
ਸਕੂਲ ਦੀ ਮਾਨਤਾ ਰੱਦ ਕਰ ਦਿੱਤੀ ਜਾਵੇਗੀ , ਸੂਬੇ ਭਰ ਦੀਆਂ ਸਕੂਲੀ ਬੱਸਾਂ ਦੀ ਫਿਟਨੈਸ ਚੈੱਕ ਕਰਨ ਦੇ ਹੁਕਮ
Haryana Bus Accident : ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਵਿੱਚ ਬੱਸ ਹਾਦਸੇ 'ਚ ਸਕੂਲ ਦੀ ਪ੍ਰਿੰਸੀਪਲ ਦੀਪਤੀ ਰਾਓ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਪੁਲੀਸ ਨੇ ਡਾਇਰੈਕਟਰ ਦੇ ਦਫ਼ਤਰ ਤੋਂ ਕੁਝ ਦਸਤਾਵੇਜ਼ ਵੀ ਆਪਣੇ ਕਬਜ਼ੇ ਵਿੱਚ ਲਏ ਹਨ। ਇਸ ਪੂਰੇ ਮਾਮਲੇ 'ਤੇ ਸਕੂਲ ਪ੍ਰਿੰਸੀਪਲ ਨੇ ਚੁੱਪ ਧਾਰੀ ਹੋਈ ਹੈ। ਪ੍ਰਸ਼ਾਸਨ ਨੇ ਸਕੂਲ ਦੀ ਮਾਨਤਾ ਰੱਦ ਕਰਨ ਲਈ ਉੱਚ ਅਧਿਕਾਰੀਆਂ ਅਤੇ ਸਰਕਾਰ ਨੂੰ ਪ੍ਰਸਤਾਵ ਵੀ ਭੇਜਿਆ ਹੈ।
ਸਕੂਲ ਦੀ ਮਾਨਤਾ ਰੱਦ ਕਰ ਦਿੱਤੀ ਜਾਵੇਗੀ
ਜ਼ਿਲ੍ਹਾ ਪ੍ਰਸਾਸ਼ਨ ਮੋਨਿਕਾ ਗੁਪਤਾ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ। ਪ੍ਰਸ਼ਾਸਨ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ। ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਇਸ ਹਾਦਸੇ ਵਿੱਚ ਜ਼ਖਮੀ ਹੋਏ ਬੱਚਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਦੋਸ਼ੀਆਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਈਦ ਦੀ ਸਰਕਾਰੀ ਛੁੱਟੀ ਸੀ ਪਰ ਫਿਰ ਵੀ ਪ੍ਰਾਈਵੇਟ ਸਕੂਲ ਚੱਲ ਰਹੇ ਸਨ। ਇਸ ਦੇ ਲਈ ਪ੍ਰਸ਼ਾਸਨ ਨੇ ਇਸ ਦੀ ਮਾਨਤਾ ਰੱਦ ਕਰਨ ਲਈ ਉੱਚ ਅਧਿਕਾਰੀਆਂ ਅਤੇ ਸਰਕਾਰ ਨੂੰ ਪ੍ਰਸਤਾਵ ਭੇਜਿਆ ਹੈ।
ਹਾਦਸੇ ਦੇ ਕਈ ਕਾਰਨ ਆਏ ਸਾਹਮਣੇ
