
ਸਰੀਂ: ਅੱਜਕੱਲ੍ਹ ਰਿਸ਼ਤਿਆਂ ਵਿਚ ਇੰਨੀ ਜ਼ਿਆਦਾ ਨਫ਼ਰਤ ਵਧਦੀ ਜਾ ਰਹੀ ਹੈ ਕਿ ਹਰ ਕੋਈ ਪੈਸੇ ਦਾ ਪੁੱਤ ਬਣਦਾ ਜਾ ਰਿਹਾ ਹੈ, ਜ਼ਮੀਨ ਜਾਇਦਾਦ ਅਤੇ ਪੈਸੇ ਦੇ ਲਾਲਚ 'ਚ ਕਦੋਂ ਖ਼ੂਨ ਦਾ ਪਾਣੀ ਬਣ ਜਾਵੇ ਇਹ ਪਤਾ ਨਹੀਂ ਚਲਦਾ। ਅਜਿਹਾ ਹੀ ਦਰਦ ਕੈਨੇਡਾ ਦੇ ਸ਼ਹਿਰ ਸਰੀਂ ਵਿਚ ਰਹਿਣ ਵਾਲੇ ਐੱਨਆਰਆਈ ਰਾਜਵਿੰਦਰ ਸਿੰਘ ਮਾਨ ਨੇ ਬਿਆਨ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਉਹ ਵੀ ਆਪਣਿਆਂ ਵੱਲੋਂ ਕੀਤੀ ਗਈ ਠੱਗੀ ਦਾ ਸ਼ਿਕਾਰ ਹੋਇਆ ਹੈ, ਜਿਸ ਨੇ ਉਸ ਨੂੰ ਕਾਫ਼ੀ ਦੁੱਖ ਪਹੁੰਚਾਇਆ ਹੈ।
ਪਿਛਲੇ ਕਰੀਬ 30 ਸਾਲ ਤੋਂ ਕੈਨੇਡਾ ਦੇ ਸਰੀਂ ਸ਼ਹਿਰ ਵਿਚ ਰਹਿ ਰਹੇ ਰਾਜਵਿੰਦਰ ਸਿੰਘ ਮਾਨ ਕੈਨੇਡੀਅਨ ਸਿਟੀਜ਼ਨ ਹਨ, ਉਹ ਇੱਥੇ ਘਰਾਂ ਦੀ ਕੰਸਟਰੱਕਸ਼ਨ ਦਾ ਕੰਮ ਕਰ ਰਹੇ ਹਨ। ਮਾਨ ਨੇ ਆਪਣੇ ਨਾਲ ਹੋਈ ਧੋਖੇਬਾਜ਼ੀ ਬਾਰੇ ਦੱਸਦਿਆਂ ਕਿਹਾ ਕਿ ਭਾਵੇਂ ਪੰਜਾਬ ਵਿਚ ਸਰਕਾਰਾਂ ਐੱਨਆਰਆਈਜ਼ ਦੀਆਂ ਜਾਇਦਾਦਾਂ ਦੀ ਰਖਵਾਲੀ ਕਰਨ ਦੀ ਗਰੰਟੀ ਦਿੰਦੀਆਂ ਹਨ ਪਰ ਅਸਲ ਹਕੀਕਤ ਕੁਝ ਹੋਰ ਹੀ ਹੈ। ਉਸ ਨੇ ਦੱਸਿਆ ਕਿ ਉਸ ਨੇ ਆਪਣੇ ਸਕੇ ਭਰਾ ਹਰਿੰਦਰ ਸਿੰਘ ਮਾਨ ਉਰਫ ਕਿੱਟੂ ਮਾਨ 'ਤੇ ਵਿਸ਼ਵਾਸ ਕਰ ਕੇ ਉਸਨੂੰ ‘ਪਾਵਰ ਆਫ ਅਟਾਰਨੀ’ ਦਿੱਤੀ ਹੋਈ ਸੀ ਪਰ ਉਸਨੇ ਉਸ ਦਾ ਨਾਜਾਇਜ਼ ਫਾਇਦਾ ਉਠਾ ਕੇ ਉਸ ਨੂੰ ਧੋਖੇ ਵਿਚ ਰੱਖਿਆ।
