
ਪੀੜਤ ਪਰਿਵਾਰ ਨੇ ਐਸਸੀ/ਐਸਟੀ ਐਕਟ ਦੀਆਂ ਸਬੰਧਤ ਧਾਰਾਵਾਂ ਜੋੜਨ ਦੀ ਕੀਤੀ ਸੀ ਮੰਗ
ਚੰਡੀਗੜ੍ਹ: ਹਰਿਆਣਾ ਦੇ IPS ਅਧਿਕਾਰੀ ਵਾਈ ਪੂਰਨ ਕੁਮਾਰ ਦੇ ਖੁਦਕੁਸ਼ੀ ਮਾਮਲੇ ਵਿੱਚ ਦਰਜ ਕੀਤੀ FIR ਵਿੱਚ ਪੁਲਿਸ ਵੱਲੋਂ ਨਵੀਂ ਧਾਰਾ ਜੋੜੀ ਗਈ ਹੈ। ਪੀੜਤ ਪਰਿਵਾਰ ਨੇ ਦੋਸ਼ ਲਾਏ ਸਨ ਕਿ ਇਸ ਮਾਮਲੇ ਵਿਚ ਐਸਸੀ/ਐਸਟੀ ਐਕਟ ਦੀਆਂ ਸਬੰਧਤ ਧਾਰਾਵਾਂ ਜੋੜੀਆਂ ਜਾਣ, ਜਿਸ ਤੋਂ ਬਾਅਦ ਪੁਲਿਸ ਨੇ ਇਹ ਧਾਰਾ FIR ਵਿਚ ਦਰਜ ਕਰ ਦਿੱਤੀ ਹੈ। ਸੀਨੀਅਰ ਆਈ ਏ ਐਸ ਅਧਿਕਾਰੀ ਤੇ ਵਾਈ ਪੂਰਨ ਕੁਮਾਰ ਦੀ ਪਤਨੀ ਅਮਨੀਤ ਪੀ ਕੁਮਾਰ ਨੇ ਪਹਿਲਾਂ ਪੁਲਿਸ ਨੂੰ ਲਿਖਿਆ ਸੀ ਕਿ FIR ਵਿੱਚ ਐਸ ਸੀ/ਐਸ ਟੀ ਐਕਟ ਦੀਆਂ ਧਾਰਾਵਾਂ ਲਾਈਆਂ ਜਾਣੀਆਂ ਚਾਹੀਦੀਆਂ ਹਨ।
ਚੰਡੀਗੜ੍ਹ ਦੇ ਆਈ ਜੀ ਪੁਸ਼ਪੇਂਦਰ ਕੁਮਾਰ, ਜੋ ਖੁਦਕੁਸ਼ੀ ਮਾਮਲੇ ਵਿੱਚ 6 ਮੈਂਬਰੀ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਕਰ ਰਹੇ ਹਨ, ਵੱਲੋਂ ਪੁਸ਼ਟੀ ਕੀਤੀ ਗਈ ਕਿ FIR ਵਿੱਚ ਐਕਟ ਦੀ ਧਾਰਾ 3 (2) (v) ਸ਼ਾਮਲ ਕੀਤੀ ਗਈ ਹੈ। ਦੂਜੇ ਪਾਸੇ ਪੂਰਨ ਕੁਮਾਰ ਦੇ ਪਰਿਵਾਰ ਨੇ ਹਾਲੇ ਤੱਕ ਪੋਸਟਮਾਰਟਮ ਲਈ ਸਹਿਮਤੀ ਨਹੀਂ ਦਿੱਤੀ ਹੈ। ਪਰਿਵਾਰ ਨੇ ਕਿਹਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਹ ਪੋਸਟ ਮਾਰਟਮ ਨਹੀਂ ਕਰਵਾਉਣਗੇ।
ਇਸ ਤੋਂ ਇਕ ਦਿਨ ਪਹਿਲਾਂ ਹਰਿਆਣਾ ਸਰਕਾਰ ਨੇ ਰੋਹਤਕ ਦੇ ਪੁਲੀਸ ਸੁਪਰਡੈਂਟ ਨਰਿੰਦਰ ਬਿਜਰਾਨੀਆ ਨੂੰ ਹਟਾ ਦਿੱਤਾ ਸੀ। ਆਈਪੀਐਸ ਅਧਿਕਾਰੀ ਦਾ ਪਰਿਵਾਰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਵਿੱਚ ਇਸ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਿਹਾ ਸੀ। ਜ਼ਿਕਰਯੋਗ ਹੈ ਕਿ ਪੂਰਨ ਕੁਮਾਰ ਨੇ 7 ਅਕਤੂਬਰ ਨੂੰ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ’ਤੇ ਖੁਦਕੁਸ਼ੀ ਕਰ ਲਈ ਸੀ।