ਕਨੀਨਾ ਥਾਣਾ ਇੰਚਾਰਜ ਉਦੈਭਾਨ ਮੁਤਾਬਕ ਬੱਸ ਹਾਦਸੇ ਦੇ ਇਕ ਨਹੀਂ ਸਗੋਂ ਕਈ ਕਾਰਨ ਸਾਹਮਣੇ ਆਏ ਹਨ। ਪਹਿਲਾ ਕਾਰਨ ਛੁੱਟੀ ਵਾਲੇ ਦਿਨ ਵੀ ਸਕੂਲ ਖੁੱਲ੍ਹਣਾ ਹੈ। ਅੱਜ ਈਦ ਦੀ ਸਰਕਾਰੀ ਛੁੱਟੀ ਹੈ, ਇਸ ਦੇ ਬਾਵਜੂਦ ਪ੍ਰਾਈਵੇਟ ਸਕੂਲ ਖੁੱਲ੍ਹੇ ਸਨ ਅਤੇ ਬੱਸਾਂ ਬੱਚਿਆਂ ਨੂੰ ਲੈਣ ਪਹੁੰਚੀਆਂ। ਦੂਜਾ ਕਾਰਨ ਬੱਸ ਡਰਾਈਵਰ ਦਾ ਸ਼ਰਾਬੀ ਹੋਣਾ ਹੈ। ਇੱਕ ਵਿਦਿਆਰਥੀ ਨੇ ਆਪਣੇ ਬਿਆਨ ਵਿੱਚ ਇਸ ਗੱਲ ਦਾ ਖੁਲਾਸਾ ਵੀ ਕੀਤਾ ਹੈ। ਉਸ ਨੇ ਦੱਸਿਆ ਕਿ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਸ ਦੇ ਕੋਲ ਖੜ੍ਹਾ ਸੀ ਤਾਂ ਉਸ ਵਿੱਚੋਂ ਬਦਬੂ ਆ ਰਹੀ ਸੀ।
ਤੀਜਾ ਕਾਰਨ ਸਪੀਡ ਅਤੇ ਓਵਰਟੇਕਿੰਗ ਹੈ। ਡਰਾਈਵਰ 100 ਤੋਂ ਵੱਧ ਦੀ ਰਫਤਾਰ ਨਾਲ ਬੱਸ ਚਲਾ ਰਿਹਾ ਹੋਵੇਗਾ ਅਤੇ ਉਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਹੋਵੇਗੀ, ਜਿਸ ਕਾਰਨ ਬੱਸ ਆਪਣਾ ਸੰਤੁਲਨ ਗੁਆ ਬੈਠੀ ਅਤੇ ਸੜਕ ਕਿਨਾਰੇ ਪਲਟ ਗਈ। ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਈ ਇੱਕ ਹੋਰ ਖਾਮੀ ਇਹ ਹੈ ਕਿ ਬੱਸ ਦੇ ਦਸਤਾਵੇਜ਼ ਪੂਰੇ ਨਹੀਂ ਸਨ। ਫਿਟਨੈਸ ਸਰਟੀਫਿਕੇਟ ਦੀ ਮਿਆਦ ਵੀ ਖਤਮ ਹੋ ਚੁੱਕੀ ਸੀ। ਇਸ ਦੇ ਬਾਵਜੂਦ ਸਕੂਲ ਵਿੱਚ ਬੱਸ ਦਾ ਇਸਤੇਮਾਲ ਹੋ ਰਿਹਾ ਸੀ। ਇਸ ਲਈ ਕਾਰਵਾਈ ਕੀਤੀ ਜਾਵੇਗੀ।
ਕੁਝ ਦਿਨ ਪਹਿਲਾਂ ਹੀ ਹੋਇਆ ਸੀ ਬੱਸ ਦਾ ਚਲਾਨ
ਟਰਾਂਸਪੋਰਟ ਮੰਤਰੀ ਅਸੀਮ ਗੋਇਲ ਨੇ ਕਿਹਾ ਕਿ ਅਸੀਂ ਕੁਝ ਦਿਨ ਪਹਿਲਾਂ ਹੀ ਇਸ ਬੱਸ ਦਾ 15,500 ਰੁਪਏ ਦਾ ਚਲਾਨ ਕੀਤਾ ਸੀ। ਬੱਸ ਦੇ ਕਾਗਜ਼ ਪੂਰੇ ਨਹੀਂ ਸਨ। ਇਸ ਘਟਨਾ ਵਿੱਚ ਸਕੂਲ ਪ੍ਰਬੰਧਕਾਂ ਦੀ ਸਿੱਧੀ ਲਾਪਰਵਾਹੀ ਸਾਹਮਣੇ ਆ ਰਹੀ ਹੈ। ਮੈਂ ਹੁਣੇ ਹੀ ਉੱਚ ਅਧਿਕਾਰੀਆਂ ਨੂੰ ਵੀ ਹਦਾਇਤਾਂ ਦਿੱਤੀਆਂ ਹਨ। ਸਾਰੇ ਸਕੂਲਾਂ ਦੇ ਵਾਹਨਾਂ ਦੀ ਫਿਟਨੈੱਸ ਦੀ ਜਾਂਚ ਕੀਤੀ ਜਾਵੇਗੀ। ਇਸ ਹਾਦਸੇ ਦਾ ਸ਼ਿਕਾਰ ਹੋਈ ਬੱਸ ਦੇ ਫਿਟਨੈਸ ਸਰਟੀਫਿਕੇਟ ਦੀ ਮਿਆਦ ਸਾਲ 2018 ਵਿੱਚ ਖਤਮ ਹੋ ਗਈ ਸੀ।
ਸੂਬੇ ਭਰ ਦੀਆਂ ਸਕੂਲੀ ਬੱਸਾਂ ਦੀ ਫਿਟਨੈਸ ਚੈੱਕ ਕਰਨ ਦੇ ਹੁਕਮ
ਮਹਿੰਦਰਗੜ੍ਹ ਸਕੂਲ ਬੱਸ ਹਾਦਸੇ ਦੇ ਮਾਮਲੇ ਵਿੱਚ ਟਰਾਂਸਪੋਰਟ ਮੰਤਰੀ ਅਸੀਮ ਗੋਇਲ ਨੇ ਪੂਰੇ ਸੂਬੇ ਵਿੱਚ ਸਕੂਲੀ ਬੱਸਾਂ ਦੀ ਫਿਟਨੈਸ ਚੈੱਕ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਦੀ ਫਿਟਨੈੱਸ ਦੀ ਜਾਂਚ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਸਰਕੂਲਰ ਜਾਰੀ ਕੀਤਾ ਜਾਵੇਗਾ। ਸਥਾਨਕ ਡੀਟੀਓ ਨੂੰ ਵੀ ਸਕੂਲ ਖ਼ਿਲਾਫ਼ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ।
ਅੱਜ ਸਵੇਰੇ ਸਕੂਲ ਜਾਂਦੇ ਸਮੇਂ ਵਾਪਰਿਆ ਇਹ ਹਾਦਸਾ
ਦੱਸ ਦੇਈਏ ਕਿ ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਕਨੀਨਾ ਕਸਬੇ ਦੇ ਉਨਹਾਨੀ ਪਿੰਡ ਵਿੱਚ ਅੱਜ ਸਵੇਰੇ 8 ਵਜੇ ਦੇ ਕਰੀਬ ਇੱਕ ਸਕੂਲ ਬੱਸ ਹਾਦਸਾਗ੍ਰਸਤ ਹੋ ਗਈ। ਬੱਸ ਦੇ ਸੜਕ ਕਿਨਾਰੇ ਪਲਟਣ ਕਾਰਨ ਉਸ ਵਿੱਚ ਸਵਾਰ 6 ਸਕੂਲੀ ਬੱਚਿਆਂ ਦੀ ਮੌਤ ਹੋ ਗਈ, ਜਦੋਂ ਕਿ 15 ਤੋਂ ਵੱਧ ਬੱਚੇ ਗੰਭੀਰ ਜ਼ਖ਼ਮੀ ਹੋ ਗਏ ਸਨ। ਬੱਸ ਵਿੱਚ 40 ਦੇ ਕਰੀਬ ਵਿਦਿਆਰਥੀ ਸਵਾਰ ਸਨ। ਚੀਕ-ਚਿਹਾੜਾ ਸੁਣ ਕੇ ਰਾਹਗੀਰ ਅਤੇ ਪਿੰਡ ਵਾਸੀ ਭੱਜੇ ਆ ਗਏ, ਜਿਨ੍ਹਾਂ ਨੇ ਬੱਚਿਆਂ ਨੂੰ ਬੱਸ 'ਚੋਂ ਬਾਹਰ ਕੱਢ ਕੇ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ।