
ਇਸ ਸਾਲ ਦੀ ਯਾਤਰਾ ਨੇ ਦੇਸ਼ ਭਰ ਵਿਚ ਹਿੰਦੂ-ਮੁਸਲਿਮ ਭਾਈਚਾਰੇ ਦਾ ਮਜ਼ਬੂਤ ਸੰਦੇਸ਼ ਦਿਤਾ ਹੈ : ਮਹਾਮੰਡਲੇਸ਼ਵਰ ਸਵਾਮੀ ਧਰਮਦੇਵ
ਨੂਹ (ਹਰਿਆਣਾ): ਪਿਛਲੇ ਸਾਲ ਹਿੰਸਾ ਦਾ ਸ਼ਿਕਾਰ ਹੋਈ ਬ੍ਰਜ ਮੰਡਲ ਜਲਾਭਿਸ਼ੇਕ ਯਾਤਰਾ ਸੋਮਵਾਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਸ਼ੁਰੂ ਹੋਈ ਅਤੇ ਹਿੰਦੂ ਅਤੇ ਮੁਸਲਿਮ ਦੋਹਾਂ ਭਾਈਚਾਰਿਆਂ ਦੇ ਲੋਕਾਂ ਨੇ ਵੱਖ-ਵੱਖ ਥਾਵਾਂ ’ਤੇ ਜਲੂਸ ਦਾ ਸਵਾਗਤ ਕੀਤਾ। ਅਧਿਆਤਮਕ ਨੇਤਾ ਮਹਾਮੰਡਲੇਸ਼ਵਰ ਸਵਾਮੀ ਧਰਮਦੇਵ ਨੇ ਕਿਹਾ ਕਿ ਇਸ ਸਾਲ ਦੀ ਯਾਤਰਾ ਨੇ ਦੇਸ਼ ਭਰ ਵਿਚ ਹਿੰਦੂ-ਮੁਸਲਿਮ ਭਾਈਚਾਰੇ ਦਾ ਮਜ਼ਬੂਤ ਸੰਦੇਸ਼ ਦਿਤਾ ਹੈ।
‘ਹਰ ਹਰ ਮਹਾਦੇਵ’ ਅਤੇ ‘ਜੈ ਸ਼੍ਰੀ ਰਾਮ’ ਦੇ ਨਾਅਰੇ ਲਾਉਂਦੇ ਹੋਏ ਸ਼ਰਧਾਲੂਆਂ ਨੇ ਨਲਹਦ ਮਹਾਦੇਵ ਮੰਦਰ ਤੋਂ ਅਪਣੀ ਯਾਤਰਾ ਸ਼ੁਰੂ ਕੀਤੀ ਅਤੇ ਬਾਅਦ ’ਚ ਫਿਰੋਜ਼ਪੁਰ ਝਿਰਕਾ ਦੇ ਝੀਰ ਮੰਦਰ ਲਈ ਰਵਾਨਾ ਹੋਏ। ਯਾਤਰਾ ਦਾ ਰਸਤਾ ਲਗਭਗ 80 ਕਿਲੋਮੀਟਰ ਲੰਬਾ ਹੈ। ਨੂਹ ਦੇ ਡਿਪਟੀ ਕਮਿਸ਼ਨਰ ਧੀਰੇਂਦਰ ਖੜਗਟਾ ਨੇ ਕਿਹਾ ਕਿ ਸਖਤ ਸੁਰੱਖਿਆ ਅਤੇ ਹੋਰ ਪ੍ਰਬੰਧਾਂ ਦਰਮਿਆਨ ਸ਼ਰਧਾਲੂਆਂ ਲਈ ਯਾਤਰਾ ਸੁਚਾਰੂ ਢੰਗ ਨਾਲ ਚੱਲ ਰਹੀ ਹੈ।
ਇਸ ਤੋਂ ਪਹਿਲਾਂ ਸਵੇਰੇ ਯਾਤਰਾ ’ਚ ਹਿੱਸਾ ਲੈਣ ਵਾਲੇ ਕਈ ਸ਼ਰਧਾਲੂ ਨਲਹਦ ਮੰਦਰ ਲਈ ਰਵਾਨਾ ਹੋਣ ਤੋਂ ਪਹਿਲਾਂ ਗੁਰੂਗ੍ਰਾਮ ਦੇ ਸੈਕਟਰ 10 ਸਥਿਤ ਰਾਧਾ ਕ੍ਰਿਸ਼ਨ ਮੰਦਰ ’ਚ ਇਕੱਠੇ ਹੋਏ।
ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਸਵੇਰੇ ਕਰੀਬ 11 ਵਜੇ ਭੁਤੇਸ਼ਵਰ ਮੰਦਰ ਤੋਂ ਵੱਡੀ ਗਿਣਤੀ ’ਚ ਔਰਤਾਂ ਨਲਹਦ ਮਹਾਦੇਵ ਮੰਦਰ ਪਹੁੰਚੀਆਂ। ਤਿਰੰਗਾ ਚੌਕ ’ਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
ਮੁਸਲਮਾਨਾਂ ਦੇ ਕਈ ਸਮੂਹਾਂ ਨੇ ਵੱਖ-ਵੱਖ ਥਾਵਾਂ ’ਤੇ ਫੁੱਲਾਂ ਅਤੇ ਹਾਰਾਂ ਨਾਲ ਯਾਤਰਾ ਵਿਚ ਸ਼ਾਮਲ ਸੰਤਾਂ ਅਤੇ ਹੋਰ ਸ਼ਰਧਾਲੂਆਂ ਦਾ ਸਵਾਗਤ ਕੀਤਾ।
ਆਲ ਇੰਡੀਆ ਇਮਾਮ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਡਾਕਟਰ ਇਮਾਮ ਉਮਰ ਅਹਿਮਦ ਇਲਿਆਸੀ ਨੇ ਐਤਵਾਰ ਸ਼ਾਮ ਨੂੰ ਨੂਹ ਦੇ ਨਲਹਦ ਮਹਾਦੇਵ ਮੰਦਰ ਦਾ ਦੌਰਾ ਕੀਤਾ ਅਤੇ ਸ਼ਾਂਤੀ ਦੀ ਅਪੀਲ ਕੀਤੀ।
ਸਵਾਮੀ ਧਰਮਦੇਵ ਨੇ ਕਿਹਾ ਕਿ ਇਸ ਸਾਲ ਦੀ ਯਾਤਰਾ ਨੇ ਦੇਸ਼ ਭਰ ’ਚ ਹਿੰਦੂ-ਮੁਸਲਿਮ ਭਾਈਚਾਰੇ ਦਾ ਵੱਡਾ ਸੰਦੇਸ਼ ਦਿਤਾ ਹੈ ਅਤੇ ਇਸ ਪ੍ਰਾਪਤੀ ਲਈ ਦੋਹਾਂ ਭਾਈਚਾਰਿਆਂ ਨੂੰ ਵਧਾਈ ਦਿਤੀ ।
ਹਰਿਆਣਾ ਸਰਕਾਰ ਨੇ ਐਤਵਾਰ ਨੂੰ ਯਾਤਰਾ ਤੋਂ ਪਹਿਲਾਂ ਨੂਹ ਜ਼ਿਲ੍ਹੇ ’ਚ 24 ਘੰਟਿਆਂ ਲਈ ਮੋਬਾਈਲ ਇੰਟਰਨੈੱਟ ਸੇਵਾਵਾਂ ਅਤੇ ਇਕੋ ਸਮੇਂ ਕਈ ਐਸ.ਐਮ.ਐਸ. ਭੇਜਣ ’ਤੇ ਪਾਬੰਦੀ ਦੇ ਹੁਕਮ ਦਿਤੇ ਹਨ।
ਪਿਛਲੇ ਸਾਲ 31 ਜੁਲਾਈ ਨੂੰ ਨੂਹ ’ਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਸ਼ੋਭਾ ਯਾਤਰਾ ’ਤੇ ਭੀੜ ਦੇ ਹਮਲੇ ਤੋਂ ਬਾਅਦ ਹੋਈਆਂ ਝੜਪਾਂ ’ਚ ਦੋ ਹੋਮਗਾਰਡ ਅਤੇ ਇਕ ਮਸਜਿਦ ਦੇ ਇਮਾਮ ਸਮੇਤ 6 ਲੋਕਾਂ ਦੀ ਮੌਤ ਹੋ ਗਈ ਸੀ।
