
ਵਾਸ਼ਿੰਗਟਨ, 10 ਸਤੰਬਰ :
ਕੈਰੇਬੀਆਈ ਟਾਪੂਆਂ 'ਤੇ ਭਾਰੀ ਤਬਾਹੀ ਮਚਾਉਣ ਤੋਂ ਬਾਅਦ ਸ਼ਕਤੀਸ਼ਾਲੀ ਤੂਫ਼ਾਨ 'ਇਰਮਾ' 209
ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਫ਼ਲੋਰਿਡਾ ਸੂਬੇ ਵਲ ਵੱਧ ਰਿਹਾ ਹੈ। ਇਰਮਾ ਤੂਫ਼ਾਨ
ਨਾਲ ਜੂਝਣ ਲਈ ਹਜ਼ਾਰਾਂ ਭਾਰਤੀ-ਅਮਰੀਕੀਆਂ ਸਮੇਤ ਲੱਖਾਂ ਲੋਕ ਤਿਆਰ ਹੋ ਰਹੇ ਹਨ।
ਸਾਲ
2010 ਦੀ ਜਨਗਣਨਾ ਮੁਤਾਬਕ ਫ਼ਲੋਰਿਡਾ 'ਚ ਭਾਰਤੀ ਮੂਲ ਦੇ ਅਮਰੀਕੀ ਲੋਕਾਂ ਦੀ ਆਬਾਦੀ
ਤਕਰੀਬਨ 1,20,000 ਹੈ, ਜਿਨ੍ਹਾਂ 'ਚੋਂ ਹਜ਼ਾਰਾਂ ਮਿਆਮੀ, ਫੋਰਟ ਡੀਲ ਅਤੇ ਟਪਾ 'ਚ
ਰਹਿੰਦੇ ਹਨ, ਜੋ ਤੂਫ਼ਾਨ ਦੇ ਲਿਹਾਜ ਨਾਲ ਖ਼ਤਰਨਾਕ ਹੈ। ਇਸ ਦੌਰਾਨ ਕੈਰੀਬੀਆਈ ਟਾਪੂ ਸੈਂਟ
ਮਰਟਿਨ ਤੋਂ ਤਕਰੀਬਨ 60 ਭਾਰਤੀ ਨਾਗਰਿਕਾਂ ਨੂੰ ਕਢਿਆ ਜਾ ਰਿਹਾ ਹੈ। ਫ਼ਲੋਰਿਡਾ ਦੇ 63
ਲੱਖ ਲੋਕਾਂ ਨੂੰ ਅਪਣੇ ਘਰਾਂ ਨੂੰ ਖ਼ਾਲੀ ਕਰਨ ਦਾ ਆਦੇਸ਼ ਦਿਤੇ ਗਏ ਗਿਆ ਹੈ, ਜਿਸ ਤੋਂ
ਬਾਅਦ ਹਜ਼ਾਰਾਂ ਲੋਕ ਕੈਂਪਾਂ 'ਚ ਰਹਿ ਰਹੇ ਹਨ। 'ਇਰਮਾ' ਕਾਰਨ 25 ਲੋਕਾਂ ਦੀ ਮੌਤ ਹੋ
ਚੁਕੀ ਹੈ, ਜਿਨ੍ਹਾਂ 'ਚ ਜ਼ਿਆਦਾਤਰ ਕੈਰੇਬੀਆਈ ਟਾਪੂਆਂ 'ਤੇ ਹੋਈ।
'ਇਰਮਾ' ਨੇ ਇਸ
ਟਾਪੂ 'ਤੇ ਤਬਾਹੀ ਮਚਾਈ ਹੋਈ ਹੈ। ਜ਼ਿਆਦਾਤਰ ਭਾਰਤੀ ਨਾਗਰਿਕਾਂ ਕੋਲ ਅਮਰੀਕਾ ਦਾ ਥੋੜੇ
ਸਮੇਂ ਦਾ ਟਰਾਂਜ਼ਿਟ ਵੀਜ਼ਾ ਹੈ। ਜਿਨ੍ਹਾਂ ਕੋਲ ਇਹ ਵੀਜ਼ਾ ਨਹੀਂ ਹੈ, ਉਨ੍ਹਾਂ ਲਈ ਇਥੇ
