
Ambala Accident News: ਧਾਰਮਿਕ ਯਾਤਰਾ ਲਈ ਬੁਲੰਦਸ਼ਹਿਰ ਤੋਂ ਚੱਲਿਆ ਸੀ ਪਰਿਵਾਰ
Ambala Accident News: ਦਿੱਲੀ-ਜੰਮੂ ਨੈਸ਼ਨਲ ਹਾਈਵੇ 'ਤੇ ਸ਼ੁੱਕਰਵਾਰ ਸਵੇਰੇ ਹੋਏ ਭਿਆਨਕ ਸੜਕ ਹਾਦਸੇ 'ਚ ਇਕੋ ਪਰਿਵਾਰ ਦੇ 7 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਵਿਚ 20 ਤੋਂ ਵੱਧ ਲੋਕ ਗੰਭੀਰ ਰੂਪ ਵਿਚ ਜ਼ਖਮੀ ਵੀ ਹੋਏ ਹਨ। ਜੋ ਇਸ ਸਮੇਂ ਅੰਬਾਲਾ ਦੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ।
ਇਹ ਹਾਦਸਾ ਅੰਬਾਲਾ 'ਚ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਇਕ ਮਿੰਨੀ ਬੱਸ ਦੇ ਟਰੱਕ ਨਾਲ ਟਕਰਾਉਣ ਕਾਰਨ ਵਾਪਰਿਆ। ਪੁਲਿਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਟਰੱਕ ਨੇ ਹਾਈਵੇਅ 'ਤੇ ਅਚਾਨਕ ਬ੍ਰੇਕਾਂ ਲਗਾ ਦਿਤੀਆਂ, ਜਿਸ ਕਾਰਨ ਪਿੱਛੇ ਤੋਂ ਆ ਰਹੀ ਮਿੰਨੀ ਬੱਸ ਉਸ ਨਾਲ ਟਕਰਾ ਗਈ।
ਪੁਲਿਸ ਮੁਤਾਬਕ ਯੂਪੀ ਦੇ ਬੁਲੰਦਸ਼ਹਿਰ ਤੋਂ ਸ਼ਰਧਾਲੂ ਮਿੰਨੀ ਬੱਸ ਰਾਹੀਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਸਨ। ਹਾਦਸੇ ਵਿਚ ਵਾਲ-ਵਾਲ ਬਚੇ ਹੋਰਨਾਂ ਲੋਕਾਂ ਨੇ ਦਸਿਆ ਕਿ ਉਨ੍ਹਾਂ ਦੀ ਮਿੰਨੀ ਬੱਸ ਦੇ ਅੱਗੇ ਚੱਲ ਰਹੇ ਟਰੱਕ ਨੇ ਅਚਾਨਕ ਬ੍ਰੇਕ ਲਗਾ ਦਿਤੀ। ਜਿਸ ਕਾਰਨ ਮਿੰਨੀ ਬੱਸ ਟਰੱਕ ਨਾਲ ਟਕਰਾ ਗਈ। ਇਸ ਘਟਨਾ ਵਿਚ ਮਰਨ ਵਾਲੇ ਸਾਰੇ 7 ਲੋਕ ਇਕ ਹੀ ਪਰਿਵਾਰ ਦੇ ਸਨ। ਪੁਲਿਸ ਮੁਤਾਬਕ ਘਟਨਾ 'ਚ ਜ਼ਖਮੀ ਹੋਏ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਚਾਰ ਲੋਕਾਂ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿਤਾ।
ਅੰਬਾਲਾ ਦੇ ਪੜਾਵ ਥਾਣੇ ਦੇ ਐਸਐਚਓ ਦਿਲੀਪ ਨੇ ਦਸਿਆ ਕਿ ਡਾਕਟਰਾਂ ਮੁਤਾਬਕ ਇਸ ਹਾਦਸੇ ਵਿਚ ਹੁਣ ਤਕ ਸੱਤ ਮੌਤਾਂ ਹੋ ਚੁੱਕੀਆਂ ਹਨ, ਜਦਕਿ ਕਈਆਂ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ। ਜਿਨ੍ਹਾਂ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਨੇੜਲੇ ਵੱਡੇ ਹਸਪਤਾਲ 'ਚ ਰੈਫਰ ਕਰ ਦਿਤਾ ਗਿਆ ਹੈ। ਇਸ ਦੇ ਨਾਲ ਹੀ ਇਸ ਘਟਨਾ 'ਚ ਜ਼ਖਮੀ ਹੋਏ ਕੁੱਝ ਲੋਕਾਂ ਦਾ ਸਿਵਲ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ, ਜਦਕਿ ਕੁੱਝ ਜ਼ਖਮੀਆਂ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਨਿੱਜੀ ਹਸਪਤਾਲ 'ਚ ਭੇਜ ਦਿਤਾ ਗਿਆ ਹੈ।
(For more Punjabi news apart from Ambala Accident News, stay tuned to Rozana Spokesman)