ਪੀੜਤ ਐੱਨਆਰਆਈ ਨੇ ਦੱਸਿਆ ਕਿ ਸਤੰਬਰ 2016 ਵਿਚ ਮੇਰਾ ਭਰਾ ਇੱਥੇ ਕੈਨੇਡਾ ਮੇਰੇ ਕੋਲ ਆਇਆ ਸੀ। ਉਸ ਨੇ ਕਿਹਾ ਕਿ ਸਾਡੇ ਪਿਤਾ ਜੀ ਸਮੇਤ ਸਾਰੇ ਪਰਿਵਾਰ ਨੇ 25 ਸਤੰਬਰ ਨੂੰ ਬੈਠ ਕੇ ਪੰਜਾਬ ਵਿਚਲੀ ਜਾਇਦਾਦ ਦਾ ਸਾਰਾ ਹਿਸਾਬ ਕਿਤਾਬ ਨਿਪਟਾ ਦਿੱਤਾ ਸੀ ਪਰ ਉਸ ਹਿਸਾਬ ਕਿਤਾਬ ਵਿਚ ਵੀ ਮੇਰੇ ਨਾਲ ਧੋਖਾ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਇਸ ਦੌਰਾਨ ਜੋ ਉਨ੍ਹਾਂ ਦੇ ਪਿਤਾ ਨਰੰਜਨ ਸਿੰਘ ਮਾਨ ਵੱਲੋਂ 25 ਸਤੰਬਰ 2016 ਤਰੀਕ ਨੂੰ ਆਪਣੇ ਹੱਥ ਲਿਖਤ ਇਕਰਾਰਨਾਮੇ 'ਤੇ ਭਰਾ ਹਰਿੰਦਰ ਸਿੰਘ ਨੇ ਵੀ ਦਸਤਖ਼ਤ ਕੀਤੇ ਹੋਏ ਹਨ।
ਉਸ ਨੇ ਅੱਗੇ ਦੱਸਿਆ ਕਿ ਜਲੰਧਰ ਦੇ ਗੋਲਡਨ ਅਵੈਨਿਊ ਗੜ੍ਹਾ ਰੋਡ ਵਿਖੇ ਉਨ੍ਹਾਂ ਦੀ ਸਾਂਝੀ ਕੋਠੀ ਹੈ, ਜਿਹੜੀ ਅੱਧੀ ਮੇਰੇ ਨਾਂਅ 'ਤੇ ਅੱਧੀ ਮੇਰੇ ਭਰਾ ਅਤੇ ਭਤੀਜੇ ਦੇ ਨਾਂਅ 'ਤੇ ਹੈ। ਰਾਜਵਿੰਦਰ ਅਨੁਸਾਰ ਉਸ ਦੇ ਭਰਾ ਨੇ ਨਕਦ ਪੈਸੇ ਨਾ ਹੋਣ ਦੀ ਗੱਲ ਆਖਦਿਆਂ ਕਿਹਾ ਕਿ ਉਹ ਉਸ ਦਾ ਹਿੱਸਾ ਵੀ ਆਪਣੇ ਨਾਂਅ 'ਤੇ ਕਰਵਾ ਲਵੇ, ਉਹ ਇੰਡੀਆ ਜਾ ਕੇ ਆਪਣਾ ਅੱਧਾ ਹਿੱਸਾ ਉਸ ਦੇ ਨਾਂਅ 'ਤੇ ਕਰ ਦੇਵਾਂਗਾ। ਉਸ ਨੇ ਦੱਸਿਆ ਕਿ ਉਸ ਨੇ ਇੱਕ ਸਾਲ ਤੱਕ ਉਡੀਕ ਕੀਤੀ ਪਰ ਉਸ ਦੇ ਭਰਾ ਨੇ ਰਜਿਸਟਰੀ ਉਸ ਦੇ ਨਾਮ 'ਤੇ ਨਹੀਂ ਕੀਤੀ।
