
ਵਾਸ਼ਿੰਗਟਨ, 2 ਜਨਵਰੀ : ਅਮਰੀਕਾ ਨੇ ਪਾਕਿਸਤਾਨ ਨੂੰ ਦਿਤੀ ਜਾਣ ਵਾਲੀ 25 ਕਰੋਡ਼ 50 ਲੱਖ ਡਾਲਰ ਦੀ ਫ਼ੌਜੀ ਸਹਾਇਤਾ ਰਾਸ਼ੀ ਫ਼ਿਲਹਾਲ ਰੋਕ ਦਿਤੀ ਹੈ। ਵਾਈਟ ਹਾਊਸ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅਜਿਹੀ ਸਹਾਇਤਾ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਪਾਕਿਸਤਾਨ ਅਪਣੀ ਜ਼ਮੀਨ 'ਤੇ ਅਤਿਵਾਦ ਦਾ ਕਿਸ ਤਰ੍ਹਾਂ ਜਵਾਬ ਦਿੰਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ 'ਤੇ ਅਮਰੀਕਾ ਨੂੰ 'ਝੂਠ ਅਤੇ ਧੋਖੇ' ਤੋਂ ਇਲਾਵਾ ਕੁੱਝ ਨਾ ਦੇਣ ਅਤੇ ਪਿਛਲੇ 15 ਸਾਲਾਂ ਵਿਚ 33 ਅਰਬ ਡਾਲਰ ਦੀ ਸਹਾਇਤਾ ਦੇਣ ਦੇ ਬਦਲੇ ਵਿਚ ਅਤਿਵਾਦੀਆਂ ਨੂੰ 'ਪਨਾਹਗਾਹ' ਦੇਣ ਦਾ ਦੋਸ਼ ਲਾਇਆ।
ਇਸ ਤੋਂ ਬਾਅਦ ਹੀ ਅਮਰੀਕਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ।ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਦਸਿਆ, 'ਅਮਰੀਕਾ ਦੀ ਇਸ ਸਮੇਂ ਪਾਕਿਸਤਾਨ ਲਈ ਵਿੱਤੀ ਸਾਲ 2016 ਵਿਚ 25 ਕਰੋਡ਼ 50 ਲੱਖ ਡਾਲਰ ਦੀ ਰਾਸ਼ੀ ਖ਼ਰਚ ਕਰਨ ਦੀ ਯੋਜਨਾ ਨਹੀਂ ਹੈ।'' ਉਨ੍ਹਾਂ ਕਿਹਾ, ''ਰਾਸ਼ਟਰਪਤੀ ਨੇ ਇਹ ਸਪੱਸ਼ਟ ਕਰ ਦਿਤਾ ਕਿ ਅਮਰੀਕਾ ਇਹ ਉਮੀਦ ਕਰਦਾ ਹੈ ਕਿ ਪਾਕਿਸਤਾਨ ਅਪਣੀ ਜ਼ਮੀਨ 'ਤੇ ਅਤਿਵਾਦੀਆਂ ਅਤੇ ਕੱਟਡ਼ਵਾਦੀਆਂ ਵਿਰੁਧ ਸਖ਼ਤ ਕਦਮ ਚੁਕੇ।'' ਅਧਿਕਾਰੀ ਨੇ ਕਿਹਾ ਕਿ ਅਮਰੀਕਾ ਪ੍ਰਸ਼ਾਸਨ ਪਾਕਿਸਤਾਨ ਦੇ ਸਹਿਯੋਗ ਦੇ ਪੱਧਰ ਦੀ ਸਮੀਖਿਆ ਕਰਦਾ ਰਹੇਗਾ।
ਟਰੰਪ ਦੇ ਬਿਆਨ ਦੇ ਕੁੱਝ ਘੰਟਿਆਂ ਬਾਅਦ ਪਾਕਿਸਤਾਨ ਦੇ ਰਖਿਆ ਮੰਤਰਾਲੇ ਨੇ ਪਲਟਵਾਰ ਕਰਦੇ ਹੋਏ ਦੋਸ਼ ਲਗਾਇਆ ਕਿ ਉਸ ਨੂੰ ਅਤਿਵਾਦ ਵਿਰੁਧ ਅਮਰੀਕਾ ਦੇ ਯੁੱਧ ਦੇ ਸਮਰਥਨ ਵਿਚ ਉਸ ਦੇ ਸਾਰੇ ਕਦਮਾਂ ਦੇ ਬਦਲੇ 'ਅਪਸ਼ਬਦ ਅਤੇ ਅਵਿਸ਼ਵਾਸ' ਤੋਂ ਇਲਾਵਾ ਕੁੱਝ ਨਹੀਂ ਮਿਲਿਆ। ਪਾਕਿਸਤਾਨ ਦੇ ਰਖਿਆ ਮੰਤਰਾਲੇ ਨੇ ਟਵੀਟ ਕਰ ਕੇ ਕਿਹਾ, ''ਪਾਕਿਸਤਾਨ ਨੇ ਅਤਿਵਾਦ ਵਿਰੋਧੀ ਸਹਿਯੋਗੀ ਦੇ ਤੌਰ 'ਤੇ ਅਮਰੀਕਾ ਨੂੰ ਜ਼ਮੀਨ ਅਤੇ ਹਵਾ ਸੰਪਰਕ, ਫ਼ੌਜੀ ਅੱਡੇ ਅਤੇ ਖ਼ੁਫ਼ੀਆ ਸੂਚਨਾ ਤਕ ਸਹਿਯੋਗ ਦਿਤਾ ਜਿਸ ਨਾਲ ਪਿਛਲੇ 16 ਸਾਲਾਂ ਵਿਚ ਅਲ-ਕਾਇਦਾ ਨੂੰ ਖ਼ਤਮ ਕਰਨ ਵਿਚ ਉਨ੍ਹਾਂ ਨੂੰ ਮਦਦ ਮਿਲੀ ਪਰ ਉਨ੍ਹਾਂ ਨੇ ਅਪਸ਼ਬਦਾਂ ਅਤੇ ਅਵਿਸ਼ਵਾਸ ਤੋਂ ਇਲਾਵਾ ਸਾਨੂੰ ਕੁੱਝ ਨਹੀਂ ਦਿਤਾ। ਉਨ੍ਹਾਂ ਨੇ ਸਰਹੱਦ ਪਾਰ ਅਤਿਵਾਦੀਆਂ ਦੀਆਂ ਪਨਾਹਗਾਹਾਂ ਦੀ ਅਣਦੇਖੀ ਕੀਤੀ ਜਿਨ੍ਹਾਂ ਨੇ ਪਾਕਿਸਤਾਨੀਆਂ ਦੀ ਹਤਿਆ ਕੀਤੀ।''