
ਅਮਰੀਕਾ ਵਿੱਚ ਐੱਚ-1ਬੀ ਵੀਜ਼ਾ ਤਹਿਤ ਕੰਮ ਕਰਨ ਵਾਲੇ ਸਾਢੇ ਸੱਤ ਲੱਖ ਭਾਰਤੀਆਂ ਨੂੰ ਨੌਕਰੀ ਖੁਸ਼ਣ ਦਾ ਖਤਰਾ ਟੱਲ ਗਿਆ ਹੈ। ਅਮਰੀਕਾ ਨੇ ਐੱਚ-1ਬੀ ਵੀਜ਼ਾ ਮਾਮਲੇ ਵਿਚ ਭਾਰਤੀ ਪੇਸ਼ੇਵਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਅਮਰੀਕੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਟਰੰਪ ਪ੍ਰਸ਼ਾਸਨ ਐੱਚ-1ਬੀ ਵੀਜ਼ਾ ਮਿਆਦ ਵਧਾਉਣ ‘ਤੇ ਰੋਕ ਲਗਾਉਣ ਦੇ ਪ੍ਰਸਤਾਵ ‘ਤੇ ਵਿਚਾਰ ਨਹੀਂ ਕਰ ਰਿਹਾ। ਇਸ ਨਾਲ ਅਮਰੀਕਾ ਵਿਚ ਕੰਮ ਕਰ ਰਹੇ ਲੱਖਾਂ ਭਾਰਤੀ ਪੇਸ਼ੇਵਰਾਂ ਨੇ ਰਾਹਤ ਦਾ ਸਾਹ ਲਿਆ ਹੈ।
ਇਸ ਪ੍ਰਸਤਾਵ ਦੇ ਮਨਜ਼ੂਰ ਹੋਣ ‘ਤੇ ਲਗਪਗ ਸਾਢੇ ਸੱਤ ਲੱਖ ਭਾਰਤੀਆਂ ਦੀ ਨੌਕਰੀ ਖ਼ਤਰੇ ਵਿਚ ਪੈ ਸਕਦੀ ਸੀ। ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ (ਯੂਐੱਸਸੀਆਈਐੱਸ) ਏਜੰਸੀ ਨੇ ਕਿਹਾ ਹੈ ਕਿ ਅਜਿਹੇ ਕਿਸੇ ਬਦਲਾਅ ‘ਤੇ ਵਿਚਾਰ ਨਹੀਂ ਕੀਤਾ ਜਾ ਰਿਹਾ ਜਿਸ ਨਾਲ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਅਮਰੀਕਾ ਛੱਡਣ ‘ਤੇ ਮਜਬੂਰ ਹੋਣਾ ਪਵੇ।
ਹਾਲ ਹੀ ਵਿਚ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਟਰੰਪ ਪ੍ਰਸ਼ਾਸਨ ਐੱਚ-1ਬੀ ਵੀਜ਼ੇ ਦੇ ਨਿਯਮਾਂ ਨੂੰ ਸਖ਼ਤ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਇਨ੍ਹਾਂ ਵਿਚ ਐੱਚ-1ਬੀ ਵੀਜ਼ਾ ਮਿਆਦ ਨੂੰ ਵਧਾਉਣ ‘ਤੇ ਰੋਕ ਦਾ ਪ੍ਰਸਤਾਵ ਵੀ ਸੀ। ਯੂਐੱਸਸੀਆਈਐੱਸ ਨੇ ਮੀਡੀਆ ਮਾਮਲਿਆਂ ਦੇ ਮੁਖੀ ਜੋਨਾਥਨ ਵਿਥਿੰਗਟਨ ਨੇ ਕਿਹਾ ਕਿ ਇਹ ਏਜੰਸੀ ਨਿਯਮ ਏਸੀ2 1 ਦੀ ਧਾਰਾ 104 ਸੀ ਵਿਚ ਬਦਲਾਅ ਕਰਨ ਨਹੀਂ ਜਾ ਰਹੀ ਹੈ।
ਇਸ ਧਾਰਾ ਤਹਿਤ ਵੀਜ਼ਾ ਮਿਆਦ ਨੂੰ ਛੇ ਸਾਲ ਦੀ ਮਿਆਦ ਤੋਂ ਜ਼ਿਆਦਾ ਦਾ ਵਿਸਥਾਰ ਦਿੱਤਾ ਜਾ ਸਕਦਾ ਹੈ। ਜੇਕਰ ਅਜਿਹਾ ਕੁਝ ਹੁੰਦਾ ਹੈ ਤਾਂ ਵੀ ਇਸ ਤਰ੍ਹਾਂ ਦੇ ਬਦਲਾਅ ਨਾਲ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਅਮਰੀਕਾ ਨਹੀਂ ਛੱਡਣਾ ਪੈਂਦਾ ਕਿਉਂਕਿ ਏਸੀ2 ਨੂੰ ਦੀ ਧਾਰਾ 106 (ਏ)-(ਬੀ) ਤਹਿਤ ਮਾਲਕ ਆਪਣੇ ਪੇਸ਼ੇਵਰਾਂ ਦੀ ਵੀਜ਼ਾ ਮਿਆਦ ਇਕ ਸਾਲ ਤਕ ਵਧਾਉਣ ਦੀ ਬੇਨਤੀ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਹ ਏਜੰਸੀ ਰਾਸ਼ਟਰਪਤੀ ਦੇ ਸ਼ਾਸਨ ਆਦੇਸ਼ ‘ਬਾਏ ਅਮਰੀਕਨ, ਹਾਇਰ ਅਮਰੀਕਨ’ ਨੂੰ ਅਮਲ ਵਿਚ ਲਿਆਉਣ ਲਈ ਰੁਜ਼ਗਾਰ ਆਧਾਰਤ ਵੀਜ਼ਾ ਪ੍ਰੋਗਰਾਮ ਸਮੇਤ ਕਈ ਨੀਤੀਆਂ ‘ਤੇ ਵਿਚਾਰ ਕਰ ਰਹੀ ਹੈ।