1.17 ਕਰੋੜ ਰੁਪਏ ਤਕ ਪਹੁੰਚੀ ਬੋਲੀ
ਚੰਡੀਗੜ੍ਹ : ਗੱਡੀਆਂ ਲਈ ਵਿਸ਼ੇਸ਼ ਜਾਂ ‘ਫੈਨਸੀ’ ਰਜਿਸਟ੍ਰੇਸ਼ਨ ਨੰਬਰਾਂ ਦਾ ਚਾਅ ਇਸ ਹਫਤੇ ਹਰਿਆਣਾ ਵਿਚ ਇਕ ਨਵੀਂ ਉਚਾਈ ਉਤੇ ਪਹੁੰਚ ਗਿਆ, ਜਦੋਂ ਐਚ ਆਰ-88-ਬੀ-8888 ਦੀ ਬੋਲੀ 1.17 ਕਰੋੜ ਰੁਪਏ ਤਕ ਪੁੱਜ ਗਈ। ਬੋਲੀਦਾਤਾ, ਜਿਸ ਦੀ ਪਛਾਣ ਸਿਰਫ ਉਸ ਦੇ ਨਾਮ ਸੁਧੀਰ ਕੁਮਾਰ ਨਾਲ ਕੀਤੀ ਗਈ ਹੈ, ਨੇ ਬੋਲੀ ਵਿਚ ਹਿੱਸਾ ਲੈਣ ਲਈ ਲੋੜੀਂਦੇ 10,000 ਰੁਪਏ ਦਾ ਭੁਗਤਾਨ ਕੀਤਾ ਹੈ। ਅਗਲੇ ਹਫ਼ਤੇ ਤਕ ਉਸ ਨੇ ਬੋਲੀ ਦੀ ਰਕਮ ਜਮ੍ਹਾ ਕਰਵਾਉਣੀ ਹੈ। ਉਸ ਤੋਂ ਬਾਅਦ ਹੀ ਨੰਬਰ ਨੂੰ ਵੇਚਿਆ ਮੰਨਿਆ ਜਾਵੇਗਾ। ਕੁੱਝ ਰੀਪੋਰਟਾਂ ਵਿਚ ਕਿਹਾ ਗਿਆ ਹੈ ਕਿ ਇਹ ਭਾਰਤ ਵਿਚ ਕਿਸੇ ਫੈਂਸੀ ਨੰਬਰ ਲਈ ਹੁਣ ਤਕ ਦੀ ਸੱਭ ਤੋਂ ਉੱਚੀ ਬੋਲੀ ਹੈ, ਪਰ ਇਸ ਦੀ ਸੁਤੰਤਰ ਤੌਰ ਉਤੇ ਪੁਸ਼ਟੀ ਨਹੀਂ ਕੀਤੀ ਜਾ ਸਕੀ। ਪ੍ਰਕਿਰਿਆ ਅਨੁਸਾਰ, ਹਰਿਆਣਾ ਵਿਚ ਹਫਤਾਵਾਰੀ ਫੈਂਸੀ ਨੰਬਰਾਂ ਦੀ ਆਨਲਾਈਨ ਨਿਲਾਮੀ ਹੁੰਦੀ ਹੈ, ਅਤੇ ਬੋਲੀ ਪੋਰਟਲ ਉਤੇ ਇਹ ਬੁਧਵਾਰ ਸ਼ਾਮ 5 ਵਜੇ ਬੰਦ ਹੁੰਦੀ ਹੈ।
ਨੰਬਰ ਐਚ ਆਰ-88-ਬੀ-8888 ਨੂੰ ਇਸ ਹਫਤੇ ਸੱਭ ਤੋਂ ਵੱਧ 45 ਅਰਜ਼ੀਆਂ ਮਿਲੀਆਂ। ਇਸ ਦੀ ਸ਼ੁਰੂਆਤੀ ਕੀਮਤ 50,000 ਰੁਪਏ ਤੈਅ ਕੀਤੀ ਗਈ ਸੀ। ਐੱਚ ਆਰ-88 ਦਾ ਮਤਲਬ ਹੈ ਕਿ ਇਹ ਨੰਬਰ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਕੁੰਡਲੀ ਦੇ ਖੇਤਰੀ ਟਰਾਂਸਪੋਰਟ ਦਫ਼ਤਰ (ਆਰ.ਟੀ.ਓ.) ਦਾ ਹੈ। ਫੈਂਸੀ ਨੰਬਰਾਂ ਲਈ ਪਿਆਰ ਪਿਛਲੇ ਸਾਲਾਂ ਦੌਰਾਨ ਪੂਰੇ ਭਾਰਤ ਵਿਚ ਵੇਖਿਆ ਜਾ ਰਿਹਾ ਹੈ। ਅਪ੍ਰੈਲ 2025 ’ਚ, ਕੇਰਲ ਦੇ ਇਕ ਵਪਾਰੀ ਨੇ ਅਪਣੀ ਲੰਬੋਰਗਿਨੀ ਲਈ ਕੇ ਐਲ -07-ਡੀ ਜੀ-0007 ਨੰਬਰ 45.99 ਲੱਖ ਰੁਪਏ ਵਿਚ ਖਰੀਦਿਆ ਸੀ।
ਕਾਰ ਦੀ ਕੀਮਤ ਲਗਭਗ 4 ਕਰੋੜ ਰੁਪਏ ਹੈ। ਨੰਬਰ ‘0007’ ਆਮ ਤੌਰ ਉਤੇ ਬਹੁਤ ਸਾਰੇ ਸਭਿਆਚਾਰਾਂ ਵਿਚ ਖੁਸ਼ਕਿਸਮਤ ਵਜੋਂ ਵੇਖਿਆ ਜਾਂਦਾ ਹੈ, ਅਤੇ ਇਸ ਦਾ ਜੇਮਜ਼ ਬਾਂਡ ਸਬੰਧ ਵੀ ਹੈ। ਇਸ ਸਾਲ ਅਗੱਸਤ ਵਿਚ ਚੰਡੀਗੜ੍ਹ ’ਚ, ਯੂ.ਟੀ. ਦੀ ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਟੀ (ਆਰ.ਐਲ. ਏ.) ਵਲੋਂ ਕਰਵਾਈ ਗਈ ਈ-ਨਿਲਾਮੀ ਵਿਚ ਸੀ ਐਚ 01-ਡੀ ਏ ਸੀਰੀਜ਼ ਦੇ ਨੰਬਰ ‘0001’ ਨੂੰ 50,000 ਰੁਪਏ ਦੀ ਰਾਖਵੀਂ ਕੀਮਤ ਦੇ ਮੁਕਾਬਲੇ 36.43 ਲੱਖ ਰੁਪਏ ਦੀ ਬੋਲੀ ਮਿਲੀ ਸੀ।
