ਅੱਜ ਦਿੱਲੀ ਹਵਾਈ ਅੱਡੇ 'ਤੇ ਪਹੁੰਚੇਗੀ ਮ੍ਰਿਤਕ ਦੇਹ
ਹਰਿਆਣਾ: ਰੂਸ ਦੀ ਫੌਜ ਵਿੱਚ ਧੋਖੇ ਨਾਲ ਭਰਤੀ ਕਰਨ ਮਗਰੋਂ ਯੂਕਰੇਨ ਦੀ ਜੰਗ ਵਿੱਚ ਧੱਕੇ ਗਏ ਹਿਸਾਰ ਜ਼ਿਲ੍ਹੇ ਦੇ ਪਿੰਡ ਮਦਨਹੇੜੀ ਦੇ ਦੋ ਨੌਜਵਾਨਾਂ ’ਚੋਂ ਇੱਕ ਸੋਨੂੰ (28) ਦੀ ਮੌਤ ਹੋ ਗਈ ਹੈ। ਉਸ ਦੀ ਲਾਸ਼ ਬੁੱਧਵਾਰ ਸਵੇਰੇ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਲਿਆਂਦੀ ਜਾਵੇਗੀ। ਰੂਸ ਸਥਿਤ ਭਾਰਤੀ ਦੂਤਘਰ ਅਤੇ ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਸੋਨੂੰ ਦੇ ਪਰਿਵਾਰ ਨੂੰ ਇਸ ਬਾਰੇ ਸੂਚਨਾ ਦਿੱਤੀ ਹੈ। ਦੂਜੇ ਨੌਜਵਾਨ ਅਮਨ (24) ਬਾਰੇ ਸੂਚਨਾ ਮਿਲੀ ਹੈ ਕਿ ਉਹ ਜੰਗ ਵਿੱਚ ਜ਼ਖਮੀ ਹੋ ਚੁੱਕਾ ਹੈ। ਉਸ ਨੇ ਆਪਣੀ ਵੀਡੀਓ ਤੇ ਫੋਟੋ ਪਰਿਵਾਰ ਨੂੰ ਭੇਜ ਕੇ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ।
ਸੋਨੂੰ ਦੇ ਚਾਚਾ ਅਨਿਲ ਨੇ ਦੱਸਿਆ ਕਿ ਉਹ ਰੂਸ ਸਥਿਤ ਭਾਰਤੀ ਦੂਤਘਰ ਦੇ ਐਮਰਜੈਂਸੀ ਨੰਬਰ ’ਤੇ ਲਗਾਤਾਰ ਰਾਬਤਾ ਕਰਦੇ ਆ ਰਹੇ ਹਨ। ਲੰਘੇ ਦਿਨ ਉੱਥੋਂ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਉਹ ਮੰਗਲਵਾਰ ਨੂੰ ਸਟੀਕ ਜਾਣਕਾਰੀ ਦੇਣਗੇ। ਇਸ ਮਗਰੋਂ ਅੱਜ ਨੂੰ ਉਨ੍ਹਾਂ ਨੇ ਰੂਸ-ਯੂਕਰੇਨ ਜੰਗ ਵਿੱਚ ਸੋਨੂੰ ਦੀ ਮੌਤ ਹੋਣ ਤੇ ਉਸ ਦੀ ਲਾਸ਼ ਭੇਜਣ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਦਿੱਲੀ ਹਵਾਈ ਅੱਡੇ ਤੋਂ ਵੀ ਅਧਿਕਾਰੀਆਂ ਦਾ ਫੋਨ ਆਇਆ ਅਤੇ ਉਨ੍ਹਾਂ ਨੂੰ ਬੁੱਧਵਾਰ ਸਵੇਰੇ 5 ਵਜੇ ਹਵਾਈ ਅੱਡੇ ’ਤੇ ਪਹੁੰਚਣ ਲਈ ਕਿਹਾ ਗਿਆ।
