
ਅਸ਼ੋਕ ਅਰੋੜਾ ਨੇ ਜਵਾਬ ਦਾਇਰ ਕਰਨ ਲਈ ਸਮਾਂ ਮੰਗਿਆ
ਚੰਡੀਗੜ੍ਹ: ਹਰਿਆਣਾ ਦੇ ਸਾਬਕਾ ਮੰਤਰੀ ਸੁਭਾਸ਼ ਸੁਧਾ ਵਲੋਂ ਦਾਇਰ ਚੋਣ ਪਟੀਸ਼ਨ ’ਤੇ ਅੱਜ ਪਹਿਲੀ ਸੁਣਵਾਈ ਹੋਈ। ਇਸ ਮਾਮਲੇ ’ਚ ਜਵਾਬਦੇਹ ਅਸ਼ੋਕ ਅਰੋੜਾ ਨੇ ਜਵਾਬ ਦਾਇਰ ਕਰਨ ਲਈ ਸਮਾਂ ਮੰਗਿਆ ਹੈ।
ਸੁਧਾ ਨੇ ਅਕਤੂਬਰ ’ਚ ਹਰਿਆਣਾ ’ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਚੁਨੌਤੀ ਦਿਤੀ ਸੀ, ਜਿਸ ’ਚ ਉਨ੍ਹਾਂ ਨੇ ਜਾਅਲੀ ਵੋਟਿੰਗ ਦਾ ਦੋਸ਼ ਲਾਇਆ ਸੀ। ਸੁਧਾ ਨੇ ਅਰੋੜਾ ਦੀ ਜਿੱਤ ਨੂੰ ਚੁਨੌਤੀ ਦਿੰਦੇ ਹੋਏ ਕੇਸ ਦਾਇਰ ਕੀਤਾ ਹੈ, ਜਿਸ ’ਚ ਦੋਸ਼ ਲਾਇਆ ਗਿਆ ਹੈ ਕਿ ਅਰੋੜਾ ਨੇ ਚੋਣਾਂ ਦੌਰਾਨ ਨਿਯਮਾਂ ਦੀ ਉਲੰਘਣਾ ਕੀਤੀ ਅਤੇ ਜਾਅਲੀ ਵੋਟਿੰਗ ਕਰਵਾਈ।
ਸੁਧਾ ਦਾ ਦਾਅਵਾ ਹੈ ਕਿ ਐਨ.ਆਰ.ਆਈਜ਼, ਜੋ ਇੱਥੇ ਨਹੀਂ ਰਹਿੰਦੇ, ਉਨ੍ਹਾਂ ਦੀਆਂ ਵੋਟਾਂ ਪਈਆਂ ਅਤੇ ਇਹ ਵੋਟਾਂ ਅਰੋੜਾ ਦੇ ਸਮਰਥਕਾਂ ਨੇ ਅਰੋੜਾ ਦੇ ਹੱਕ ’ਚ ਪਾਈਆਂ। ਇਸ ਤੋਂ ਇਲਾਵਾ ਸੁਧਾ ਨੇ ਦੋਸ਼ ਲਾਇਆ ਕਿ ਅਰੋੜਾ ਦੇ ਸਮਰਥਕਾਂ ਨੇ ਸ਼ਰਾਬ ਅਤੇ ਪੈਸੇ ਵੰਡੇ। ਹਾਈ ਕੋਰਟ ਨੇ ਸੁਧਾ ਦੀ ਪਟੀਸ਼ਨ ਮਨਜ਼ੂਰ ਕਰ ਲਈ ਹੈ ਅਤੇ ਹਰਿਆਣਾ ਦੇ ਚੋਣ ਕਮਿਸ਼ਨ ਨੇ ਈ.ਵੀ.ਐਮ. ਨੂੰ ਥਾਨੇਸਰ ਦੇ ਸਟਰਾਂਗ ਰੂਮ ’ਚ ਰੱਖਣ ਦਾ ਫੈਸਲਾ ਕੀਤਾ ਹੈ। ਇਸ ਤੋਂ ਬਾਅਦ ਜ਼ਿਲ੍ਹਾ ਚੋਣ ਕਮਿਸ਼ਨ ਨੇ ਵੀ ਅਰੋੜਾ ਅਤੇ ਸੁਧਾ ਨੂੰ ਚਿੱਠੀ ਭੇਜ ਕੇ ਸੂਚਿਤ ਕਰ ਦਿਤਾ ਹੈ।