ਪੀੜਤ ਐੱਨਆਰਆਈ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੇ ਜਦੋਂ ਆਪਣੀ ਕੋਠੀ ਦੀ ਫਰਦ ਚੈੱਕ ਕੀਤੀ ਤਾਂ ਪਤਾ ਲੱਗਿਆ ਕਿ ਉਸ ਦੇ ਭਰਾ ਨੇ ਮੈਨੂੰ ਦੱਸੇ ਬਿਨਾ ਉਸ ਕੋਠੀ 'ਤੇ 70 ਲੱਖ ਰੁਪਏ ਦਾ ਪੰਜਾਬ ਨੈਸ਼ਨਲ ਬੈਂਕ ਡਿਫੈਂਸ ਕਲੋਨੀ ਜਲੰਧਰ ਤੋਂ ਕਰਜ਼ਾ ਲਿਆ ਹੋਇਆ ਸੀ। ਇਹ ਪਤਾ ਲੱਗਣ ਤੇ ਮੈਂ ਆਪਣੇ ਵੱਲੋਂ ਦਿੱਤੀ ਪਾਵਰ ਆਫ ਅਟਾਰਨੀ ਕੈਂਸਲ ਕਰਵਾ ਦਿੱਤੀ ਜੋ ਕਿ 3 ਨਵੰਬਰ 2017 ਨੂੰ ‘ਕਮਿਸ਼ਨਰ ਆਫ ਆਥ ‘ਵਿਚ ਕੈਂਸਲ ਹੋਈ ਹੈ। ਮੇਰੇ ਵਕੀਲ ਨੇ ਵੀ ਉਨ੍ਹਾਂ ਨੂੰ ਦੋ ਨੋਟਿਸ ਭੇਜੇ। ਇਸ ਸਬੰਧੀ 8 ਨਵੰਬਰ ਨੂੰ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਨੂੰ ਵੀ ਸੂਚਿਤ ਕੀਤਾ ਜੋ ਕਿ ਮੇਰੇ ਕੋਲ ਰਿਕਾਰਡ ਹਨ। ਮੈਂ ਆਪਣੇ ਪਿਤਾ ਨਿਰੰਜਨ ਸਿੰਘ ਮਾਨ ਅਤੇ ਭਰਾ ਨੂੰ ਵੀ 7 ਨਵੰਬਰ 2017 ਨੂੰ ਜਾਣੂ ਕਰਵਾ ਦਿੱਤਾ ਸੀ।
ਉਸ ਨੇ ਦੱਸਿਆ ਕਿ ਕੈਂਸਲ ਪਾਵਰ ਆਫ ਅਟਾਰਨੀ ਦੀ ਪ੍ਰਵਾਹ ਨਾ ਕਰਦਿਆਂ ਉਨ੍ਹਾਂ ਨੇ ਤਹਿਸੀਲਦਾਰ ਨੂੰ ਧੋਖੇ ਵਿਚ ਰੱਖਦਿਆਂ ਉਸਨੂੰ ਦੱਸਿਆ ਕਿ ਸਾਡੇ ਘਰ ਦੀ ਵੰਡ ਹੈ, ਉਹ ਕੋਠੀ ਮੇਰੇ ਭਤੀਜੇ ਮੁਹੱਬਤ ਪਾਲ ਸਿੰਘ ਪੁੱਤਰ ਹਰਿੰਦਰ ਸਿੰਘ ਮਾਨ ਉਰਫ ਕਿੱਟੂ ਮਾਨ ਦੇ ਨਾਂ ਕਰ ਦਿੱਤੀ। ਜਿਹੜੀ ਕੋਠੀ ਦਾ ਪਹਿਲਾਂ ਮੁੱਲ 3 ਕਰੋੜ 50 ਲੱਖ ਪਾਇਆ ਗਿਆ ਸੀ, ਉਸ ਕੋਠੀ ਦਾ ਮੁੱਲ ਪੇਪਰਾਂ ਵਿਚ ਰਜਿਸਟਰੀ ਕਰਵਾਉਣ ਲੱਗਿਆਂ, ਸਿਰਫ਼ 16 ਲੱਖ 50 ਹਜ਼ਾਰ ਰੁਪਏ ਪਾਇਆ ਗਿਆ। ਇਸ ਵਿਚ ਮੇਰਾ ਹਿੱਸਾ 8 ਲੱਖ 25 ਹਜ਼ਾਰ ਪਾਇਆ।
