
Haryana News : ਭਾਰੀ ਪੱਥਰਬਾਜ਼ੀ ਤੋਂ ਬਾਅਦ ਪੁਲਿਸ ਨੇ ਕੀਤਾ ਲਾਠੀਚਾਰਜ
Firing on Brahmins during Mahayag in Haryana, 1 Brahmin injured News in Punjabi : ਹਰਿਆਣਾ ਦੇ ਕੁਰੂਕਸ਼ੇਤਰ ਦੇ ਕੇਸ਼ਵ ਪਾਰਕ ਵਿਚ ਹੋ ਰਹੇ ਮਹਾਯੱਗ ਵਿਚ ਸ਼ਾਮਲ ਹੋਣ ਲਈ ਆਏ ਬ੍ਰਾਹਮਣਾਂ 'ਤੇ ਗੋਲੀਬਾਰੀ ਕੀਤੀ ਗਈ। ਬ੍ਰਾਹਮਣਾਂ ਨੇ ਬਾਸੀ ਖਾਣਾ-ਖਾਣ ਦਾ ਵਿਰੋਧ ਕੀਤਾ ਸੀ, ਜਿਸ 'ਤੇ ਯੱਗ ਲਈ ਆਏ ਬਾਊਂਸਰਾਂ ਨੇ ਬ੍ਰਾਹਮਣਾਂ 'ਤੇ ਗੋਲੀਬਾਰੀ ਕਰ ਦਿਤੀ। ਇਸ ਵਿਚ ਇਕ ਬ੍ਰਾਹਮਣ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰਤ ਐਲਐਨਜੇਪੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਉਸ ਦਾ ਇੱਥੇ ਇਲਾਜ ਚੱਲ ਰਿਹਾ ਹੈ। ਇਸ ਘਟਨਾ ਤੋਂ ਨਾਰਾਜ਼ ਬ੍ਰਾਹਮਣਾਂ ਨੇ ਥੀਮ ਪਾਰਕ ਦੇ ਸਾਹਮਣੇ ਸੜਕ ਜਾਮ ਕਰ ਦਿਤੀ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਬ੍ਰਾਹਮਣਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਬਾਸੀ ਖਾਣਾ ਦਿਤਾ ਜਾ ਰਿਹਾ ਸੀ। ਉਹ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਸੀ। ਬੀਤੇ ਦਿਨ ਸਵੇਰੇ 9:30 ਵਜੇ ਇਸ ਮੁੱਦੇ 'ਤੇ ਉਨ੍ਹਾਂ ਦਾ ਝਗੜਾ ਹੋ ਗਿਆ। ਇਸ ਵਾਰ ਯੱਗ ਪ੍ਰਬੰਧਕ ਦੇ ਸੁਰੱਖਿਆ ਗਾਰਡਾਂ ਨੇ ਉਨ੍ਹਾਂ 'ਤੇ ਗੋਲੀਬਾਰੀ ਕਰ ਦਿਤੀ। ਇਸ ਵਿਚ ਲਖਨਊ ਤੋਂ ਆਏ ਆਸ਼ੀਸ਼ ਤਿਵਾੜੀ ਨੂੰ ਗੋਲੀ ਲੱਗ ਗਈ।
ਇਸ ਘਟਨਾ ਤੋਂ ਗੁੱਸੇ ਵਿਚ ਆ ਕੇ, ਬ੍ਰਾਹਮਣਾਂ ਨੇ ਥੀਮ ਪਾਰਕ ਦੇ ਸਾਹਮਣੇ ਸੜਕ ਜਾਮ ਕਰ ਦਿਤੀ। ਪੱਥਰਬਾਜ਼ੀ ਵੀ ਹੋਈ। ਸੜਕ ਕਿਨਾਰੇ ਲਗਾਏ ਗਏ ਬੈਨਰਾਂ ਅਤੇ ਪੋਸਟਰਾਂ ਨੂੰ ਡੰਡਿਆਂ ਨਾਲ ਮਾਰ ਕੇ ਪਾੜ ਦਿਤਾ ਗਿਆ। ਉਹ ਸੜਕ 'ਤੇ ਨਿਕਲ ਆਏ ਤੇ ਜਿੱਥੇ ਉਨ੍ਹਾਂ ਨੇ ਵਿਰੋਧ ਕੀਤਾ।
