
ਕਾਬੁਲ, 2 ਜਨਵਰੀ : ਅਫ਼ਗ਼ਾਨਿਸਤਾਨ ਦੇ ਪੂਰਬੀ ਹਿੱਸੇ 'ਚ ਸੁਰੱਖਿਆ ਫ਼ੌਜ ਦੀ ਕਾਰਵਾਈ ਵਿਚ ਆਈ.ਐਸ. ਦੇ 65 ਅਤਿਵਾਦੀ ਮਾਰੇ ਗਏ। ਅਫ਼ਗ਼ਾਨਿਸਤਾਨ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕੀਤੀ।ਨਾਂਗਰਹਾਰ ਸੂਬੇ 'ਚ ਸਰਕਾਰ ਦੇ ਬੁਲਾਰੇ ਅਤਾਉੱਲਾ ਖੋਗਯਾਨੀ ਨੇ ਦਸਿਆ ਕਿ ਹਸਕਾ ਮੀਨਾ ਜ਼ਿਲ੍ਹੇ ਦੇ ਗੋਰਗੋਰੇ ਅਤੇ ਵੰਗੋਰਾ ਇਲਾਕੇ 'ਚ ਹਵਾਈ ਮੁਹਿੰਮ ਵੀ ਚਲਾਈ ਗਈ।
ਬੁਲਾਰੇ ਨੇ ਦਸਿਆ ਕਿ ਮੁਹਿੰਮ 'ਚ ਇਸਲਾਮਿਕ ਸਟੇਟ ਦੇ 65 ਅਤਿਵਾਦੀ ਮਾਰੇ ਗਏ ਹਨ। ਇਸ ਮੁਹਿੰਮ ਦੌਰਾਨ ਇਕ ਆਮ ਨਾਗਰਿਕ ਦੀ ਵੀ ਮੌਤ ਹੋ ਗਈ ਅਤੇ 13 ਹੋਰ ਜ਼ਖ਼ਮੀ ਹੋ ਗਏ।
ਇਸਲਾਮਿਕ ਸਟੇਟ ਵਲੋਂ ਇਸ ਘਟਨਾ ਬਾਰੇ ਕੋਈ ਬਿਆਨ ਨਹੀਂ ਆਇਆ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਅਮਰੀਕਾ ਦੇ ਇਕ ਡਰੋਨ ਹਮਲੇ 'ਚ ਨਾਂਗਰਹਾਰ ਸੂਬੇ ਦੇ ਪੂਰਬੀ ਹਿੱਸੇ ਵਿਚ ਇਸਲਾਮਿਕ ਸਟੇਟ ਦੇ 11 ਅਤਿਵਾਦੀ ਮਾਰੇ ਗਏ ਸਨ।
ਆਈ.ਐਸ. ਨੇ ਕੁਝ ਹੀ ਦਿਨ ਪਹਿਲਾਂ ਅਫ਼ਗ਼ਾਨਿਸਤਾਨ ਦੇ ਨਾਲ ਕਸ਼ਮੀਰ 'ਚ ਨਵੇਂ ਹਮਲੇ ਦੀ ਧਮਕੀ ਦਿਤੀ ਸੀ। ਆਈ.ਐਸ. ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਵਾਲੇ ਕੌਮਾਂਤਰੀ ਜਾਣਕਾਰ ਮੰਨ ਰਹੇ ਹਨ ਕਿ ਅਕਤੂਬਰ 2017 ਤੋਂ ਲੈ ਕੇ ਹੁਣ ਤਕ ਆਈ.ਐਸ. ਨੇ 7 ਵੱਡੇ ਹਮਲੇ ਕੀਤੇ ਹਨ। ਇਨ੍ਹਾਂ 'ਚ 130 ਲੋਕਾਂ ਦੀ ਮੌਤ ਹੋ ਚੁਕੀ ਹੈ। ਸਿਰਫ਼ ਦਸੰਬਰ ਦੇ ਮਹੀਨੇ 'ਚ ਹੀ ਚਾਰ ਹਮਲੇ ਹੋ ਚੁਕੇ ਹਨ।