
ਟੈਂਟਾਂ ’ਚ ਵੜਿਆ ਪਾਣੀ, ਲੰਗਰ ਬਣਾਉਣਾ ਵੀ ਹੋਇਆ ਔਖਾ
ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਤੇ ਹਰਿਆਣਾ ਬਾਰਡਰ ’ਤੇ ਧਰਨਾ ਲਗਾ ਕੇ ਬੈਠਿਆਂ ਨੂੰ ਇਕ ਸਾਲ ਹੋਣ ਵਾਲਾ ਹੈ। ਜਿੱਥੇ ਕਿਸਨ ਕੇਂਦਰ ਸਰਕਾਰ ਤੋਂ ਆਪਣੀਆਂ ਜਾਇਜ਼ ਮੰਗਾਂ ਮਨਵਾਉਣ ਲਈ ਧਰਨੇ ’ਤੇ ਬੈਠੇ ਹਨ। ਉਥੇ ਹੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪਿਛਲੇ 29 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਹੋਏ ਹਨ ਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਡੱਲੇਵਾਲ ਦੀ ਸਿਹਤ ਤੇ ਉਨ੍ਹਾਂ ਦੀਆਂ ਮੰਗਾਂ ਨੂੰ ਜਾਣਨ ਲਈ ਸਿਆਸੀ ਤੇ ਹੋਰ ਆਗੂ ਉਨ੍ਹਾਂ ਨੂੰ ਧਰਨੇ ’ਚ ਮਿਲਣ ਪਹੁੰਚ ਰਹੇ ਹਨ। ਧਰਨੇ ’ਚ ਕਿਸਾਨਾਂ ਵਲੋਂ ਲਗਾਤਾਰ ਮੀਟਿੰਗਾਂ ਵੀ ਜਾਰੀ ਹਨ ਤੇ ਕੁੱਝ ਐਲਾਨ ਕੀਤੇ ਜਾ ਰਹੇ ਹਨ। ਪਰ ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਕੋਈ ਸੱਦਾ ਪੱਤਰ ਨਹੀਂ ਆਇਆ। ਡਾਕਟਰਾਂ ਦੀ ਟੀਮ ਨੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ ਜਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਡੱਲੇਵਾਲ ਦੀ ਕਿਸੇ ਸਮੇਂ ਵੀ ਮੌਤ ਹੋ ਸਕਦੀ ਹੈ।
ਖਨੌਰੀ ਬਾਰਡਰ ’ਤੇ ਕਿਸਾਨੀ ਧਰਨੇ ’ਚ ਸਪੋਕਸਮੈਨ ਦੀ ਟੀਮ ਡੱਲੇਵਾਲ ਤੇ ਹੋਰ ਆਗੂਆਂ ਨੂੰ ਮਿਲਣ ਤੇ ਗਰਾਊੁਂਡ ਰਿਪੋਰਟ ਲੈਣ ਲਈ ਪਹੁੰਚੀ। ਜਿੱਥੇ ਇਕ ਕਿਸਾਨ ਨੇ ਦਸਿਆ ਕਿ ਉਹ ਜ਼ੀਰੇ ਤੋਂ ਆਏ ਹਨ। ਉਨ੍ਹਾਂ ਕਿਹਾ ਕਿ ਅੱਜ ਮੀਂਹ ਪੈਣ ਨਾਲ ਸਾਡੇ ਟੈਟਾਂ ਵਿਚ ਪਾਣੀ ਵੜ ਗਿਆ ਜਿਸ ਕਾਰਨ ਸਾਨੂੰ ਲੰਗਰ ਤਿਆਰ ਕਰਨ ਵਿਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਾਡਾ ਬਾਲਣ, ਲੱਕੜਾਂ ਆਦਿ ਸਾਰਾ ਸਮਾਨ ਗਿੱਲਾ ਹੋ ਗਿਆ ਹੈ, ਜਿਸ ਕਾਰਨ ਬਹੁਤ ਮੁਸ਼ਕਲ ਆ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਤਾਂ ਵਕਤ ਤੇ ਕੇਂਦਰ ਸਰਕਾਰ ਦੇ ਮਾਰੇ ਹੋਏ ਹਾਂ। ਅਸੀਂ ਆਪਣੀਆਂ ਮੰਗਾਂ ਮਨਵਾਉਣ ਲਈ ਬੈਠੇ ਹਾਂ ਤੇ ਮਨਵਾ ਕੇ ਹੀ ਜਾਵਾਂਗੇ। ਇਕ ਹੋਰ ਕਿਸਾਨ ਨੇ ਕਿਹਾ ਕਿ ਡੱਲੇਵਾਲ ਤਾਂ ਕਿਸਾਨਾਂ ਲਈ ਹੀ ਬੈਠੇ ਹਨ। ਇਹ ਮਾਮਲਾ ਉਨ੍ਹਾਂ ਦਾ ਨਿਜੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਕੋਲ ਇਕ ਦਿਨ ਕਿ ਇਕ ਘੰਟਾ ਵੀ ਭੁੱਖੇ ਨਹੀਂ ਰਿਹਾ ਜਾਂਦਾ ਡੱਲੇਵਾਲ ਤਾਂ 28-29 ਦਿਨਾਂ ਤੋਂ ਭੁੱਖੇ ਬੈਠੇ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਜ਼ੁਲਮ ਕਰਨ ’ਤੇ ਉਤਾਰੂ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਜ਼ਾਲਮ ਬਣੀਆਂ ਹੋਇਆਂ ਹਨ ਜਿਨ੍ਹਾਂ ਨੂੰ ਕੁੱਝ ਦਿਖਦਾ ਹੀ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰਾਂ ਦੇ ਇਸ ਤਰ੍ਹਾਂ ਦੇ ਵਤੀਰੇ ਨਾਲ ਇਹ ਜਾਪਦਾ ਹੈ ਕਿ ਪੰਜਾਬ ਦੇ ਕਿਸਾਨਾਂ ਤੇ ਲੋਕਾਂ ਨੂੰ ਇਹ ਇਸ ਦੇਸ਼ ਦੇ ਵਾਸੀ ਹੀ ਨਹੀਂ ਸਮਝਦੇ, ਪੰਜਾਬ ਨਾਲ ਇੰਨਾ ਵਿਤਕਰਾ ਕਿਉਂ? ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਖ਼ਮਿਆਜ਼ਾ ਭੁਗਤਣਾ ਪਵੇਗਾ ਜਿਹੜਾ ਇਨ੍ਹਾਂ ਦੇ ਕੰਨ ’ਤੇ ਜੂੰਅ ਨਹੀਂ ਸਰਕ ਰਹੀ।
ਉਨ੍ਹਾਂ ਕਿਹਾ ਕਿ ਮੀਂਹ ’ਚ ਥੱਲੇ ਵੀ ਪਾਣੀ ਤੇ ਉਤੋਂ ਵੀ ਪਾਣੀ ਜਿਸ ਵਿਚ ਲੰਗਰ ਤਿਆਰ ਕਰਨਾ ਜਾਂ ਕਿਤੇ ਉਠਣਾ ਬੈਠਣਾ ਬਹੁਤ ਮੁਸੀਬਤ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ। ਉਨ੍ਹਾਂ ਕਿਹਾ ਕਿ ਇਹ ਵੀ ਇਕ ਇਮਤਿਹਾਨ ਹੈ ਜੋ ਮਾਹਾਰਾਜ ਵੀ ਲੈ ਰਿਹਾ ਤੇ ਮੋਦੀ ਸਰਕਾਰ ਵੀ ਲੈ ਰਹੀ ਹੈ। ਇਕ ਹੋਰ ਕਿਸਾਨ ਨੇ ਕਿਹਾ ਕਿ ਮੀਂਹ ਜਾਂ ਠੰਢ ਨਾਲ ਸਾਨੂੰ ਕੁੱਝ ਨਹੀਂ ਹੁੰਦਾ ਅਸੀਂ ਤਾਂ ਪਰਮਾਤਮਾ ਦੀ ਰਜਾ ਵਿਚ ਚਲੀ ਜਾ ਰਹੇ ਹਾਂ ਤੇ ਚੱਲੀ ਜਾਣਾ। ਇਹ ਮੋਦੀ ਅਪਣਾ ਜ਼ੋਰ ਲਗਾ ਕੇ ਦੇਖ ਲਵੇ ਅਸੀਂ ਤਾਂ ਡਟੇ ਰਹਿਣਾ।
ਕਿਸਾਨਾਂ ਨੇ ਕਿਹਾ ਕਿ ਸਾਡਾ ਜਰਨੈਲ ਪਿੱਛਲੇ 29 ਦਿਨਾਂ ਤੋਂ ਭੁੱਖਾ ਬੈਠਿਆ ਹੈ। ਉਨ੍ਹਾਂ ਕਿਹਾ ਕਿ ਡੱਲੇਵਾਲ ਇੱਕਲੇ ਪੰਜਾਬ ਦੇ ਕਿਸਾਨਾਂ ਲਈ ਨਹੀਂ ਪੁਰੇ ਦੇਸ਼ ਲਈ ਬੈਠਾ ਹੈ। ਰਾਸ਼ਨ ਬਾਰੇ ਗੱਲ ਕਰਦੇ ਹੋਏ ਕਿਸਾਨਾਂ ਨੇ ਦਸਿਆ ਕਿ ਸੰਗਤ, ਪਿੰਡਾਂ ਦੇ ਲੋਕ ਸਾਡਾ ਬਹੁਤ ਸਹਿਯੋਗ ਕਰ ਰਹੇ ਹਨ ਤੇ ਸਾਨੂੰ ਆਪ ਵੀ ਖ਼੍ਰੀਦਣਾ ਪੈਂਦਾ ਹੈ।