ਸੂਚਨਾ ਮਿਲਣ 'ਤੇ, ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਅੰਦੋਲਨਕਾਰੀ ਬ੍ਰਾਹਮਣਾਂ ਨੂੰ ਭਜਾ ਦਿਤਾ ਪਰ, ਵੱਡੀ ਗਿਣਤੀ ਵਿਚ ਬ੍ਰਾਹਮਣ ਅਜੇ ਵੀ ਸੜਕਾਂ 'ਤੇ ਇਕੱਠੇ ਹਨ। ਉਹ ਬਾਊਂਸਰਾਂ ਵਿਰੁਧ ਕਾਰਵਾਈ ਦੀ ਮੰਗ ਕਰ ਰਹੇ ਹਨ। ਬ੍ਰਾਹਮਣਾਂ ਦਾ ਦੋਸ਼ ਹੈ ਕਿ ਪਹਿਲੇ ਦਿਨ ਤੋਂ ਹੀ ਬਾਬਾ ਦੇ ਸੁਰੱਖਿਆ ਗਾਰਡ (ਬਾਊਂਸਰ) ਉਨ੍ਹਾਂ ਨੂੰ ਕਿਸੇ ਨਾ ਕਿਸੇ ਗੱਲ ਲਈ ਪ੍ਰੇਸ਼ਾਨ ਕਰ ਰਿਹੇ ਸਨ। ਉਹ ਕਿਸੇ ਵੀ ਸਮੇਂ ਕਿਸੇ ਨੂੰ ਵੀ ਕੁੱਟ ਸਕਦੇ ਸੀ। ਜੇ ਕੋਈ ਘੁੰਮਦਾ-ਫਿਰਦਾ ਦਿਖਾਈ ਦਿੰਦਾ ਸੀ, ਤਾਂ ਉਸ ਨੂੰ ਥੱਪੜ ਮਾਰਿਆ ਜਾਂਦਾ ਸੀ ਜਾਂ ਡੰਡੇ ਨਾਲ ਕੁੱਟਿਆ ਜਾਂਦਾ ਸੀ।
ਗੁੱਸੇ ਵਿੱਚ ਆਏ ਬ੍ਰਾਹਮਣਾਂ ਨੇ ਪਾਰਕ ਦੇ ਸਾਹਮਣੇ ਵਾਲੀ ਸੜਕ 'ਤੇ ਵਿਰੋਧ ਕੀਤਾ ਅਤੇ ਯੱਗਸ਼ਾਲਾ ਦਾ ਦਰਵਾਜ਼ਾ ਵੀ ਤੋੜ ਦਿਤਾ। ਇਸ ਤੋਂ ਇਲਾਵਾ ਉੱਥੋਂ ਲੰਘਣ ਵਾਲੀਆਂ ਬਸਾਂ ਵਰਗੇ ਯਾਤਰੀ ਵਾਹਨਾਂ ਨੂੰ ਵੀ ਰੋਕ ਦਿਤਾ ਗਿਆ। ਕੁੱਝ ਡਰਾਈਵਰਾਂ ਨੇ ਜਾਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਡੰਡੇ ਦਿਖਾ ਕੇ ਵਾਪਸ ਮੋੜ ਦਿਤਾ ਗਿਆ।
ਜਾਣਕਾਰੀ ਅਨੁਸਾਰ ਇਹ ਮਹਾਯੱਗ 18 ਮਾਰਚ ਤੋਂ ਚੱਲ ਰਿਹਾ ਹੈ, ਜਿਸ ਵਿਚ 1500 ਤੋਂ ਵੱਧ ਬ੍ਰਾਹਮਣਾਂ ਨੂੰ ਸੱਦਾ ਦਿਤਾ ਗਿਆ ਸੀ, ਤੁਹਾਨੂੰ ਦਸ ਦਈਏ ਕਿ 18 ਮਾਰਚ ਤੋਂ ਕੇਸ਼ਵ ਪਾਰਕ ਵਿਚ 1008 ਕੁੰਡੀਆ ਸ਼ਿਵ-ਸ਼ਕਤੀ ਮਹਾਂਯੱਗ ਸ਼ੁਰੂ ਕੀਤਾ ਗਿਆ ਸੀ। ਇਸ ਵਿੱਚ ਦੇਸ਼ ਭਰ ਤੋਂ 1,500 ਤੋਂ ਵੱਧ ਬ੍ਰਾਹਮਣਾਂ ਨੂੰ ਬੁਲਾਇਆ ਗਿਆ ਸੀ। ਯੱਗ ਦੇ ਪ੍ਰਬੰਧਕਾਂ ਨੇ ਇਨ੍ਹਾਂ ਬ੍ਰਾਹਮਣਾਂ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਕੀਤਾ।