀ।
ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਮੁਖੀ ਸਿੰਘ ’ਤੇ ਪਿਛਲੇ ਸਾਲ ਕਈ ਮਹਿਲਾ ਭਲਵਾਨਾਂ ਨੇ ਜਿਨਸੀ ਸੋਸ਼ਣ ਦੇ ਦੋਸ਼ ਲਗਾਏ ਸਨ ਅਤੇ ਉਨ੍ਹਾਂ ਵਿਰੁਧ ਜਾਂਚ ਦੀ ਮੰਗ ਨੂੰ ਲੈ ਕੇ ਕਈ ਹਫਤਿਆਂ ਤਕ ਧਰਨਾ ਦਿਤਾ ਸੀ।
ਐਤਵਾਰ ਨੂੰ ਅਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਨੇ ਕਿਹਾ, ‘‘ਮਹਾਭਾਰਤ ’ਚ ਖੇਡੇ ਗਏ ਜੂਏ ’ਚ ਦ੍ਰੌਪਦੀ ਦਾਅ ’ਤੇ ਸੀ। ਪਾਂਡਵ ਹਾਰ ਗਏ। ਦੇਸ਼ ਅਜੇ ਵੀ ਇਸ ਮਾਮਲੇ ’ਚ ਪਾਂਡਵਾਂ ਦੀਆਂ ਦਲੀਲਾਂ ਨੂੰ ਮਨਜ਼ੂਰ ਨਹੀਂ ਕਰ ਪਾ ਰਿਹਾ ਹੈ।” ਉਨ੍ਹਾਂ ਦੋਸ਼ ਲਾਇਆ ਕਿ ਹੁੱਡਾ ਦੇ ਪਰਵਾਰ ਨੇ ਧੀਆਂ-ਭੈਣਾਂ ਦੀ ਇੱਜ਼ਤ ਦਾਅ ’ਤੇ ਲਗਾ ਕੇ ਉਨ੍ਹਾਂ ਵਿਰੁਧ ਸਾਜ਼ਸ਼ ਰਚੀ, ਜਿਸ ਲਈ ਆਉਣ ਵਾਲੀ ਪੀੜ੍ਹੀ ਉਨ੍ਹਾਂ ਨੂੰ ਮੁਆਫ ਨਹੀਂ ਕਰੇਗੀ ਅਤੇ ਇਸ ਲਈ ਉਨ੍ਹਾਂ ਨੂੰ ਹਮੇਸ਼ਾ ਦੋਸ਼ੀ ਠਹਿਰਾਇਆ ਜਾਵੇਗਾ। ਉਹ ਹੁੱਡਾ ਪਰਵਾਰ ਤੋਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵਲ ਇਸ਼ਾਰਾ ਕਰ ਰਹੇ ਸਨ।
ਵਿਨੇਸ਼ ਫੋਗਾਟ ਅਤੇ ਓਲੰਪਿਕ ਕਾਂਸੀ ਤਮਗਾ ਜੇਤੂ ਬਜਰੰਗ ਪੂਨੀਆ ਅਤੇ ਇਕ ਹੋਰ ਓਲੰਪਿਕ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਪਿਛਲੇ ਸਾਲ ਅੰਦੋਲਨ ਦੀ ਅਗਵਾਈ ਕੀਤੀ ਸੀ। ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਨੇ ਕਿਹਾ, ‘‘ਬਜਰੰਗ ਪੂਨੀਆ ਦੀ ਮਾਨਸਿਕਤਾ ਖਰਾਬ ਹੋ ਗਈ ਹੈ। ਉਸ ਨੇ ਅਪਣੀ ਪਤਨੀ ਨੂੰ ਦਾਅ ’ਤੇ ਲਗਾ ਦਿਤਾ ਸੀ। ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਹ ਬਿਨਾਂ ਟਰਾਇਲ ਦੇ ਏਸ਼ੀਆਈ ਖੇਡਾਂ ’ਚ ਖੇਡਣ ਕਿਉਂ ਗਏ?’’
