
ਜੀਨਸ, ਡੈਨਿਮ ਸਕਰਟ, ਸ਼ਾਟਸ, ਪਲਾਜ਼ੋ ਆਦਿ ਪਹਿਨਣ ਉਤੇ ਵੀ ਪਾਬੰਦੀ
Hospital Dress code: ਹਰਿਆਣਾ ਦੇ ਹਸਪਤਾਲਾਂ ਵਿਚ ਭਲਕੇ ਯਾਨੀ 1 ਮਾਰਚ ਤੋਂ ਡਰੈੱਸ ਕੋਡ ਲਾਗੂ ਹੋ ਜਾਵੇਗਾ। ਇਸ ਦੇ ਲਈ ਉਚਿਤ ਡਿਜ਼ਾਈਨਰਾਂ ਵਲੋਂ ਵਰਦੀਆਂ ਤਿਆਰ ਕੀਤੀਆਂ ਗਈਆਂ ਹਨ। ਕੋਡ ਦੇ ਤਹਿਤ, ਪੱਛਮੀ ਕੱਪੜੇ, ਹੇਅਰ ਸਟਾਈਲ, ਭਾਰੀ ਗਹਿਣੇ, ਮੇਕਅਪ ਅਤੇ ਲੰਬੇ ਨਹੁੰ ਕੰਮ ਦੇ ਘੰਟਿਆਂ ਦੌਰਾਨ ਅਸਵੀਕਾਰਨਯੋਗ ਹੋਣਗੇ। ਨੇਮ ਪਲੇਟ 'ਤੇ ਕਰਮਚਾਰੀ ਦਾ ਨਾਮ ਅਤੇ ਅਹੁਦਾ ਦਰਜ ਕੀਤਾ ਜਾਵੇਗਾ।
ਹਸਪਤਾਲ ਦੇ ਸਟਾਫ ਲਈ ਨੇਮ ਪਲੇਟ ਲਗਾਉਣੀ ਵੀ ਲਾਜ਼ਮੀ ਕਰ ਦਿਤੀ ਗਈ ਹੈ। ਨਰਸਿੰਗ ਕੇਡਰ ਨੂੰ ਛੱਡ ਕੇ ਸਬੰਧਤ ਅਹੁਦਿਆਂ ਦੇ ਸਿਖਿਆਰਥੀ ਨਾਮ ਪਲੇਟ ਵਾਲੀ ਚਿੱਟੀ ਕਮੀਜ਼ ਅਤੇ ਕਾਲੇ ਰੰਗ ਦੀ ਪੈਂਟ ਪਹਿਨ ਸਕਦੇ ਹਨ। ਇਸ ਨੀਤੀ ਵਿਚ ਡਰੈੱਸ ਕੋਡ ਦਿਨ ਦੇ 24 ਘੰਟੇ, ਹਫ਼ਤੇ ਦੇ 7 ਦਿਨ, ਵੀਕਐਂਡ, ਸ਼ਾਮ ਅਤੇ ਰਾਤ ਦੀਆਂ ਸ਼ਿਫਟਾਂ ਸਮੇਤ ਲਾਗੂ ਹੋਵੇਗਾ। ਕੱਪੜੇ ਠੀਕ ਤਰ੍ਹਾਂ ਫਿੱਟ ਹੋਣੇ ਚਾਹੀਦੇ ਹਨ ਅਤੇ ਤੰਗ ਜਾਂ ਢਿੱਲੇ ਨਹੀਂ ਹੋਣੇ ਚਾਹੀਦੇ।
ਹਰਿਆਣਾ ਦੇ ਸਿਹਤ ਵਿਭਾਗ ਵਲੋਂ ਲਾਗੂ ਕੀਤੇ ਗਏ ਡਰੈੱਸ ਕੋਡ ਵਿਚ ਹੇਅਰ ਸਟਾਈਲ ਅਤੇ ਨਹੁੰਆਂ ਬਾਰੇ ਵੀ ਦਿਸ਼ਾ-ਨਿਰਦੇਸ਼ ਦਿਤੇ ਗਏ ਹਨ। ਇਸ ਤਹਿਤ ਮਰਦ ਕਰਮਚਾਰੀ ਦੇ ਵਾਲ ਕਾਲਰ ਦੀ ਲੰਬਾਈ ਤੋਂ ਵੱਧ ਨਹੀਂ ਹੋਣੇ ਚਾਹੀਦੇ। ਇਸੇ ਤਰ੍ਹਾਂ ਨਹੁੰਆਂ ਲਈ ਵੱਖਰੇ ਨਿਯਮ ਦਿਤੇ ਗਏ ਹਨ, ਕਰਮਚਾਰੀਆਂ ਦੇ ਨਹੁੰ ਬਿਲਕੁਲ ਸਾਫ਼, ਕੱਟੇ ਹੋਏ ਹੋਣੇ ਚਾਹੀਦੇ ਹਨ।
