
ਨਿਊਯਾਰਕ : ਅਮਰੀਕਾ ਅਤੇ ਦੁਨੀਆ ਦੇ ਬਾਕੀ ਸਾਰੇ ਹਿੱਸਿਆਂ ‘ਚ ਵਸਦੇ ਪੰਜਾਬੀਆਂ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅਮਰੀਕਾ ‘ਚ ਪਹਿਲੀ ਵਾਰ ਕੋਈ ਪੰਜਾਬੀ ਔਰਤ ਮੇਅਰ ਦੀ ਕੁਰਸੀ ਤੱਕ ਪਹੁੰਚੀ ਹੈ। ਇਸ ਨਾਲ ਸਾਰੇ ਪੰਜਾਬੀਆਂ ਦਾ ਸਿਰ ਉੱਚਾ ਹੋਇਆ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਭਾਰਤੀ ਮੂਲ ਦੀ ਪੰਜਾਬੀ ਔਰਤ ਅਮਰੀਕਾ ਵਰਗੇ ਵੱਡੇ ਦੇਸ਼ 'ਚ ਮੇਅਰ ਬਣੀ ਹੋਵੇ।
ਪੰਜਾਬੀ ਮੂਲ ਦੀ ਪ੍ਰੀਤ ਡਿਡਬਾਲ ਨੂੰ ਬੀਤੇ ਦਿਨੀਂ ਕੈਲੀਫ਼ੋਰਨੀਆ ਦੇ ਯੂਬਾ ਸਿਟੀ ਦਾ ਮੇਅਰ ਚੁਣ ਲਿਆ ਗਿਆ ਹੈ। ਇਸ ਤਰ੍ਹਾਂ ਉਹ ਸੰਯੁਕਤ ਰਾਜ ਅਮਰੀਕਾ (ਯੂ.ਐਸ.ਏ.) ‘ਚ ਮੇਅਰ ਦੇ ਅਹੁਦੇ ਤੱਕ ਪਹੁੰਚਣ ਵਾਲੀ ਪਹਿਲੀ ਸਿੱਖ ਔਰਤ ਬਣ ਗਈ ਹੈ। ਡਿਡਬਾਲ ਨੂੰ ਕੈਲੀਫ਼ੋਰਨੀਆ ਸਿਟੀ ਕੌਂਸਲ ਵਲੋਂ ਨਿਯੁਕਤ ਕੀਤਾ ਗਿਆ ਸੀ ਅਤੇ ਉਹ 5 ਦਸੰਬਰ ਨੂੰ ਅਹੁਦੇ ਦੀ ਸਹੁੰ ਚੁੱਕਣਗੇ।
ਭਾਵੇਂ ਯੂ.ਐਸ.ਏ. ਦੇ ਕਈ ਸ਼ਹਿਰਾਂ ‘ਚ ਸਿੱਖ ਮੇਅਰ ਬਣੇ ਹਨ ਪਰ ਡਿਡਬਾਲ ਦੇਸ਼ ਦੀ ਪਹਿਲੀ ਸਿੱਖ ਔਰਤ ਹੈ ਜਿਸ ਨੂੰ ਮੇਅਰ ਚੁਣਿਆ ਗਿਆ ਹੈ। ਪਿੱਛੇ ਜਿਹੇ ਰਵੀ ਭੱਲਾ ਨੂੰ ਵੀ ਨਿਊ ਜਰਸੀ ਦੇ ਹੋਬੋਕੇਨ ਦਾ ਮੇਅਰ ਚੁਣਿਆ ਗਿਆ ਸੀ। ਜ਼ਿਕਰਯੋਗ ਹੈ ਕਿ 8 ਨਵੰਬਰ ਨੂੰ, ਭੱਲਾ ਨਿਊ ਜਰਸੀ ਦੇ ਹੋਬੋਕਨ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਬਣੇ ਸਨ। ਅਮਰੀਕਾ ‘ਚ ਇਹ ਪੰਜਾਬੀਆਂ ਦੇ ਵੱਧਦੇ ਕਦਮ ਹਨ।
ਪੰਜਾਬੀ ਹੋਲੀ ਹੋਲੀ ਅਮਰੀਕਾ ਦੇ ਰਾਜਨੀਤੀ ਖ਼ੇਤਰ ਵੱਲ ਆਪਣੀ ਪੁਲਾਂਘਾ ਪੁੱਟ ਰਹੇ ਹਨ। ਡਿਡਬਾਲ ਨੂੰ 2014 ‘ਚ ਯੂਬਾ ਸਿਟੀ ਕੌਂਸਲ ‘ਚ ਚੁਣਿਆ ਗਿਆ ਸੀ ਅਤੇ ਉਹ ਇਸ ਵੇਲੇ ਉਪ-ਮੇਅਰ ਹਨ। ਉਹ ਅਪਣੇ ਪ੍ਰਵਾਰ ‘ਚ ਪਹਿਲੀ ਵਿਅਕਤੀ ਹੈ ਜਿਸ ਨੇ ਕਾਲਜ ਤੋਂ ਗਰੈਜੁਏਸ਼ਨ ਕੀਤੀ ਹੈ।ਸਿੱਖ ਕੁਲੀਸ਼ਨ ਦੇ ਜੈਦੀਪ ਸਿੰਘ ਨੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ, ”ਇਸ ਦੇਸ਼ ‘ਚ ਅਪਣੇ ਧਰਮ ਵਿਚੋਂ ਕਿਸੇ ਦੇ ਸਰਕਾਰੀ ਅਹੁਦੇ ਉਤੇ ਚੁਣੇ ਜਾਣਾ ਬਹੁਤ ਉਤਸ਼ਾਹਜਨਕ ਅਤੇ ਖ਼ੁਸ਼ੀ ਵਾਲੀ ਗੱਲ ਹੈ।
ਪ੍ਰੀਤ ਡਿਡਬਾਲ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਜਦੋਂ ਰਵੀ ਭੱਲਾ ਨਿਊ ਜਰਸੀ ‘ਚ ਮੇਅਰ ਬਣੇ ਸਨ ਤਾਂ ਮੈਂ ਪਹਿਲੀ ਵਾਰ ਅਪਣੇ ਵਰਗੇ ਦਿਸਣ ਵਾਲੇ ਵਿਅਕਤੀ ਨੂੰ ਯੂ.ਐਸ.ਏ. ਦੇ ਜਨਤਕ ਦਫ਼ਤਰ ‘ਚ ਪਹੁੰਚਦਿਆਂ ਵੇਖਿਆ ਸੀ।” ਜ਼ਿਕਰਯੋਗ ਹੈ ਕਿ ਸਟਰ-ਯੂਬਾ ਖੇਤਰ ਯੂ.ਐਸ.ਏ. ‘ਚ ਸੱਭ ਤੋਂ ਵੱਧ ਸਿੱਖ ਵਸੋਂ ਵਾਲੇ ਇਲਾਕਿਆਂ ‘ਚੋਂ ਇਕ ਹੈ। ਸਿੱਖ ਕੋਲੀਸ਼ਨ ਦਾ ਅੰਦਾਜ਼ਾ ਹੈ ਕਿ ਇਸ ਸਮੇਂ ਪੂਰੇ ਯੂ.ਐਸ.ਏ. ‘ਚ ਸਿੱਖ ਧਰਮ ਨੂੰ ਮੰਨਣ ਵਾਲੇ ਲਗਭਗ 5 ਲੱਖ ਲੋਕ ਰਹਿ ਰਹੇ ਹਨ।