ਦਿੱਲੀ ’ਚ ਭਲਵਾਨਾਂ ਦੇ ਵਿਰੋਧ ਪ੍ਰਦਰਸ਼ਨ ਬਾਰੇ ਪੁੱਛੇ ਗਏ ਸਵਾਲ ’ਤੇ ਬਿ੍ਰਜ ਭੂਸ਼ਣ ਨੇ ਕਿਹਾ, ‘‘ਭਲਵਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਨਾਂ ਨਾ ਲਉ। ਦਿੱਲੀ ’ਚ ਭਲਵਾਨਾਂ ਵਲੋਂ ਕੋਈ ਵਿਰੋਧ ਪ੍ਰਦਰਸ਼ਨ ਨਹੀਂ ਕੀਤਾ ਗਿਆ। ਇਹ ਇਕ ਪਰਵਾਰਕ ਵਿਰੋਧ ਪ੍ਰਦਰਸ਼ਨ ਸੀ। ਜਦੋਂ ਅਸੀਂ ਭਲਵਾਨ ਕਹਿੰਦੇ ਹਾਂ, ਤਾਂ ਇਕ ਸਮੂਹ ਆਉਂਦਾ ਹੈ। ਕੀ ਪੰਜਾਬ ਅਤੇ ਹਰਿਆਣਾ ’ਚ ਕੋਈ ਭਲਵਾਨ ਨਹੀਂ ਹਨ? ਕੀ ਉਹ ਮਹਾਰਾਸ਼ਟਰ, ਬਿਹਾਰ, ਉੱਤਰ ਪ੍ਰਦੇਸ਼, ਬੰਗਾਲ ਅਤੇ ਹਿਮਾਚਲ ਪ੍ਰਦੇਸ਼ ’ਚ ਨਹੀਂ ਹਨ?’’
ਉਨ੍ਹਾਂ ਨੇ ਕਾਂਗਰਸ ਆਗੂ ਦੀਪੇਂਦਰ ਹੁੱਡਾ ’ਤੇ ਦਿੱਲੀ ਦੇ ਜੰਤਰ ਮੰਤਰ ’ਤੇ ਪ੍ਰਦਰਸ਼ਨ ਦੀ ਅਗਵਾਈ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਪ੍ਰਿਯੰਕਾ ਗਾਂਧੀ ਵੀ ਆਉਂਦੀ ਸੀ।ਕੈਸਰਗੰਜ ਸੀਟ ਤੋਂ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਸਿੰਘ ਨੇ ਸਨਿਚਰਵਾਰ ਨੂੰ ਕਿਹਾ ਸੀ ਕਿ ਕਾਂਗਰਸ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ’ਤੇ ਕਬਜ਼ਾ ਕਰਨ ਦੀ ਸਾਜ਼ਸ਼ ਤਹਿਤ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੂੰ ‘ਪਿਆਦੇ’ ਵਜੋਂ ਵਰਤਿਆ।
ਇਸ ਅੰਦੋਲਨ ਨੇ ਕੈਸਰਗੰਜ ਹਲਕੇ ਤੋਂ ਛੇ ਵਾਰ ਲੋਕ ਸਭਾ ਮੈਂਬਰ ਰਹੇ ਸਿੰਘ ਨੂੰ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਫਿਲਹਾਲ ਉਹ ਅਦਾਲਤ ’ਚ ਅਪਰਾਧਕ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਫੋਗਾਟ ਅਤੇ ਪੂਨੀਆ ਸ਼ੁਕਰਵਾਰ ਨੂੰ ਕਾਂਗਰਸ ਵਿਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਨੇ ਡਰਨ ਜਾਂ ਪਿੱਛੇ ਨਾ ਹਟਣ ਦਾ ਸੰਕਲਪ ਲਿਆ ਸੀ। ਕਾਂਗਰਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ 32 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿਤੀ ਹੈ, ਜਿਸ ’ਚ ਭਲਵਾਨ ਵਿਨੇਸ਼ ਫੋਗਾਟ ਨੂੰ ਜੁਲਾਨਾ ਸੀਟ ਤੋਂ ਮੈਦਾਨ ’ਚ ਉਤਾਰਿਆ ਗਿਆ ਹੈ।