ਅਧਿਕਾਰੀਆਂ ਨੇ ਦਸਿਆ ਕਿ ਇਸ ਵਾਰ ਯਾਤਰਾ ਦੌਰਾਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ 2,000 ਤੋਂ ਵੱਧ ਜਵਾਨ ਤਾਇਨਾਤ ਕੀਤੇ ਗਏ।
ਨੂਹ ਦੇ ਪੁਲਿਸ ਸੁਪਰਡੈਂਟ ਵਿਜੇ ਪ੍ਰਤਾਪ ਸਿੰਘ ਨੇ ਐਤਵਾਰ ਨੂੰ ਕਿਹਾ ਸੀ ਕਿ ਯਾਤਰਾ ਮਾਰਗ ’ਤੇ ਪੁਲਿਸ ਫੋਰਸ ਤਾਇਨਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ, ‘‘ਅਸੀਂ ਡਰੋਨ ਜ਼ਰੀਏ ਹਰ ਕਿਸੇ ’ਤੇ ਨਜ਼ਰ ਰੱਖਾਂਗੇ।’’
ਨੂਹ ਦੇ ਡਿਪਟੀ ਕਮਿਸ਼ਨਰ ਧੀਰੇਂਦਰ ਖੜਗਤਾ ਨੇ ਕਿਹਾ ਕਿ ਯਾਤਰਾ ਤੋਂ ਪਹਿਲਾਂ ਸਥਿਤੀ ਬਹੁਤ ਸ਼ਾਂਤੀਪੂਰਨ ਅਤੇ ਸੁਖਾਵੀਂ ਹੈ ਅਤੇ ਦੋਵੇਂ ਭਾਈਚਾਰੇ (ਹਿੰਦੂ ਅਤੇ ਮੁਸਲਮਾਨ) ਇਸ ਦਾ ਸਵਾਗਤ ਕਰਨ ਲਈ ਤਿਆਰ ਹਨ।
ਉਨ੍ਹਾਂ ਨੇ ਦਸਿਆ ਕਿ ਯਾਤਰਾ ਦੇ ਮੈਂਬਰਾਂ ਲਈ ਕਈ ਸਵਾਗਤੀ ਗੇਟ ਬਣਾਏ ਗਏ ਹਨ ਅਤੇ ਖਾਣ-ਪੀਣ ਦੀਆਂ ਦੁਕਾਨਾਂ ਸਥਾਪਤ ਕੀਤੀਆਂ ਗਈਆਂ ਹਨ।
ਇਸ ਦੌਰਾਨ ਸਰਕਾਰ ਨੇ ਮੋਬਾਈਲ ਇੰਟਰਨੈੱਟ ਸੇਵਾਵਾਂ ਨੂੰ ਮੁਅੱਤਲ ਕਰਨ ਦੇ ਹੁਕਮ ਦਿਤੇ ਹਨ। ਇਹ ਹੁਕਮ ਵਟਸਐਪ, ਫੇਸਬੁੱਕ, ਟਵਿੱਟਰ ਆਦਿ ਵਰਗੇ ਸੋਸ਼ਲ ਮੀਡੀਆ ਮੰਚਾਂ ਰਾਹੀਂ ਗਲਤ ਜਾਣਕਾਰੀ ਅਤੇ ਅਫਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਜਾਰੀ ਕੀਤਾ ਗਿਆ ਹੈ।
ਪੁਲਿਸ ਸੁਪਰਡੈਂਟ ਦੀ ਮੌਜੂਦਗੀ ’ਚ ਐਤਵਾਰ ਨੂੰ ਜ਼ਿਲ੍ਹੇ ’ਚ ਫਲੈਗ ਮਾਰਚ ਕਢਿਆ ਗਿਆ। ਅਧਿਕਾਰਤ ਹੁਕਮ ਅਨੁਸਾਰ ਸ਼ਰਾਬ ਦੀਆਂ ਦੁਕਾਨਾਂ ਯਾਤਰਾ ਪੂਰੀ ਹੋਣ ਤਕ ਬੰਦ ਰਹਿਣਗੀਆਂ। (ਪੀਟੀਆਈ)