
Haryana School Bus Accident News: ਨਹਿਰ ਵਿਚ ਡਿੱਗੀ ਬੱਚਿਆਂ ਨਾਲ ਭਰੀ ਸਕੂਲ ਬੱਸ, 8 ਬੱਚੇ ਹੋਏ ਗੰਭੀਰ ਜ਼ਖ਼ਮੀ
Haryana School Bus Accident News: ਕੈਥਲ ਜ਼ਿਲ੍ਹੇ ਦੇ ਪਿੰਡ ਨੌਚ ਵਿੱਚ ਅੱਜ ਸਵੇਰੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਸਤਲੁਜ ਯਮੁਨਾ ਲਿੰਕ (ਐਸਵਾਈਐਲ) ਨਹਿਰ ਵਿੱਚ ਡਿੱਗ ਗਈ, ਜਿਸ ਕਾਰਨ ਬੱਸ ਵਿੱਚ ਸਵਾਰ 8 ਬੱਚੇ ਗੰਭੀਰ ਜ਼ਖ਼ਮੀ ਹੋ ਗਏ। ਇਸ ਹਾਦਸੇ ਵਿੱਚ ਬੱਸ ਡਰਾਈਵਰ ਅਤੇ ਮਹਿਲਾ ਕੰਡਕਟਰ ਵੀ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਕਯੋਦਕ ਚੌਕੀ ਪੁਲਿਸ ਅਤੇ ਡਾਇਲ 112 ਦੀ ਟੀਮ ਮੌਕੇ 'ਤੇ ਪਹੁੰਚ ਗਈ।
ਜਾਣਕਾਰੀ ਮੁਤਾਬਕ ਇਹ ਹਾਦਸਾ ਸਵੇਰੇ ਕਰੀਬ 8 ਵਜੇ ਵਾਪਰਿਆ। ਜਦੋਂ ਪਿਹਵਾ ਦੀ ਗੁਰੂ ਨਾਨਕ ਅਕੈਡਮੀ ਦੀ ਬੱਸ ਸਕੂਲੀ ਬੱਚਿਆਂ ਨੂੰ ਲੈ ਕੇ ਪਿੰਡ ਕੈਂਪਸ ਤੋਂ ਆ ਰਹੀ ਸੀ। ਸਤਲੁਜ ਯਮੁਨਾ ਲਿੰਕ ਨਹਿਰ ਦੇ ਟ੍ਰੈਕ ਤੋਂ ਲੰਘਦੇ ਸਮੇਂ ਬੱਸ ਵਿੱਚ ਤਕਨੀਕੀ ਨੁਕਸ ਆ ਗਿਆ ਜਿਸ ਕਾਰਨ ਬੱਸ ਆਪਣਾ ਸੰਤੁਲਨ ਗੁਆ ਬੈਠੀ ਅਤੇ ਸਿੱਧੀ ਨਹਿਰ ਵਿੱਚ ਜਾ ਡਿੱਗੀ।
ਸਥਾਨਕ ਲੋਕਾਂ ਦੀ ਮਦਦ ਨਾਲ ਸਾਰੇ ਬੱਚਿਆਂ ਅਤੇ ਬੱਸ ਸਟਾਫ਼ ਨੂੰ ਬਾਹਰ ਕੱਢਿਆ ਗਿਆ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ। ਬੱਸ ਵਿੱਚ ਕੁੱਲ 8 ਬੱਚੇ ਸਵਾਰ ਸਨ, ਜਿਨ੍ਹਾਂ ਵਿੱਚੋਂ ਸਾਰੇ ਗੰਭੀਰ ਜ਼ਖ਼ਮੀ ਹੋ ਗਏ। ਬੱਸ ਡਰਾਈਵਰ ਅਤੇ ਮਹਿਲਾ ਕੰਡਕਟਰ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ।
ਸਾਰੇ ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।