
ਵਾਸ਼ਿੰਗਟਨ, 9 ਜਨਵਰੀ : ਅਮਰੀਕਾ 'ਚ ਨੌਕਰੀ ਅਤੇ ਦੂਜੇ ਕੰਮਾਂ ਲਈ ਗਏ ਭਾਰਤੀ ਨਾਗਰਿਕਾਂ ਲਈ ਰਾਹਤ ਭਰੀ ਖ਼ਬਰ ਹੈ। ਅਮਰੀਕੀ ਪ੍ਰਸ਼ਾਸਨ ਨੇ ਸਾਫ਼ ਕਰ ਦਿਤਾ ਹੈ ਕਿ ਟਰੰਪ ਸਰਕਾਰ ਐਚ1ਬੀ ਵੀਜ਼ਾ 'ਤੇ ਰਹਿ ਰਹੇ ਲੋਕਾਂ ਨੂੰ ਦੇਸ਼ 'ਚੋਂ ਕੱਢਣ ਲਈ ਕਿਸੇ ਪ੍ਰਸਤਾਵ 'ਤੇ ਵਿਚਾਰ ਨਹੀਂ ਕਰ ਰਹੀ ਹੈ। ਇਹ ਜਾਣਕਾਰੀ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ (ਯੂ.ਐਸ.ਸੀ.ਆਈ.ਐਸ.) ਵਿਭਾਗ ਨੇ ਦਿਤੀ।ਯੂ.ਐਸ.ਸੀ.ਆਈ.ਐਸ. 'ਚ ਮੀਡੀਆ ਰਿਲੇਸ਼ਨਸ ਦੇ ਚੀਫ਼ ਆਫ਼ ਜੋਨਾਥਨ ਵਿਦਿੰਗਟਨ ਨੇ ਕਿਹਾ, ''ਯੂ.ਐਸ.ਸੀ.ਆਈ.ਐਸ. ਅਜਿਹੇ ਕਿਸੇ ਪਰਿਵਰਤਨ 'ਤੇ ਵਿਚਾਰ ਨਹੀਂ ਕਰ ਰਿਹਾ ਹੈ, ਜੋ ਐਚ1ਬੀ ਵੀਜ਼ਾ ਧਾਰਕਾਂ ਨੂੰ ਸੰਯੁਕਤ ਰਾਜ ਛੱਡਣ ਲਈ ਮਜ਼ਬੂਰ ਕਰੇ। ਕਾਨੂੰਨ ਉਨ੍ਹਾਂ ਨੂੰ ਐਚ1ਬੀ 'ਚ 6 ਸਾਲ ਦੀ ਸੀਮਾ ਤੋਂ ਜ਼ਿਆਦਾ ਵਾਧੇ ਦੀ ਮਨਜ਼ੂਰੀ ਪ੍ਰਧਾਨ ਕਰਦਾ ਹੈ।''
ਦੱਸਣਯੋਗ ਹੈ ਕਿ ਕਈ ਅਮਰੀਕੀ ਸੰਸਦ ਮੈਂਬਰਾਂ ਅਤੇ ਸੰਗਠਨਾਂ ਨੇ ਟਰੰਪ ਪ੍ਰਸ਼ਾਸਨ ਦੇ ਉਸ ਪ੍ਰਸਤਾਵ ਦੀ ਆਲੋਚਨਾ ਕੀਤੀ ਸੀ, ਜਿਸ 'ਚ ਐਚ1ਬੀ ਵੀਜ਼ਾ ਦਾ ਐਕਸਟੈਂਸ਼ਨ ਰੋਕਣ ਦੀ ਗੱਲ ਕਹੀ ਗਈ ਸੀ। ਵੀਜ਼ਾ ਨਿਯਮ ਸਖ਼ਤ ਹੋਣ ਨਾਲ ਲਗਭਗ 7.5 ਲੱਖ ਭਾਰਤੀਆਂ ਨੂੰ ਅਮਰੀਕਾ ਛੱਡ ਕੇ ਦੇਸ਼ ਪਰਤਨਾ ਪੈ ਸਕਦਾ ਸੀ।
ਹਾਲਾਂਕਿ ਇਸ ਐਲਾਨ ਤੋਂ ਬਾਅਦ ਅਮਰੀਕਾ 'ਚ ਕੰਮ ਕਰ ਰਹੇ ਅਤੇ ਭਾਰਤ ਤੋਂ ਅਮਰੀਕਾ ਜਾ ਕੇ ਕੰਮ ਕਰਨ ਦਾ ਸੁਪਨਾ ਵੇਖਣ ਵਾਲੇ ਭਾਰਤੀਆਂ ਲਈ ਇਹ ਬਹੁਤ ਹੀ ਰਾਹਤ ਦੀ ਖ਼ਬਰ ਹੈ। ਕਈ ਅਮਰੀਕੀ ਆਈ.ਟੀ. ਕੰਪਨੀਆਂ, ਫੇਸਬੁਕ, ਗੂਗਲ, ਸਾਈਕ੍ਰੋਸਾਫ਼ਟ ਜਿਹੀ ਕੰਪਨੀਆਂ 'ਚ ਲੱਖਾਂ ਭਾਰਤੀ ਕੰਮ ਕਰ ਰਹੇ ਹਨ, ਜੋ ਗ੍ਰੀਨ ਕਾਰਡ ਰਾਹੀਂ ਅਮਰੀਕਾ ਆਉਂਦੇ ਹਨ। (ਪੀਟੀਆਈ)