ਫਾਈਟਰ ਸੂਟ ਪਹਿਨ ਕੇ ਰਾਸ਼ਟਰਪਤੀ ਨੇੇ ਰਚਿਆ ਇਤਿਹਾਸ
ਅੰਬਾਲਾ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਬੁੱਧਵਾਰ ਨੂੰ ਸਵੇਰੇ ਹਰਿਆਣਾ ਦੇ ਅੰਬਾਲਾ ਹਵਾਈ ਫੌਜ ਸਟੇਸ਼ਨ ਤੋਂ ਰਾਫੇਲ ਲੜਾਕੂ ਜਹਾਜ਼ ਉਡਾ ਕੇ ਇਤਿਹਾਸ ਰਚ ਦਿੱਤਾ। ਇਸ ਮੌਕੇ ’ਤੇ ਭਾਰਤੀ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਏ.ਪੀ. ਸਿੰਘ ਅਤੇ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ। ਰਾਸ਼ਟਰਪਤੀ ਦਰੋਪਦੀ ਮੁਰਮੂ ਬੁੱਧਵਾਰ ਨੂੰ ਹਵਾਈ ਫੌਜ ਵੱਲੋਂ ਆਯੋਜਿਤ ਇੱਕ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਤੋਂ ਬਾਅਦ ਲੜਾਕੂ ਜੈੱਟ ਸੂਟ ਪਹਿਨ ਕੇ ਰਾਸ਼ਟਰਪਤੀ ਮੁਰਮੂ ਨੇ ਰਾਫੇਲ ਜਹਾਜ਼ ਉਡਾਇਆ। ਰਾਫੇਲ ਵਿੱਚ ਰਾਸ਼ਟਰਪਤੀ ਮੁਰਮੂ ਦੀ ਉਡਾਣ ਉਨ੍ਹਾਂ ਦੀ ਦਲੇਰ ਲੀਡਰਸ਼ਿਪ ਸ਼ੈਲੀ ਦਾ ਪ੍ਰਤੀਕ ਹੈ ਬਲਕਿ ਭਾਰਤ ਦੀ ਵਧਦੀ ਰੱਖਿਆ ਸਮਰਥਾ ਅਤੇ ਆਤਮ ਨਿਰਭਰ ਭਾਰਤ ਦੇ ਸੰਕਲਪ ਨੂੰ ਵੀ ਦੁਨੀਆ ਦੇ ਸਾਹਮਣੇ ਪ੍ਰਦਰਸ਼ਿਤ ਕਰਦੀ ਹੈ।
2
ਇਸ ਤੋਂ ਪਹਿਲਾਂ 8 ਅਪ੍ਰੈਲ 2023 ਨੂੰ ਰਾਸ਼ਟਰਪਤੀ ਮੁਰਮੂ ਨੇ ਅਸਮ ਦੇ ਤੇਜਪੁਰ ਏਅਰ ਫੋਰਸ ਸਟੇਸ਼ਨ ਤੋਂ ਸੁਖੋਈ-30 ਐਮ.ਕੇ.ਆਈ. ਲੜਾਕੂ ਜਹਾਜ਼ ’ਚ ਉਡਾਣ ਭਰੀ ਸੀ। ਇਸੇ ਦੇ ਨਾਲ ਹੀ ਉਹ ਲੜਾਕੂ ਜਹਾਜ਼ ’ਚ ਉਡਾਣ ਭਰਨ ਵਾਲੇ ਭਾਰਤ ਦੇ ਤੀਜੇ ਰਾਸ਼ਟਰਪਤੀ ਅਤੇ ਦੂਜੇ ਮਹਿਲਾ ਰਾਸ਼ਟਰਪਤੀ ਹਨ। ਉਨ੍ਹਾਂ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਅਤੇ ਪ੍ਰਤਿਭਾ ਪਾਟਿਲ ਨੇ ਵੀ ਸੁਖੋਈ-30 ਐਮ.ਕੇ.ਆਈ. ਲੜਾਕੂ ਜਹਾਜ਼ ’ਚ ਉਡਾਣ ਭਰੀ ਸੀ।


ਜ਼ਿਕਰਯੋਗ ਹੈ ਕਿ ਫਰਾਂਸੀਸੀ ਏਅਰੋਸਪੇਸ ਪ੍ਰਮੁੱਖ ਡਸਾਲਟ ਐਵੀਏਸ਼ਨ ਵੱਲੋਂ ਬਣਾਇਆ ਰਾਫੇਲ ਲੜਾਕੂ ਜਹਾਜ਼ ਸਤੰਬਰ 2020 ’ਚ ਅੰਬਾਲਾ ਏਅਰ ਫੋਰਸ ਸਟੇਸ਼ਨ ’ਤੇ ਭਾਰਤੀ ਹਵਾਈ ਫੌਜ ਵਿਚ ਸ਼ਾਮਲ ਹੋਇਆ ਸੀ। ਫਰਾਂਸ ਤੋਂ 27 ਜੁਲਾਈ 2020 ਨੂੰ ਆਏ ਪਹਿਲੇ ਪੰਜ ਰਾਫ਼ੇਲ ਜਹਾਜ਼ਾਂ ਨੂੰ 17 ਸਕਵੈਡਰਨ ‘ਗੋਲਡਨ ਰੋਜ਼’ ਵਿਚ ਸ਼ਾਮਲ ਕੀਤਾ ਗਿਆ। ਇਹ ਲੜਾਕੂ ਜਹਾਜ਼ ਭਾਰਤੀ ਹਵਾਈ ਫ਼ੌਜ ਦੀ ਤਾਕਤ ਦਾ ਅਹਿਮ ਹਿੱਸਾ ਹੈ। ਰਾਫੇਲ ਜੈਟ ਦੀ ਵਰਤੋਂ ਅਪ੍ਰੇਸ਼ਨ ਸਿੰਦੂਰ ’ਚ ਕੀਤਾ ਗਿਆ ਅਤੇ ਪਾਕਿਸਤਾਨ ਸਥਿਤ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕੀਤਾ ਗਿਆ। ਇਸ ਤੋਂ ਪਹਿਲਾਂ ਰਾਸ਼ਟਰਪਤੀ ਦਰੋਪਦੀ ਮੁਰਮੂ ਅੰਬਾਲਾ ਸਥਿਤ ਏਅਰ ਫੋਰਸ ਸਟੇਸ਼ਨ ’ਤੇ ਪਹੁੰਚੇ ਜਿੱਥੇ ਭਾਰਤੀ ਹਵਾਈ ਫ਼ੌਜ ਵੱਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ।
