
ਵਾਸ਼ਿੰਗਟਨ : ਅਮਰੀਕਾ ‘ਚ ਹਾਕਮ ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰ ਡੈਨ ਜੌਨਸਨ ਨੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ‘ਚ ਘਿਰਨ ਤੋਂ ਬਾਅਦ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਉਨ੍ਹਾਂ ਨੇ ਆਤਮਹੱਤਿਆ ਕਰਨ ਤੋਂ ਪਹਿਲਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਜੌਨਸਨ ਨੇ ਕਿਹਾ ਸੀ ਕਿ ਇਹ ਦੋਸ਼ ਸਿਆਸਤ ਤੋਂ ਪ੍ਰੇਰਿਤ ਹਨ।
56 ਸਾਲਾ ਜੌਨਸਨ ਨੇ ਬੁੱਧਵਾਰ ਨੂੰ ਕੇਂਟਕੀ ‘ਚ ਮਾਊਂਟ ਵਾਸ਼ਿੰਗਟਨ ਦੇ ਇਕ ਪੁਲ ‘ਤੇ ਖ਼ੁਦ ਨੂੰ ਗੋਲੀ ਮਾਰੀ। ਪੁਲਿਸ ਨੇ ਬੰਦੂਕ ਬਰਾਮਦ ਕਰ ਲਈ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਕੇਂਟਕੀ ਦੇ ਇਕ ਸਥਾਨਕ ਅਖਬਾਰ ਨੇ ਇਹ ਸਾਹਮਣੇ ਲਿਆਂਦੀ ਸੀ ਕਿ ਜੌਨਸਨ ਨੇ ਸਾਲ 2012 ‘ਚ ਨਵੇਂ ਸਾਲ ਦੀ ਪਾਰਟੀ ‘ਚ 17 ਸਾਲ ਦੀ ਇਕ ਲੜਕੀ ਦਾ ਜਿਨਸੀ ਸ਼ੋਸ਼ਣ ਕੀਤਾ ਸੀ।
ਲੜਕੀ ਉਨ੍ਹਾਂ ਦੀ ਬੇਟੀ ਦੀ ਦੋਸਤ ਸੀ। ਜੌਨਸਨ ਨੇ ਇਹ ਸਵੀਕਾਰ ਵੀ ਕੀਤਾ ਸੀ ਕਿ ਉਨ੍ਹਾਂ ਨੇ ਜਨਵਰੀ 2013 ‘ਚ ਉਸ ਲੜਕੀ ਨੂੰ ਫੇਸਬੁੱਕ ‘ਤੇ ਸੰਦੇਸ਼ ਭੇਜਿਆ ਸੀ, ਪਰ ਉਨ੍ਹਾਂ ਨੂੰ ਇਹ ਯਾਦ ਨਹੀਂ ਕਿ ਉਸ ਰਾਤ ਕੀ ਹੋਇਆ ਸੀ। ਉਨ੍ਹਾਂ ਨੇ ਘਟਨਾ ਦੀ ਰਾਤ ਉਸ ਕਮਰੇ ‘ਚ ਜਾਣ ਤੋਂ ਇਨਕਾਰ ਕੀਤਾ ਸੀ ਜਿੱਥੇ ਲੜਕੀਆਂ ਸੌ ਰਹੀਆਂ ਸਨ। ਜੌਨਸਨ ਨੇ ਇਹ ਵੀ ਮੰਨਿਆ ਸੀ ਕਿ ਦੋਸ਼ ਲਗਾਉਣ ਵਾਲੀ ਲੜਕੀ ਉਨ੍ਹਾਂ ਦੇ ਚਰਚ ‘ਚ ਆਉਂਦੀ ਸੀ।