
12 ਸਾਲਾ ਅਰਮਾਨ ਆਪਣੇ ਦੋਸਤਾਂ ਨਾਲ ਗਿਆ ਸੀ ਨਹਾਉਣ
ਸੋਨੀਪਤ : ਸੋਨੀਪਤ ’ਚ ਇੱਕ 12 ਸਾਲਾ ਲੜਕੇ ਦੀ ਸਵੀਮਿੰਗ ਪੂਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅਰਮਾਨ ਆਪਣੇ ਦੋਸਤਾਂ ਨਾਲ ਕੰਮ ਖਤਮ ਕਰਨ ਤੋਂ ਬਾਅਦ ਨਹਾਉਣ ਲਈ ਪੂਲ ਵਿੱਚ ਉਤਰਿਆ ਸੀ। ਸੀਸੀਟੀਵੀ ਫੁਟੇਜ ਵਿੱਚ ਵੀ ਲੜਕਾ ਪਾਣੀ ’ਚ ਡੁੱਬਦੇ ਸਮੇਂ ਆਪਣੇ ਆਪ ਨੂੰ ਬਚਾਉਣ ਲਈ ਸੰਘਰਸ਼ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ, ਪਰ ਆਖਰ ਉਹ ਪਾਣੀ ਵਿੱਚ ਡੁੱਬ ਜਾਂਦਾ ਹੈ।
ਬਾਅਦ ’ਚ ਹੋਰ ਨੌਜਵਾਨਾਂ ਨੇ ਉਸ ਨੂੰ ਪਾਣੀ ’ਚੋਂ ਬਾਹਰ ਕੱਢ ਲਿਆ। ਪੁਲਿਸ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ ਅਤੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੋਨੀਪਤ ਦੇ ਪਿਆਉ ਮਨਿਹਾਰੀ ਇਲਾਕੇ ’ਚ ਵਾਪਰੇ ਇਸ ਹਾਦਸੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਮ੍ਰਿਤਕ ਅਰਮਾਨ ਦੇ ਪਿਤਾ ਚਾਂਦ ਨੇ ਦੱਸਿਆ ਕਿ ਉਸਦਾ 12 ਸਾਲਾ ਪੁੱਤਰ ਪੜ੍ਹਾਈ ਦੇ ਨਾਲ-ਨਾਲ ਸਾਈਕਲ ਦੀ ਦੁਕਾਨ ’ਤੇ ਕੰਮ ਸਿੱਖਦਾ ਸੀ। ਹਰ ਰੋਜ਼ ਦੀ ਤਰ੍ਹਾਂ ਕੰਮ ਖਤਮ ਕਰਨ ਤੋਂ ਬਾਅਦ ਅਰਮਾਨ ਆਪਣੇ ਦੋਸਤਾਂ ਨਾਲ ਨੇੜਲੇ ਸਵੀਮਿੰਗ ਪੂਲ ਵਿੱਚ ਨਹਾਉਣ ਗਿਆ।
ਲੋਕਾਂ ਨੇ ਅਰਮਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਤੁਰੰਤ ਪਾਣੀ ਵਿੱਚੋਂ ਬਾਹਰ ਕੱਢਿਆ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਉਸਨੂੰ ਤੁਰੰਤ ਸੋਨੀਪਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸਨੂੰ ਮ੍ਰਿਤਕ ਐਲਾਨ ਦਿੱਤਾ।