ਜੀਨਸ, ਡੈਨੀਮ ਸਕਰਟ ਅਤੇ ਕਿਸੇ ਵੀ ਰੰਗ ਦੇ ਡੈਨੀਮ ਪਹਿਰਾਵੇ ਨੂੰ ਪੇਸ਼ੇਵਰ ਪਹਿਰਾਵਾ ਨਹੀਂ ਮੰਨਿਆ ਜਾਵੇਗਾ ਅਤੇ ਡਰੈੱਸ ਕੋਡ ਵਿਚ ਪਹਿਨਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਸਵੈਟ ਸ਼ਰਟ, ਸਵੈਟ ਸੂਟ, ਸ਼ਾਰਟਸ ਦੀ ਵੀ ਇਜਾਜ਼ਤ ਨਹੀਂ ਹੋਵੇਗੀ। ਸਲੈਕਸ, ਡਰੈੱਸ, ਸਕਰਟ ਅਤੇ ਪਲਾਜ਼ੋ ਪਹਿਨਣ ਦੀ ਵੀ ਇਜਾਜ਼ਤ ਨਹੀਂ ਹੋਵੇਗੀ।
ਇਸੇ ਤਰ੍ਹਾਂ ਹੀ ਟੀ-ਸ਼ਰਟ, ਸਟ੍ਰੈਚ ਟੀ-ਸ਼ਰਟ, ਸਟ੍ਰੈਚ ਪੈਂਟ, ਫਿਟਿੰਗ ਪੈਂਟ, ਚਮੜੇ ਦੀਆਂ ਪੈਂਟਾਂ, ਕੈਪਰੀ, ਸਵੈਟਪੈਂਟ, ਟੈਂਕ ਟਾਪ, ਸਟ੍ਰੈਪਲੇਸ, ਬੈਕਲੈੱਸ ਟਾਪ, ਡਰੈੱਸ, ਟਾਪ, ਕ੍ਰਾਪ ਟਾਪ, ਆਫ ਸ਼ੋਲਡਰ ਬਲਾਊਜ਼, ਸਨੀਕਰ, ਚੱਪਲਾਂ ਆਦਿ ਦੀ ਇਜਾਜ਼ਤ ਨਹੀਂ ਹੋਵੇਗੀ। ਜੁੱਤੀਆਂ ਸਬੰਧੀ ਨੀਤੀ ਅਨੁਸਾਰ ਜੁੱਤੀਆਂ ਕਾਲੀਆਂ, ਆਰਾਮਦਾਇਕ, ਹਰ ਤਰ੍ਹਾਂ ਦੀ ਸਜਾਵਟ ਤੋਂ ਮੁਕਤ ਹੋਣੀਆਂ ਅਤੇ ਸਾਫ਼ ਹੋਣੀਆਂ ਚਾਹੀਦੀਆਂ ਹਨ।
ਇਸ ਤੋਂ ਇਲਾਵਾ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀ.ਪੀ.ਪੀ.) ਸੇਵਾਵਾਂ ਦੇ ਤਹਿਤ ਕੰਮ ਕਰਨ ਵਾਲੇ ਕਰਮਚਾਰੀ ਨੇਮ ਪਲੇਟਾਂ ਦੇ ਨਾਲ ਡਰੈਸ ਕੋਡ ਦੀ ਅਪਣੀ ਪ੍ਰਣਾਲੀ ਦੇ ਨਾਲ ਡਿਊਟੀ 'ਤੇ ਹੋਣਗੇ। ਸਾਰੇ ਸਿਵਲ ਸਰਜਨ ਵੱਖ-ਵੱਖ ਸਿਹਤ ਸਹੂਲਤਾਂ ਵਿਚ ਕੰਮ ਕਰਨ ਵਾਲੇ ਸਟਾਫ ਲਈ ਪ੍ਰਵਾਨਿਤ ਅਹੁਦੇ ਅਨੁਸਾਰ ਡਰੈੱਸ ਕਲਰ ਕੋਡ ਨੂੰ ਯਕੀਨੀ ਬਣਾਉਣਗੇ।
(For more Punjabi news apart from Dress code for Haryana hospital staff, stay tuned to Rozana Spokesman)