ਹੈਰਾਨੀ ਦੀ ਗੱਲ ਇਹ ਕਿ ਉਹ ਵੀ ਲਿਖ ਦਿੱਤਾ ਕਿ ਇਹ ਘਰੇਲੂ ਲੈਣ ਦੇਣ ਵਿਚ ਦਿੱਤਾ ਜਾ ਚੁੱਕਾ ਹੈ। ਉਸ ਨੇ ਦੱਸਿਆ ਕਿ ਹੁਣ ਮੇਰੇ ਕੋਲ ਇਕੋ ਹੀ ਚਾਰਾ ਹੈ ਕਿ ਮੈਂ ਐੱਨਆਰਆਈ ਮਹਿਕਮੇ ਕੋਲ ਆਪਣੀ ਸ਼ਿਕਾਇਤ ਦਰਜ ਕਰਵਾ ਕੇ ਅਤੇ ਕੋਰਟਾਂ ਰਾਹੀਂ ਖੱਜਲ ਹੋ ਕੇ ਆਪਣਾ ਹੱਕ ਲੈਣ ਲਈ ਜੱਦੋ ਜਹਿਦ ਕਰਾਂ। ਉਸ ਨੇ ਦੱਸਿਆ ਕਿ ਉਸ ਨੂੰ ਧਮਕੀਆਂ ਮਿਲ ਰਹੀਆਂ ਹਨ ਕਿ ਜੇਕਰ ਤੂੰ ਪੰਜਾਬ ਆਇਆ ਤਾਂ ਤੇਰੇ 'ਤੇ ਕੇਸ ਪਾ ਕੇ ਤੈਨੂੰ ਜੇਲ੍ਹ ਭਿਜਵਾ ਦੇਵਾਂਗੇ।
ਪੀੜਤ ਐੱਨਆਰਆਈ ਨੇ ਦੱਸਿਆ ਕਿ ਮੈਨੂੰ ਅਫਸੋਸ ਹੈ ਕਿ ਸਾਰੇ ਘਟਨਾਕ੍ਰਮ ਵਿਚ ਮੇਰੇ ਮਾਤਾ-ਪਿਤਾ ਸੱਚ ਦਾ ਸਾਥ ਦੇਣ ਦੀ ਬਜਾਏ ਉਲਟਾ ਮੇਰਾ ਹੱਕ ਮੇਰੇ ਕੋਲੋਂ ਖੋਹ ਰਹੇ ਹਨ। ਰਾਜਵਿੰਦਰ ਸਿੰਘ ਮਾਨ ਨੇ ਕਿਹਾ ਕਿ ਮੈਂ ਆਪਣੇ ਮਾਤਾ-ਪਿਤਾ ਨੂੰ ਕੋਲ ਰੱਖ ਕੇ ਤਨ ਮਨ ਸੇਵਾ ਕੀਤੀ, ਕੋਈ ਪੈਨਸ਼ਨ ਦਾ ਪੈਸਾ ਨਹੀਂ ਲਿਆ, ਕੋਈ ਖਰਚਾ ਨਹੀਂ ਲਿਆ। ਇੱਥੋਂ ਤੱਕ ਕਿ ਬਿਜਨੈੱਸ ਕਲਾਸ ਦੀਆਂ ਟਿਕਟਾਂ ਦੇ ਕੇ ਹਰ ਸਾਲ ਪੰਜਾਬ ਭੇਜਦਾ ਸੀ। ਇਸ ਗੱਲ ਦਾ ਸਾਰਾ ਸਬੂਤ ਸੀਨੀਅਰ ਸੈਂਟਰ ਡੈਲਟਾ ਸਰੀ ਤੋਂ ਲਿਆ ਜਾ ਸਕਦਾ ਹੈ। ਉਸ ਨੇ ਕਿਹਾ ਕਿ ਇੱਥੇ ਆ ਕੇ ਮੇਰੇ ਮਾਂ-ਬਾਪ ਸਾਰੇ ਸੀਨੀਅਰਜ਼ ਨੂੰ ਕਹਿੰਦੇ ਸਨ ਕਿ ਮੇਰੇ ਨੂੰਹ-ਪੁੱਤਰ ਵਰਗਾ ਕੋਈ ਨਹੀਂ ਹੋ ਸਕਦਾ ਪਰ ਮੈਨੂੰ ਸਮਝ ਨਹੀਂ ਆ ਰਹੀ ਕਿ ਫਿਰ ਉਨ੍ਹਾਂ ਨੇ ਮੇਰੇ ਨਾਲ ਅਜਿਹੀ ਧੋਖੇਬਾਜ਼ੀ ਕਿਉਂ ਕੀਤੀ?
