
ਪੰਚਕੁਲਾ ਹਿੰਸਾ ਪਿੱਛੋਂ ਗ੍ਰਹਿ ਸਕੱਤਰਾਂ ਵਿਰੁਧ ਉਲੰਘਣਾ ਪਟੀਸ਼ਨ ਵਾਪਸ ਲਈ
High Court News: ਸਾਧਵੀਆਂ ਨਾਲ ਜਬਰ ਜਨਾਹ ਦੇ ਕੇਸ ਵਿਚ ਦੋਸ਼ੀ ਸੌਦਾ ਸਾਧ ਨੂੰ ਸਜ਼ਾ ਵਾਲੇ ਦਿਨਾਂ ਵਿਚ ਪੰਚਕੁਲਾ ਅਦਾਲਤ ਵਿਖੇ ਹੋਈ ਹਿੰਸਾ ਅਤੇ ਉਨ੍ਹਾਂ ਦਿਨਾਂ ਵਿਚ ਪੰਚਕੁਲਾ ’ਚ ਪ੍ਰੇਮੀਆਂ ਦੇ ਭਾਰੀ ਇਕੱਠ ਕੀਤੇ ਜਾਣ ਨਾਲ ਲੋਕਾਂ ਨੂੰ ਹੋਈ ਪ੍ਰੇਸ਼ਾਨੀ ਤੇ ਉਸ ਵੇਲੇ ਬਣੇ ਮਾਹੌਲ ਪ੍ਰਤੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਫੁੱਲ ਬੈਂਚ ਨੇ ਸੌਦਾ ਸਾਧ ਦੇ ਡੇਰੇ ਕੋਲੋਂ ਪੁਛਿਆ ਹੈ ਕਿ ਇਸ ਲਈ ਕੌਣ ਜ਼ਿੰਮੇਵਾਰ ਹੈ?
ਇਕ ਲੋਕਹਿਤ ਪਟੀਸ਼ਨ ਸਜ਼ਾ ਤੋਂ ਪਹਿਲਾਂ ਪ੍ਰੇਮੀਆਂ ਦੇ ਸ਼ੁਰੂ ਹੋਏ ਇਕੱਠ ਕਾਰਨ ਪੈਦਾ ਹੋਏ ਹਾਲਾਤ ਨਾਲ ਨਜਿੱਠਣ ਲਈ ਹਾਈਕੋਰਟ ਵਿਚ ਦਾਖ਼ਲ ਕੀਤੀ ਗਈ ਸੀ। ਇਸੇ ਦੌਰਾਨ ਸੌਦਾ ਸਾਧ ਨੂੰ ਦੋਸ਼ੀ ਕਰਾਰ ਦੇ ਦਿਤਾ ਗਿਆ ਸੀ ਤੇ ਸਜ਼ਾ ਵਾਲੇ ਦਿਨ ਪੰਚਕੁਲਾ ਵਿਖੇ ਵੱਡੇ ਪੱਧਰ ’ਤੇ ਹਿੰਸਾ ਹੋਈ ਸੀ। ਇਸ ਸਾਰੇ ਮਾਮਲੇ ’ਤੇ ਮੁੱਦੇ ਤੈਅ ਕਰਨ ਲਈ ਹੁਣ ਹਾਈਕੋਰਟ ਦੀ ਬੈਂਚ ਨੇ ਪੁਛਿਆ ਹੈ ਕਿ ਆਖ਼ਰ ਉਸ ਵੇਲੇ ਬਣੇ ਹਾਲਾਤ ਤੇ ਨੁਕਸਾਨ ਬਾਰੇ ਕੌਣ ਜ਼ਿੰਮੇਵਾਰ ਹੈ। ਇਹ ਵੀ ਮਾਮਲਾ ਉਠਿਆ ਕਿ ਕੀ ਉਸ ਵੇਲੇ ਦੀ ਸਰਕਾਰ ਇਸ ਲਈ ਜ਼ਿੰਮੇਵਾਰ ਸੀ ਜਾਂ ਡੇਰਾ? ਹੁਣ ਹਾਈ ਕੋਰਟ ਨੇ ਡੇਰੇ ਕੋਲੋਂ ਪੁਛਿਆ ਹੈ ਕਿ ਇਸ ਬਾਰੇ ਅਪਣੀ ਰਾਏ ਦੇਵੇ ਤਾਂ ਜੋ ਮੁੱਦੇ ਤੈਅ ਕੀਤੇ ਜਾਣ।
ਪੰਚਕੁਲਾ ਹਿੰਸਾ ਪਿੱਛੋਂ ਗ੍ਰਹਿ ਸਕੱਤਰਾਂ ਵਿਰੁਧ ਉਲੰਘਣਾ ਪਟੀਸ਼ਨ ਵਾਪਸ ਲਈ
