
ਮਨੋਹਰ ਲਾਲ ਖੱਟਰ ਨੇ ਕਿਹਾ ਕਿ ਤੁਸੀਂ ਸਾਰੇ ਪਿਛਲੇ ਕਿਸਾਨ ਅੰਦੋਲਨ ਨੂੰ ਦੇਖ ਸਕਦੇ ਹੋ ਕਿ ਲਾਲ ਕਿਲ੍ਹੇ 'ਤੇ ਕੀ ਹੋਇਆ ਸੀ?
Farmers Protest 2024: ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਅੱਜ ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਵਿਰੋਧ ਕਰਨ ਦਾ ਤਰੀਕਾ ਲੋਕਤੰਤਰਿਕ ਤਰੀਕਾ ਨਹੀਂ ਹੈ ਉਹਨਾਂ ਨੂੰ ਸਹੀ ਢੰਗ ਨਾਲ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਟਰੈਕਟਰ ਖੇਤੀ ਲਈ ਹੈ, ਟਰਾਂਸਪੋਰਟ ਲਈ ਨਹੀਂ। ਗੱਲਬਾਤ ਨਾਲ ਹੱਲ ਨਿਕਲੇਗਾ। ਦਿੱਲੀ ਜਾਣਾ ਸਾਰਿਆਂ ਦਾ ਲੋਕਤੰਤਰੀ ਅਧਿਕਾਰ ਹੈ ਪਰ ਇਸ ਦੇ ਪਿੱਛੇ ਮਕਸਦ ਨੂੰ ਧਿਆਨ 'ਚ ਰੱਖਣਾ ਹੋਵੇਗਾ।
ਮਨੋਹਰ ਲਾਲ ਖੱਟਰ ਨੇ ਕਿਹਾ ਕਿ ਤੁਸੀਂ ਸਾਰੇ ਪਿਛਲੇ ਕਿਸਾਨ ਅੰਦੋਲਨ ਨੂੰ ਦੇਖ ਸਕਦੇ ਹੋ ਕਿ ਲਾਲ ਕਿਲ੍ਹੇ 'ਤੇ ਕੀ ਹੋਇਆ ਸੀ? ਕਿਸਾਨਾਂ ਨੇ ਪਹਿਲਾਂ ਵੀ ਅੰਦੋਲਨ ਕੀਤਾ ਸੀ ਇਸ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਕਿਸਾਨਾਂ ਦੇ ਰਵੱਈਏ ਤੋਂ ਉਹਨਾਂ ਨੂੰ ਲੱਗਦਾ ਹੈ ਕਿ ਕਿਸਾਨ ਅੰਦੋਲਨ ਨੂੰ ਪੰਜਾਬ ਸਰਕਾਰ ਦਾ ਸਮਰਥਨ ਹੈ ਨਹੀਂ ਤਾਂ ਸਰਕਾਰ ਅਪਣੇ ਪੱਧਰ 'ਤੇ ਕਿਸਾਨਾਂ ਨੂੰ ਰੋਕ ਸਕਦੀ ਸੀ ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ। ਇਸ ਤੋਂ ਲ਼ੱਗਦਾ ਹੈ ਕਿ ਉਹਨਾਂ ਦੀ ਆਪਸ ਵਿਚ ਕੋਈ ਨਾ ਕੋਈ ਗੱਲਬਾਤ ਹੋਈ ਹੋਵੇਗੀ।
ਉਨ੍ਹਾਂ ਕਿਹਾ ਕਿ ਸਾਡਾ ਕਿਸਾਨ ਸੰਤੁਸ਼ਟ ਹੈ, ਪੰਜਾਬ ਨੂੰ ਦੇਖਣਾ ਚਾਹੀਦਾ। ਪੰਜਾਬ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਪੰਜਾਬ ਸਰਕਾਰ ਨੇ ਹੀ ਕੱਢਣਾ ਹੈ। ਪੰਜਾਬ ਦੇ ਕਿਸਾਨਾਂ ਨੂੰ ਮੁੱਖ ਮੰਤਰੀ ਖੱਟਰ ਨੇ ਅਪੀਲ ਕੀਤੀ ਕਿ ਉਹ ਆਪਣੀ ਸਮੱਸਿਆ ਪੰਜਾਬ ਸਰਕਾਰ ਦੇ ਸਾਹਮਣੇ ਰੱਖਣ। ਪੰਜਾਬ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਚੰਗੀ ਤਰ੍ਹਾਂ ਸੁਣੇ। ਹਰਿਆਣਾ ਸਰਕਾਰ ਵੀ ਕਿਸਾਨਾਂ ਨੂੰ ਭਰਪਾਈ ਦੇ ਰਹੀ ਹੈ ਉਵੇਂ ਹੀ ਪੰਜਾਬ ਸਰਕਾਰ ਵੀ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੇ।
ਇਸ ਦੇ ਨਾਲ ਮਨੋਹਰ ਲਾਲ ਖੱਟਰ ਨੇ ਜਗਜੀਤ ਡੱਲੇਵਾਲ ਦੇ ਮੋਦੀ ਦਾ ਗ੍ਰਾਫ਼ ਹੇਠਾਂ ਡੇਗਣ ਵਾਲੇ ਬਿਆਨ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ''ਇੰਨਾ ਖ਼ਤਰਨਾਕ ਪ੍ਰਦਰਸ਼ਨ ਕਰਨ ਨਾਲ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਅਤਾ ਘੱਟ ਜਾਵੇਗੀ? ਸਗੋਂ ਇਹ ਲੋਕ ਤਾਂ ਮੋਦੀ ਦਾ ਸਮਰਥਨ ਵਧਾ ਰਹੇ ਹਨ ਕਿਉਂਕਿ ਲੋਕਾਂ ਵਿਚ ਇਹੀ ਸੁਨੇਹਾ ਜਾ ਰਿਹਾ ਹੈ ਕਿ ਇਹ ਵਿਰੋਧ ਕਰਨ ਦਾ ਜਮਹੂਰੀ ਢੰਗ ਨਹੀਂ ਹੈ।''