ਉਸ ਨੇ ਦੱਸਿਆ ਕਿ ਮੇਰਾ ਭਰਾ ਵੀ ਪੰਜਾਬ ਵਿਚ ਆਪਣੇ ਸੱਜਣਾਂ ਮਿੱਤਰਾਂ ਕੋਲ ਮੇਰੀਆਂ ਤਾਰੀਫ਼ਾਂ ਕਰਦਾ ਸੀ ਕਿ ਉਸ ਦੇ ਭਰਾ ਵਰਗਾ ਕੋਈ ਭਰਾ ਨਹੀਂ ਹੋ ਸਕਦਾ ਪਰ ਆਪਣਾ ਹੀ ਖ਼ੂਨ ਇੰਝ ਪਾਣੀ ਬਣ ਜਾਵੇਗਾ, ਇਹ ਸੋਚਿਆ ਵੀ ਨਹੀਂ ਸੀ। ਉਸ ਨੇ ਕਿਹਾ ਕਿ ਉਸ ਨੂੰ ਇਸ ਦਾ ਬਹਤ ਦੁੱਖ ਹੋ ਰਿਹਾ ਹੈ। ਪੀੜਤ ਐੱਨਆਰਆਈ ਨੇ ਕਿਹਾ ਕਿ ਮੈਂ ਆਪਣੇ ਸਾਰੇ ਐੱਨਆਰਆਈਜ ਭੈਣ-ਭਰਾਵਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਹੈ ਕਿ ਪਾਵਰ ਆਫ ਅਟਾਰਨੀ ਦੇਣ ਤੋਂ ਪਹਿਲਾਂ ਸੌ ਵਾਰ ਸੋਚੋ। ਭਾਵੇਂ ਆਪਣੇ ਪਿਓ ਨੂੰ ਹੀ ਕਿਉਂ ਨਾ ਦੇਣੀ ਹੋਵੇ, ਕਿਸੇ 'ਤੇ ਯਕੀਨ ਕਰਨਾ ਭਾਰੀ ਪੈ ਸਕਦਾ ਹੈ। ਅੱਜਕੱਲ੍ਹ ਰਿਸ਼ਤਿਆਂ ਵਿਚੋਂ ਆਪਣਾਪਣ ਖ਼ਤਮ ਹੋ ਚੁੱਕਿਆ ਹੈ। ਉਸ ਨੇ ਕਿਹਾ ਕਿ ਪਾਵਰ ਅਟਾਰਨੀ ਦੇਣ ਸਬੰਧੀ ਪਹਿਲਾਂ ਆਪਣੇ ਵਕੀਲ ਨਾਲ ਜ਼ਰੂਰ ਸਲਾਹ ਕਰੋ, ਕਦੇ ਵੀ ਜਜ਼ਬਾਤੀ ਹੋ ਕੇ ਕੋਈ ਫ਼ੈਸਲਾ ਨਾ ਕਰੋ।