
40 ਚੁਣੇ ਹੋਏ ਤੇ 9 ਨਾਮਜ਼ਦ ਮੈਂਬਰਾਂ ਨੂੰ ਸਹੁੰ ਵੀ ਅੱਜ ਚੁਕਾਈ ਜਾਵੇਗੀ
Haryana News: ਹਰਿਆਣਾ ਦੇ ਸਿੱਖਾਂ ਲਈ ਵਖਰੀ ਗੁਰਦਵਾਰਾ ਕਮੇਟੀ ਵਾਸਤੇ 11 ਸਾਲ ਪਹਿਲਾਂ 2014 ਵਿਚ ਵਿਧਾਨ ਸਭਾ ਵਲੋਂ ਬਣਾਏ ਗਏ ਐਕਟ ਅਨੁਸਾਰ 19 ਜਨਵਰੀ ਨੂੰ ਪਈਆਂ ਵੋਟਾ ਦੇ 5 ਮਹੀਨੇ ਮਗਰੋਂ ਹੁਣ ਭਲਕੇ ਚੁਣੇ ਹੋਏ ਤੇ ਨਾਮਜ਼ਦ ਕੀਤੇ ਕੁਲ 49 ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ ਅਤੇ ਉਸੇ ਵੇਲੇ ਪਰੋਟਮ ਚੇਅਰਮੈਨ ਦੀ ਪ੍ਰਧਾਨਗੀ ਹੇਠ 11 ਮੈਂਬਰੀ ਅੰਤ੍ਰਿਗ ਕਮੇਟੀ ਦੀ ਚੋਣ ਵੀ ਹੋਵੇਗੀ।
ਅੱਜ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਗੁਰਦਵਾਰਾ ਚੋਣ ਕਮਿਸ਼ਨਰ ਸੇਵਾ ਮੁਕਤ ਜੱਜ ਜਸਟਿਸ ਐਚ.ਐਸ. ਭੱਲਾ ਨੇ ਦਸਿਆ ਕਿ ਸਾਰੇ 49 ਮੈਂਬਰਾਂ ਨੂੰ ਸਹੁੰ ਚੁਕਾਉਣ ਉਪਰੰਤ ਪਰੋਟਮ ਚੇਅਰਮੈਨ ਦੀ ਪ੍ਰਘਾਨਗੀ ਵਿਚ ਇਕ ਪ੍ਰਧਾਨ ਇਕ ਸੀਨੀਅਰ ਉਪ ਪ੍ਰਧਾਨ, ਇਕ ਉਪ ਪ੍ਰਧਾਨ, ਜਨਰਲ ਸਕੱਤਰ, ਸੰਯੁਕਤ ਸਕੱਤਰ ਅਤੇ 6 ਐਗਜ਼ੈਕਟਿਵ ਮੈਂਬਰਾਂ ਸਣੇ ਕੁਲ 11 ਮੈਂਬਰੀ ਅੰਤ੍ਰਿਗ ਕਮੇਟੀ, ਜਨਰਲ ਹਾਊਸ ਵਲੋਂ ਚੁਣੀ ਜਾਵੇਗੀ। ਜਸਟਿਸ ਭੱਲਾ ਨੇ ਦਸਿਆ ਕਿ 2014 ਦੇ ਐਕਟ ਅਨੁਸਾਰ ਨਾਮਜ਼ਦ ਕੀਤੇ 9 ਸਿੱਖ ਮੈਂਬਰ ਕੇਵਲ ਵੋਟ ਪਾਉਣ ਦਾ ਅਧਿਕਾਰ ਰਖਦੇ ਹਨ ਯਾਨੀ ਖ਼ੁਦ ਅੰਤ੍ਰਿਗ ਕਮੇਟੀ ਵਿਚ ਨਹੀਂ ਚੁਣੇ ਜਾ ਸਕਦੇ।