ਸੌਦਾ ਸਾਧ ਨੂੰ ਸਜ਼ਾ ਉਪਰੰਤ ਪੰਚਕੁਲਾ ਵਿਖੇ ਹੋਈ ਹਿੰਸਾ ਕਾਰਨ ਪੰਜਾਬ ਤੇ ਹਰਿਆਣਾ ਤੱਤਕਾਲੀ ਗ੍ਰਹਿ ਸਕੱਤਰਾਂ ਵਿਰੁਧ ਦਾਖ਼ਲ ਉਲੰਘਣਾ ਪਟੀਸ਼ਨ ਸ਼ੁਕਰਵਾਰ ਨੂੰ ਵਾਪਸ ਲੈ ਲਈ ਗਈ।
ਐਡਵੋਕੇਟ ਰਵਣੀਤ ਸਿੰਘ ਜੋਸ਼ੀ ਨੇ ਉਲੰਘਣਾ ਪਟੀਸ਼ਨ ਦਾਖ਼ਲ ਕਰ ਕੇ ਕਿਹਾ ਸੀ ਕਿ ਸਤਲੋਕ ਆਸ਼ਰਮ ਮੁਖੀ ਰਾਮਪਾਲ ਦੇ ਮਾਮਲੇ ਵਿਚ ਆਸ਼ਰਮ ਦੀ ਤਲਾਸ਼ੀ ਵਿਚ ਹਥਿਆਰ ਨਿਕਲੇ ਸਨ ਤੇ ਇਸ ਉਪਰੰਤ ਆਰਮੀ ਇੰਟੈਲੀਜੈਂਸ ਦੇ ਇਕ ਪੱਤਰ ਤੋਂ ਪਤਾ ਲੱਗਾ ਸੀ ਕਿ ਪੰਜਾਬ ਅਤੇ ਹਰਿਆਣਾ ਦੇ ਡੇਰਿਆਂ ਵਿਚ ਤਲਾਸ਼ੀ ਲਈ ਜਾਵੇ ਤਾਂ ਇਸ ਨਾਲੋਂ ਵੱਡੀ ਗਿਣਤੀ ਵਿਚ ਹਥਿਆਰ ਹੋ ਸਕਦੇ ਹਨ ਤੇ ਇਸ ’ਤੇ ਹਾਈ ਕੋਰਟ ਨੇ ਦੋਵੇਂ ਸੂਬਿਆਂ ਨੂੰ ਡੇਰਿਆਂ ਦੀ ਤਲਾਸ਼ੀ ਲੈਣ ਦੀ ਹਦਾਇਤ ਕੀਤੀ ਸੀ ਜਿਸ ’ਤੇ ਦੋਵੇਂ ਸਰਕਾਰਾਂ ਨੇ ਕਿਹਾ ਸੀ ਕਿ ਤਲਾਸ਼ੀ ਦੌਰਾਨ ਕੁੱਝ ਨਹੀਂ ਮਿਲਿਆ ਤੇ ਭਵਿੱਖ ਵਿਚ ਸਮੇਂ-ਸਮੇਂ ਸਿਰ ਨਜ਼ਰ ਰੱਖੀ ਜਾਵੇਗੀ।
ਇਸ ’ਤੇ ਹਾਈ ਕੋਰਟ ਵਿਚ ਇਕ ਉਲੰਘਣਾ ਪਟੀਸ਼ਨ ਦਾਖ਼ਲ ਕਰ ਕੇ ਕਿਹਾ ਗਿਆ ਸੀ ਕਿ ਦੋਵੇਂ ਸੂਬੇ ਡੇਰਿਆਂ ’ਤੇ ਨਜ਼ਰ ਰੱਖਣ ਵਿਚ ਅਸਫ਼ਲ ਰਹੇ ਹਨ ਕਿਉਂਕਿ ਜੇਕਰ ਨਜ਼ਰ ਰੱਖੀ ਜਾਂਦੀ ਤਾਂ ਪੰਚਕੁਲਾ ਹਿੰਸਾ ਜਿਹੀ ਘਟਨਾ ਨਾ ਵਾਪਰਦੀ। ਤੱਤਕਾਲੀ ਦੋਵੇਂ ਗ੍ਰਹਿ ਸਕੱਤਰ ਸੇਵਾਮੁਕਤ ਹੋ ਚੁੱਕੇ ਹਨ ਤੇ ਅੱਜ ਉਲੰਘਣਾ ਪਟੀਸ਼ਨ ਵਾਪਸ ਲੈ ਲਈ ਗਈ।
(For more Punjabi news apart from High Court sought reply from Sauda Sadh, stay tuned to Rozana Spokesman)