ਭਾਰਤੀ ਦੂਤਘਰ ਵਿਦੇਸ਼ ਮੰਤਰਾਲਾ ਅਤੇ ਹੋਮਲੈਂਡ ਸੁਰੱਖਿਆ ਨਾਲ ਮਿਲ ਕੇ ਉਨ੍ਹਾਂ ਨੂੰ ਵੀਜ਼ਾ
ਉਪਲੱਬਧ ਕਰਵਾ ਰਹੇ ਹਨ ਤਾਂ ਕਿ ਉਨ੍ਹਾਂ ਨੂੰ ਜਹਾਜ਼ਾਂ ਰਾਹੀਂ ਅਮਰੀਕਾ ਤੋਂ ਭੇਜਿਆ ਜਾ
ਸਕੇ ਅਤੇ ਉਹ ਭਾਰਤ ਵਾਪਸ ਜਾ ਸਕਣ। ਬਹੁਤ ਸਾਰੇ ਭਾਰਤੀ ਸੰਗਠਨ ਮਿਲ ਕੇ ਜ਼ਰੂਰਤ ਮੰਦਾਂ ਲਈ
ਖਾਣ-ਪੀਣ ਅਤੇ ਹੋਰ ਪ੍ਰਬੰਧ ਕਰਨ 'ਚ ਜੁਟੇ ਹਨ।
ਕੈਰੇਬੀਆਈ ਟਾਪੂਆਂ 'ਤੇ ਕਹਿਰ
ਮਚਾਉਣ ਤੋਂ ਬਾਅਦ 'ਇਰਮਾ' ਦਰਜਾ-5 ਦੇ ਤੂਫ਼ਾਨ ਤੋਂ ਕਮਜੋਰ ਹੋ ਕੇ ਦਰਜਾ-3 'ਚ ਤਬਦੀਲ ਹੋ
ਗਿਆ। ਤੂਫ਼ਾਨ ਕਾਰਨ ਸੇਂਟ ਬਾਰਟਸ, ਸੇਂਟ ਮਾਰਟਿਨ, ਐਂਗੁਇਲਾ ਅਤੇ ਵਰਜਿਨ ਟਾਪੂ ਬਾਕੀ
ਹਿੱਸਿਆਂ ਤੋਂ ਵੱਖ ਹੋ ਗਏ ਹਨ। ਫਰੈਂਚ ਅਤੇ ਡਚ ਪ੍ਰਸ਼ਾਸਨ ਨੂੰ ਬੀਤੇ ਦਿਨੀਂ ਲੁੱਟ-ਖੋਹ
ਅਤੇ ਹਿੰਸਾਂ ਦੀਆਂ ਖ਼ਬਰਾਂ ਮਿਲੀਆਂ। ਪ੍ਰਸ਼ਾਸਨ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਬਹਾਲ ਕਰਨ
ਲਈ ਵਾਧੂ ਸੁਰੱਖਿਆ ਫ਼ੌਜ ਨੂੰ ਭੇਜ ਰਿਹਾ ਹੈ।
ਜ਼ਿਕਰਯੋਗ ਹੈ ਕਿ ਦਰਜਾ-5 ਦੇ
ਤੂਫ਼ਾਨ ਨੇ ਬੀਤੇ ਬੁਧਵਾਰ ਦਸਤਕ ਦਿਤੀ ਸੀ, ਜਿਸ ਕਾਰਨ ਛੋਟੇ ਹਵਾਈ ਅੱਡਿਆਂ ਨੂੰ ਨੁਕਸਾਨ
ਪੁੱਜਾ। ਸੈਲਫੋਨ ਟਾਵਰ ਅਤੇ ਕਿਸ਼ਤੀਆਂ ਟੁੱਟ ਗਈਆਂ। ਫਰੈਂਚ ਕੈਰੇਬੀਆਈ ਖੇਤਰ ਸੇਂਟ
ਮਾਰਟਿਨ 'ਤੇ ਲੁੱਟ-ਖੋਹ, ਗੋਲੀਆਂ ਚੱਲਣ ਅਤੇ ਸਾਫ਼ ਪਾਣੀ ਦੀ ਕਮੀ ਦੀਆਂ ਰੀਪੋਰਟਾਂ
ਮਿਲੀਆਂ ਹਨ। (ਪੀਟੀਆਈ)