
ਵਾਸ਼ਿੰਗਟਨ, 20 ਜਨਵਰੀ : ਅਮਰੀਕਾ 'ਚ ਸੰਘੀ ਸਰਕਾਰ ਨੂੰ ਆਰਥਕ ਮਨਜੂਰੀ ਦੇਣ ਵਾਲੇ ਬਿਲ ਨੂੰ ਪਾਸ ਕਰਵਾਉਣ 'ਚ ਕਾਂਗਰਸ ਨਾਕਾਮ ਰਹੀ ਹੈ ਅਤੇ ਇਸ ਤੋਂ ਬਾਅਦ ਦੇਸ਼ 'ਚ ਇਕ ਵਾਰ ਫਿਰ ਸ਼ਟਡਾਊਨ ਸ਼ੁਰੂ ਹੋ ਗਿਆ ਹੈ। ਸ਼ਟਡਾਊਨ ਕਾਰਨ ਕਈ ਸਰਕਾਰੀ ਦਫ਼ਤਰਾਂ ਨੂੰ ਬੰਦ ਕਰਨਾ ਪਿਆ।ਜਾਣਕਾਰੀ ਮੁਤਾਬਕ ਬਿਲ ਨੂੰ ਪਾਸ ਕਰਨ ਲਈ 60 ਵੋਟਾਂ ਦੀ ਜ਼ਰੂਰਤ ਸੀ ਅਤੇ ਉਸ ਗਿਣਤੀ ਦੇ ਮੁਕਾਬਲੇ 48 ਸੰਸਦੀ ਮੈਂਬਰਾਂ ਨੇ ਬਿਲ ਵਿਰੁਧ ਵੋਟਿੰਗ ਕੀਤੀ ਅਤੇ ਉਥੇ ਹੀ ਸਿਰਫ਼ 5 ਡੈਮੋਕ੍ਰੇਟਾਂ ਨੇ ਬਿਲ ਦੇ ਪੱਖ ਵਿਚ ਵੋਟ ਕੀਤੀ। ਇਸ ਦੀ ਵਜ੍ਹਾ ਇਹ ਸੀ ਕਿ ਰੀਪਬਲਿਕਨ ਅਤੇ ਡੈਮੋਕ੍ਰੇਟ ਵਿਚਕਾਰ ਇਸ ਬਿਲ ਦੇ ਮੁੱਦੇ 'ਤੇ ਆਮ ਰਾਏ ਕਾਇਮ ਨਹੀਂ ਹੋ ਸਕੀ, ਜਿਸ ਤੋਂ ਬਾਅਦ ਸਨਿਚਰਵਾਰ ਸਵੇਰੇ ਕਈ ਸਰਕਾਰੀ ਦਫ਼ਤਰ ਅਧਿਕਾਰਤ ਤੌਰ 'ਤੇ ਬੰਦ ਰਹੇ।ਦਰਅਸਲ ਇਮੀਗ੍ਰੇਸ਼ਨ ਦਾ ਮੁੱਦਾ ਅਮਰੀਕਾ ਵਿਚ ਕਾਫੀ ਸਮੇਂ ਤੋਂ ਛਾਇਆ ਹੋਇਆ ਹੈ। ਵਿਰੋਧੀ ਡੈਮੋਕ੍ਰੇਟਿਕ ਪਾਰਟੀ ਚਾਹੁੰਦੀ ਹੈ ਕਿ ਉਨ੍ਹਾਂ 7 ਲੱਖ ਲੋਕਾਂ ਨੂੰ ਦੇਸ਼ ਨਿਕਾਲੇ ਤੋਂ ਬਚਾਇਆ ਜਾਵੇ, ਜੋ ਮੈਕਸੀਕੋ ਅਤੇ ਮੱਧ ਏਸ਼ੀਆ ਤੋਂ ਅਮਰੀਕਾ 'ਚ ਆਏ ਸਨ,
ਇਨ੍ਹਾਂ ਸਾਰਿਆਂ ਨੂੰ ਉਬਾਮਾ ਦੇ ਕਾਰਜਕਾਲ ਵਿਚ ਅਸਥਾਈ ਕਾਨੂੰਨੀ ਦਰਜਾ ਮਿਲਿਆ ਸੀ ਪਰ ਰੀਪਬਲਿਕਨ ਪਾਰਟੀ ਅਤੇ ਟਰੰਪ ਇਸ ਤੋਂ ਅਸਹਿਮਤ ਹਨ। ਬਿਲ ਪਾਸ ਹੋਣ ਦੌਰਾਨ ਆਈਆਂ ਮੁਸ਼ਕਲਾਂ ਨੂੰ ਲੈ ਕੇ ਟਰੰਪ ਨੇ ਟਵੀਟ ਕਰ ਕੇ ਕਿਹਾ, ''ਸੈਨੇਟ ਤੋਂ ਪਾਸ ਕਰਾਉਣ ਲਈ ਡੈਮੋਕ੍ਰੇਟ ਦੀ ਜ਼ਰੂਰਤ ਹੈ, ਪਰ ਉਹ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਅਤੇ ਕਮਜ਼ੋਰ ਸਰਹੱਦਾਂ ਚਾਹੁੰਦੇ ਹਨ।''ਅਮਰੀਕਾ 'ਚ ਸ਼ਟਡਾਊਨ ਦੌਰਾਨ ਨੌਕਰੀਆਂ ਦੀ ਬਹੁਤ ਬੁਰੀ ਸਥਿਤੀ ਹੁੰਦੀ ਹੈ। ਸ਼ਟਡਾਊਨ ਦੀ ਘੋਸ਼ਣਾ ਤੋਂ ਬਾਅਦ ਸਿਕਿਉਰਿਟੀ ਸੈਕਟਰ ਨੂੰ ਛੱਡ ਕੇ ਬਾਕੀ ਥਾਂਵਾਂ ਦੇ ਗ਼ੈਰ-ਜ਼ਰੂਰੀ ਸੰਘੀ ਕਰਮਚਾਰੀਆਂ ਨੂੰ ਛੁੱਟੀ 'ਤੇ ਭੇਜ ਦਿਤਾ ਜਾਂਦਾ, ਉਹ ਵੀ ਬਿਨਾਂ ਤਨਖਾਹ ਦੇ। ਜਿਸ ਨਾਲ ਕਰਮਚਾਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। 1990 ਤੋਂ ਬਾਅਦ ਹੁਣ ਤਕ ਪੰਜ ਵਾਰ ਅਮਰੀਕਾ ਵਿਚ ਸ਼ਟਡਾਊਨ ਦੀ ਨੌਬਤ ਆ ਚੁਕੀ ਹੈ। (ਪੀਟੀਆਈ)