ਜੱਜ ਸਾਹਿਬ ਨੇ ਇਹ ਵੀ ਦਸਿਆ ਕਿ ਪਰੋਟਮ ਚੇਅਰਮੈਨ ਦੇ ਮੈਂਬਰਾਂ ਵਿਚੋਂ ਹੀ ਬਣਾਇਆ ਜਾਵੇਗਾ ਜੋ ਭਲਕੇ ਪੰਚਕੂਲਾ ਦੇ ਗੈਸਟ ਹਾਊਸ ਵਿਚ ਸਾਰੀ ਕਾਰਵਾਈ ਚਲਾ ਕੇ ਵਖਰੀ ਗੁਰਦਵਾਰਾ ਕਮੇਟੀ ਹੋਂਦ ਵਿਚ ਲਿਆਂਦੀ ਜਾ ਰਹੀ ਹੈ। ਇਨ੍ਹਾਂ ਚੋਣਾਂ ਬਾਰੇ ਹਰਿਆਣਾ ਦੇ ਸੀਨੀਅਰ ਸਿੱਖ ਮੈਂਬਰ ਸ. ਦੀਦਾਰ ਸਿੰਘ ਨਲਵੀ ਨੇ ਦਸਿਆ ਕਿ ਚੁਣੇ ਗਏ 40 ਮੈਂਬਰਾਂ ਦੇ ਵੱਖੋ ਵੱਖ ਗਰੁਪਾਂ ਵਿਚ ਗੱਲਬਾਤ ਜਾਰੀ ਹੈ ਅਤੇ ਆਸ ਹੈ ਸਾਰਾ ਕੁੱਝ ਸ਼ਾਂਤਮਈ ਤੇ ਜੋਸ਼ ਭਰੇ ਮਾਹੌਲ ਵਿਚ ਸਿਰੇ ਚਾੜ੍ਹ ਲਿਆ ਜਾਵੇਗਾ।
ਨਲਵੀ ਨੇ ਦਸਿਆ ਕਿ ਜਿਸ ਤਰ੍ਹਾਂ 9 ਨਾਮਜ਼ਦ ਮੈਂਬਰ ਬੀਤੇ ਕਲ ਚੁਣ ਲਏ ਗਏ ਸਨ ਉਸੇ ਤਰ੍ਹਾਂ ਭਲਕੇ ਅੰਤ੍ਰਿਗ ਕਮੇਟੀ ਅਤੇ ਪ੍ਰਧਾਨਗੀ ਅਹੁਦੇ ਸਮੇਤ ਬਾਕੀ ਅਹੁਦਿਆਂ ਦੀ ਚੋਣ ਹੋ ਜਾਵੇਗੀ। ਕਲ ਨਾਮਜ਼ਦ ਕੀਤੇ ਗਏ 9 ਮੈਂਬਰਾਂ ਵਿਚ 2 ਸਿੱਖ ਬੀਬੀਆਂ, ਕਰਨਾਲ ਤੇ ਕੁਰੂਕਸ਼ੇਤਰ ਤੋਂ ਸਿਮਰਨਜੀਤ ਕੌਰ ਅਤੇ ਕਰਤਾਰ ਕੌਰ ਅਤੇ ਪਾਣੀਪਤ ਤੋਂ ਭੁਪਿੰਦਰ ਸਿੰਘ, ਸਿਰਸਾ ਤੋਂ ਬਲਜੀਤ ਸਿੰਘ ਦਾਦੂਵਾਲ, ਫ਼ਤਿਹਾਬਾਦ ਤੋਂ ਗੁਰਮੇਲ ਸਿੰਘ ਅਤੇ ਸੇਵਾ ਸਿੰਘ ਅਨੁਸੂਚਿਤ ਜਾਰੀ ਸਿਰਸਾ ਤੋਂ ਸ਼ਾਮਲ ਹਨ। ਬਾਕੀ 3 ਨਾਮਜ਼ਦ ਮੈਂਬਰ ਅੰਬਾਲਾ ਤੋਂ ਬਲਬੀਰ ਸਿੰਘ ਅਤੇ ਸਿੰਘ ਸਭਾਵਾਂ ਤੋਂ ਦਿਲਬਾਗ ਸਿੰਘ ਤੇ ਹਰਿੰਦਰ ਸਿੰਘ ਲਏ ਗਏ ਹਨ।
ਦਸਣਾ ਬਣਦਾ ਹੈ ਕਿ ਹਰਿਆਣੇ ਵਿਚ 52 ਗੁਰਦਵਾਰੇ ਨੋਟੀਫ਼ਾਈ ਹੋ ਚੁੱਕੇ ਹਨ ਜਿਨ੍ਹਾਂ ਦੀ ਸੇਵਾ ਸੰਭਾਲ ਇਹ ਗੁਰਦਵਾਰਾ ਕਮੇਟੀ ਕਰੇਗੀ। ਨਲਵੀ ਦਾ ਕਹਿਣਾ ਹੈ ਕਿ 20 ਤੋਂ ਵੱਧ ਗੁਰਦਵਾਰੇ ਅਜੇ ਹੋਰ ਨੋਟੀਫ਼ਾਈ ਕੀਤੇ ਜਾਣਗੇ। ਜੀਂਦ ਸਥਿਤ ਗੁਰਦਵਾਰੇ ਤੇ ਧਮਤਾਨ ਸਾਹਿਬ ਗੁਰਦਵਾਰੇ ਦੇ ਨਾਮ ’ਤੇ 650 ਏਕੜ ਤੋਂ ਵੱਧ ਜ਼ਮੀਨ ਅਤੇ ਪੰਚਕੂਲਾ ਦੇ ਨਾਡਾ ਸਾਹਿਬ ਗੁਰਦਵਾਰੇ ਤੋਂ ਸਾਲਾਨਾ 15 ਕਰੋੜ ਦੇ ਕਰੀਬ ਚੜ੍ਹਾਵੇ ਦੀ ਆਮਦਨ ਆਉਂਦੀ ਹੈ।