
ਕਾਬੁਲ/ਵਾਸ਼ਿੰਗਟਨ, 16 ਜਨਵਰੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਪਣੀਆਂ ਨੀਤੀਆਂ ਕਾਰਨ ਅਕਸਰ ਵਿਵਾਦਾਂ ਵਿਚ ਰਹਿੰਦੇ ਹਨ। ਹੁਣ ਅਫ਼ਗ਼ਾਨਿਸਤਾਨ ਵਲੋਂ ਟਰੰਪ ਦੀਆਂ ਨੀਤੀਆਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ ਹੈ। ਅਫ਼ਗ਼ਾਨਿਸਤਾਨ ਦੇ ਲੋਗਾਰ ਰਾਜ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 'ਬ੍ਰੇਵਰੀ ਐਵਾਰਡ' (ਬਹਾਦਰੀ ਮੈਡਲ) ਨਾਲ ਸਨਮਾਨਤ ਕੀਤਾ ਹੈ। ਇਹ ਬਹਾਦਰੀ ਪੁਰਸਕਾਰ ਉਨ੍ਹਾਂ ਨੂੰ ਹਾਲ ਹੀ ਵਿਚ ਪਾਕਿਸਤਾਨ ਵਿਰੁਧ ਚੁੱਕੇ ਗਏ ਕਦਮ ਲਈ ਦਿਤਾ ਗਿਆ ਹੈ। ਟਰੰਪ ਨੇ ਅਪਣੇ ਇਸ ਕਦਮ ਵਿਚ ਪਾਕਿਸਤਾਨ ਨੂੰ ਦਿਤੀ ਜਾਣ ਵਾਲੀ ਆਰਥਕ ਮਦਦ ਦੇਣ ਤੋਂ ਇਨਕਾਰ ਕੀਤਾ ਹੈ। ਲੋਗਾਰ ਦੇ ਇਕ ਸਥਾਨਕ ਨੇਤਾ ਸਈਦ ਫ਼ਰਹਦ ਅਕਬਰੀ ਨੇ ਇਕ ਬਿਆਨ 'ਚ ਕਿਹਾ ਕਿ ਇਹ ਮੈਡਲ ਉਪਲੱਬਧ ਸੋਨੇ ਤੋਂ ਹੱਥ ਨਾਲ ਬਣਿਆ ਹੋਇਆ ਹੈ।
ਇਸ ਬਹਾਦਰੀ ਪੁਰਸਕਾਰ ਨੂੰ ਕਾਬੁਲ ਸਥਿਤ ਸੰਯੁਕਤ ਰਾਜ ਅਮਰੀਕਾ ਦੇ ਦੂਤਘਰ ਨੂੰ ਸੌਂਪਿਆ ਗਿਆ ਹੈ। ਸਥਾਨਕ ਨੇਤਾ ਸਈਦ ਫਰਹਦ ਅਕਬਰੀ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਦੂਤਘਰ ਦੇ ਅਧਿਕਾਰੀਆਂ ਨੇ ਵਾਅਦਾ ਕੀਤਾ ਹੈ ਕਿ ਉਹ ਇਸ ਐਵਾਰਡ ਨੂੰ ਛੇਤੀ ਹੀ ਡੋਨਾਲਡ ਟਰੰਪ ਨੂੰ ਸੌਂਪ ਦੇਣਗੇ।ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਪਾਕਿਸਤਾਨ ਨੂੰ ਅਤਿਵਾਦ 'ਤੇ ਪਿਛਲੇ ਦਿਨੀਂ ਝਾੜ ਲਗਾਈ ਸੀ। ਟਰੰਪ ਨੇ ਪਾਕਿਸਤਾਨ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਸੀ, ''ਪਾਕਿਸਤਾਨ ਸਿਰਫ਼ ਵਿਖਾਵੇ ਲਈ ਅਤਿਵਾਦੀਆਂ ਵਿਰੁਧ ਕਾਰਵਾਈ ਕਰਦਾ ਹੈ। ਅਸੀਂ ਪਾਕਿਸਤਾਨ 'ਤੇ ਭਰੋਸਾ ਕਰ ਕੇ ਪਿਛਲੇ 15 ਸਾਲਾਂ 'ਚ 33 ਅਰਬ ਡਾਲਰ ਤੋਂ ਵੱਧ ਦੀ ਮਦਦ ਕਰ ਚੁਕੇ ਹਾਂ, ਪਰ ਪਾਕਿਸਤਾਨ ਨੇ ਝੁਠ ਬੋਲਣ ਦਾ ਇਕ ਵੀ ਮੌਕਾ ਨਹੀਂ ਛਡਿਆ।'' (ਪੀਟੀਆਈ)